ਚੰਡੀਗੜ੍ਹ (ਅਸ਼ਵਨੀ) : ਕੋਵਿਡ ਸਬੰਧੀ ਰਾਜ ਸਰਕਾਰ ਦੇ ਮਾਹਿਰਾਂ ਦੀ ਟੀਮ ਦੇ ਪ੍ਰਮੁੱਖ ਡਾ. ਕੇ. ਕੇ. ਤਲਵਾਰ ਨੇ ਕਿਹਾ ਕਿ ਕੋਵਿਡ ਮਾਮਲਿਆਂ ’ਚ ਵਾਧੇ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਸਕੂਲ ਅਤੇ ਕਾਲਜ ਖੋਲ੍ਹਣ ਦਾ ਨਤੀਜਾ ਹੈ ਅਤੇ ਬਿਨਾਂ ਲੱਛਣਾਂ ਵਾਲੇ ਨੌਜਵਾਨਾਂ ਵੱਲੋਂ ਵਾਇਰਸ ਦਾ ਫੈਲਾਅ ਹੋਇਆ ਲੱਗਦਾ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਤੋਂ ਇਹ ਪਤਾ ਲੱਗ ਸਕੇ ਕਿ ਵਾਇਰਸ ਦੇ ਨਵੇਂ ਰੂਪ ਦੇ ਆਉਣ ਕਾਰਣ ਇਹ ਵਾਧਾ ਹੋਇਆ ਜਦੋਂਕਿ ਪੰਜਾਬ ’ਚ ਵਾਇਰਸ ਦੇ ਨਵੇਂ ਰੂਪ ਦੇ ਹਾਲੇ ਤੱਕ ਸਿਰਫ਼ 2 ਕੇਸ ਸਾਹਮਣੇ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਰਾਜ ਵਿਚ ਕੋਵਿਡ ਮਾਮਲਿਆਂ ਵਿਚੋਂ 40 ਫ਼ੀਸਦੀ ਕੇਸ 30 ਸਾਲ ਤੋਂ ਘੱਟ ਉਮਰ ਵਾਲੀ ਆਬਾਦੀ ਦੇ ਹਨ। ਇਸ ਤੋਂ ਪਹਿਲਾਂ ਖੁਦ ਮੁੱਖ ਮੰਤਰੀ ਵੀ ਘੱਟ ਉਮਰ ਵਾਲਿਆਂ ਵਿਚ ਕੋਰੋਨਾ ਵਾਇਰਸ ਫੈਲਣ ’ਤੇ ਚਿੰਤਾ ਪ੍ਰਗਟ ਕਰ ਚੁੱਕੇ ਹਨ। ਸਰਕਾਰ ਦੀਆਂ 4 ਸਾਲ ਵਿਚ ਪ੍ਰਾਪਤ ਉਪਲੱਬਧੀਆਂ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਸੀ ਕਿ ਰਾਜ ਵਿਚ ਘੱਟ ਉਮਰ ਵਾਲਿਆਂ ਵਿਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਅਜਿਹੇ ਵਿਚ ਹੁਣ ਡਾਕਟਰਾਂ ਦੇ ਚੁੱਕੇ ਸਵਾਲ ਨਾਲ ਨਵੀਂ ਬਹਿਸ ਦਾ ਆਗਾਜ਼ ਹੋ ਸਕਦਾ ਹੈ ਕਿ ਆਖਿਰ ਸਿੱਖਿਆ ਮਹਿਕਮੇ ਨੇ ਸਕੂਲ, ਕਾਲਜ ਖੋਲ੍ਹਣ ਵਿਚ ਜ਼ਲਦਬਾਜ਼ੀ ਕਿਉਂ ਵਿਖਾਈ।
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਸੰਭਾਲੇਗੀ ਮੋਰਚਾ
ਪੰਜਾਬ ’ਚ ਮੌਤਾਂ ਦੀ ਗਿਣਤੀ ਵਧਣ ’ਤੇ ਮੁੱਖ ਮੰਤਰੀ ਨੇ ਜਤਾਈ ਚਿੰਤਾ
ਪੰਜਾਬ ਦੇ ਮੁੱਖ ਮੰਤਰੀ ਨੇ ਪਿਛਲੇ ਦਿਨਾਂ ’ਚ ਕੋਰੋਨਾ ਵਾਇਰਸ ਨਾਲ ਹੋ ਰਹੀਆਂ ਮੌਤਾਂ ਦੀ ਵਧਦੀ ਗਿਣਤੀ ’ਤੇ ਚਿੰਤਾ ਜਤਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਪੰਜਾਬ ਵਿਚ ਕੋਵਿਡ ਕੇਸ ਮੁਕਾਬਲਤਨ ਘੱਟ ਰਹੇ ਅਤੇ ਰਾਜ ਕੋਵਿਡ ਮਾਮਲਿਆਂ ਦੇ ਮਾਮਲੇ ਵਿਚ ਦੇਸ਼ ਦੇ ਸਾਰੇ ਰਾਜਾਂ ਵਿਚੋਂ ਲਗਾਤਾਰ 18ਵੇਂ ਸਥਾਨ ’ਤੇ ਰਿਹਾ। ਉਨ੍ਹਾਂ ਕਿਹਾ ਕਿ ਹਾਲਾਂਕਿ ਮੌਤ ਦਰ ਜ਼ਰੂਰ ਚਿੰਤਾ ਦਾ ਵਿਸ਼ਾ ਰਹੀ ਪਰ ਪੰਜਾਬ ਵਿਚ ਪ੍ਰਤੀ ਮਿਲੀਅਨ ਜਨਸੰਖਿਆ ਦੇ ਪਿੱਛੇ 206 ਮੌਤਾਂ ਹੋਈਆਂ ਜਦੋਂਕਿ ਪੰਜਾਬ ਦੀ ਤੁਲਣਾ ਵਿਚ ਦਿੱਲੀ ਵਿਚ 542 ਅਤੇ ਮਹਾਰਾਸ਼ਟਰ ਵਿਚ 431 ਹੋਈ। ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਪਿਛਲੇ ਸਾਲ ਦੇ ਅੰਤ ਤੱਕ ਸਮੱਸਿਆ ਨੂੰ ਕਾਬੂ ਅਧੀਨ ਲਿਆਉਣ ਤੋਂ ਬਾਅਦ ਰਾਜ ਵਿਚ ਪਿਛਲੇ ਇਕ ਮਹੀਨੇ ਤੋਂ ਮਾਮਲਿਆਂ ਵਿਚ ਫਿਰ ਤੋਂ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ 2000 ਕੇਸ ਪ੍ਰਤੀ ਦਿਨ ਤੱਕ ਆਉਣ ਲੱਗੇ ਹਨ ਅਤੇ ਮੌਤਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। 1918 ਵਿਚ ਸਪੈਨਿਸ਼ ਫਲੂ ਵੱਲ ਇਸ਼ਾਰਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਦੂਜੇ ਵਾਧੇ ਲਈ ਤਿਆਰ ਰਹਿਣਾ ਪਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਰਕਾਰ ਨੂੰ ਲੰਬੀ ਲੜਾਈ ਲਈ ਤਿਆਰ ਰਹਿਣਾ ਪਵੇਗਾ। ਮੁੱਖ ਮੰਤਰੀ ਨੇ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੀ ਸਰਕਾਰ ਦੂਜੀ ਲਹਿਰ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ/ਸਟਾਫ ਦਾ ਇਸ ਚੁਣੌਤੀ ਭਰਪੂਰ ਸਮੇਂ ਵਿਚ ਸਖਤ ਮਿਹਨਤ ਕਰਨ ਲਈ ਧੰਨਵਾਦ ਕੀਤਾ ਅਤੇ ਇਹ ਵਿਸ਼ਵਾਸ ਜ਼ਾਹਿਰ ਕੀਤਾ ਕਿ ਇਨ੍ਹਾਂ ਸਾਂਝੇ ਯਤਨਾਂ ਨਾਲ ਪੰਜਾਬ ਮਹਾਮਾਰੀ ’ਤੇ ਕਾਬੂ ਪਾਉਣ ਵਿਚ ਸਫਲਤਾ ਹਾਸਿਲ ਕਰੇਗਾ। ਉਨ੍ਹਾਂ ਨੇ ਅਪੀਲ ਕੀਤੀ, ‘‘ਕਿਰਪਾ ਕਰ ਕੇ ਸੁਰੱਖਿਅਤ ਰਹੋ, ਟੀਕਾ ਲਗਵਾਓ ਅਤੇ ਆਪਣੀ ਦੇਖਭਾਲ ਕਰੋ ਕਿਉਂਕਿ ਤੁਹਾਡੇ ਮੋਢਿਆਂ ’ਤੇ ਦੂਸਰਿਆਂ ਨੂੰ ਸੁਰੱਖਿਅਤ ਰੱਖਣ ਦੀ ਜਿੰਮੇਵਾਰੀ ਹੈ।’’
ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਨੂੰ ਉੱਪ ਮੁੱਖ ਮੰਤਰੀ ਦਾ ਅਹੁਦਾ ਦੇਣ ’ਤੇ ਕੈਪਟਨ ਦਾ ਵੱਡਾ ਬਿਆਨ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਮਾਨਸਿਕ ਤੌਰ ’ਤੇ ਪਰੇਸ਼ਾਨ ਪਿੰਡ ਖੋਖਰਾਂ ਦੇ ਇਕ ਹੋਰ ਵਿਅਕਤੀ ਨੇ ਫਾਹਾ ਲੈ ਕੀਤੀ ਖੁਦਕੁਸ਼ੀ
NEXT STORY