ਗੜ੍ਹਸ਼ੰਕਰ(ਸ਼ੋਰੀ)— ਗੜ੍ਹਸ਼ੰਕਰ ਤਹਿਸੀਲ 'ਚ ਜ਼ਿਆਦਾਤਰ ਪੇਂਡੂ ਇਲਾਕਿਆਂ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਇਹ ਰਹਿੰਦੀ ਹੈ ਕਿ ਜਦੋਂ ਵੀ ਫੌਜ 'ਚ ਭਰਤੀ ਸ਼ੁਰੂ ਹੋਵੇ ਤਾਂ ਉਹ ਉਸ 'ਚ ਹਿੱਸਾ ਲੈ ਕੇ ਨੌਕਰੀ ਪ੍ਰਾਪਤ ਕਰਨ। ਫੌਜ 'ਚ ਭਰਤੀ ਸਮੇਂ ਸਭ ਤੋਂ ਮਹੱਤਵਪੂਰਨ ਫਿਜ਼ੀਕਲ ਟੈਸਟ ਨੂੰ ਪਾਸ ਕਰਨਾ ਹੁੰਦਾ ਹੈ, ਜਿਸ ਲਈ ਨੌਜਵਾਨਾਂ ਨੇ ਕਈ-ਕਈ ਮਹੀਨੇ ਦੌੜ ਅਤੇ ਹੋਰ ਕਿਰਿਆਵਾਂ ਦਾ ਅਭਿਆਸ ਕਰਨਾ ਹੁੰਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਸ ਇਲਾਕੇ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਫੌਜ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨੀ ਹੋਵੇ, ਉਸ ਇਲਾਕੇ 'ਚ ਇਸ ਤਰ੍ਹਾਂ ਦੇ ਅਣਗਿਣਤ ਪਿੰਡ ਹਨ, ਜਿਨ੍ਹਾਂ 'ਚ ਨੌਜਵਾਨਾਂ ਲਈ ਪਲੇਅ ਗਰਾਊਂਡ ਵੀ ਨਹੀਂ ਹਨ। ਇਸ ਲਈ ਉਕਤ ਪਿੰਡਾਂ ਦੇ ਨੌਜਵਾਨਾਂ ਨੂੰ ਦੌੜ ਦੀ ਪ੍ਰੈਕਟਿਸ ਸੜਕਾਂ 'ਤੇ ਕਰਨੀ ਪੈਂਦੀ ਹੈ, ਜਿਸ ਨਾਲ ਉਨ੍ਹਾਂ ਲਈ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਹੈ।
ਗੜ੍ਹਸ਼ੰਕਰ ਸ਼ਹਿਰ 'ਚ ਨਹੀਂ ਕੋਈ ਜਨਤਕ ਗਰਾਊਂਡ:
ਗੜ੍ਹਸ਼ੰਕਰ ਸ਼ਹਿਰ 'ਚ ਕਹਿਣ ਨੂੰ ਤਾਂ ਦੋ ਖੇਡ ਗਰਾਊਂਡਾਂ ਹਨ-ਇਕ ਖਾਲਸਾ ਕਾਲਜ ਅਤੇ ਦੂਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਪਰ ਦੋਵਾਂ 'ਚ ਸਿੱਖਿਆ ਅਦਾਰਿਆਂ ਦੇ ਆਪਣੇ ਨਿਯਮ ਤੇ ਸਥਾਨਕ ਪੱਧਰ 'ਤੇ ਬਣਾਏ ਗਏ ਕਾਇਦੇ-ਕਾਨੂੰਨ ਕਾਰਨ ਹਰ ਕੋਈ ਇਥੇ ਪ੍ਰੈਕਟਿਸ ਨਹੀਂ ਕਰ ਸਕਦਾ। ਉਪਰੋਂ ਦੋਵਾਂ 'ਚ ਫੁੱਟਬਾਲ ਦੀ ਗਰਾਊਂਡ ਹੋਣ ਕਾਰਨ ਕਿਸੇ ਹੋਰ ਖੇਡ ਨਾਲ ਜੁੜੇ ਖਿਡਾਰੀ ਨੂੰ ਤਾਂ ਵੈਸੇ ਹੀ ਦੂਰ ਰਹਿਣਾ ਪੈਂਦਾ ਹੈ। ਨਗਰ ਕੌਂਸਲ ਦੀ ਆਪਣੀ ਗਰਾਊਂਡ ਨਾ ਹੋਣ ਕਾਰਨ ਹੁਣ ਤੱਕ ਰਹੇ ਕੌਂਸਲਰਾਂ ਅਤੇ ਵਿਧਾਇਕਾਂ ਦੀ ਸੋਚ 'ਤੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ।
ਧੱਕੇ ਨਾਲ ਕੱਢ ਦਿੰਦੇ ਨੇ ਬਾਹਰ:
ਇਕ ਔਰਤ ਨੇ ਦੱਸਿਆ ਕਿ ਇਕ ਵਾਰ ਉਹ ਸਰਕਾਰੀ ਸਕੂਲ ਦੀ ਗਰਾਊਂਡ 'ਚ ਆਪਣੇ ਪੁੱਤਰ ਨੂੰ ਲੈ ਕੇ ਕ੍ਰਿਕਟ ਖਿਡਾਉਣ ਗਈ। ਕੁਝ ਦੇਰ ਬਾਅਦ ਕੁਝ ਵਿਅਕਤੀਆਂ ਨੇ ਆ ਕੇ ਉਨ੍ਹਾਂ ਨੂੰ ਗਰਾਊਂਡ ਵਿਚੋਂ ਬਾਹਰ ਚਲੇ ਜਾਣ ਨੂੰ ਕਿਹਾ ਅਤੇ ਕਿਹਾ ਕਿ ਇਹ ਫੁੱਟਬਾਲ ਦੀ ਗਰਾਊਂਡ ਹੈ। ਇਸ ਔਰਤ ਦਾ ਸਵਾਲ ਹੈ ਕਿ ਉਸ ਵਰਗੀਆਂ ਔਰਤਾਂ ਆਪਣੇ ਬੱਚਿਆਂ ਨੂੰ ਕਿਥੇ ਖਿਡਾਉਣ ਲਈ ਲੈ ਕੇ ਜਾਣ?
ਕਿੱਥੇ-ਕਿੱਥੇ ਨਹੀਂ ਹਨ ਜਨਤਕ ਗਰਾਊਂਡਾਂ
ਗੜ੍ਹਸ਼ੰਕਰ ਦੇ ਪਿੰਡ ਖਾਨਪੁਰ, ਹਰਿਆਣਾ, ਚੌਹੜਾ, ਸੈਲਾ ਖੁਰਦ, ਨਗਦੀਪੁਰ, ਪਾਹਲੇਵਾਲ, ਹਰਵਾਂ ਬੀਤ, ਡੱਲੇਵਾਲ, ਬਸਤੀ ਸੈਂਸੀਆਂ, ਡਾਨਸੀਵਾਲ, ਡੁਗਰੀ, ਰਾਵਲਪਿੰਡੀ, ਗੋਲੀਆਂ ਆਦਿ ਅਨੇਕਾਂ ਪਿੰਡ ਹਨ, ਜਿੱਥੇ ਨੌਜਵਾਨਾਂ ਦੇ ਖੇਡਣ ਲਈ ਗਰਾਊਂਡਾਂ ਚਾਹੀਦੀਆਂ ਹਨ। ਪਰ ਸਮੇਂ-ਸਮੇਂ ਨੌਜਵਾਨਾਂ ਨੂੰ ਜਿਮ ਦੀਆਂ ਕਿੱਟਾਂ ਵੰਡ ਕੇ ਸਿਆਸੀ ਲੋਕ ਆਪਣਾ ਮਨੋਰਥ ਜ਼ਰੂਰ ਹੱਲ ਕਰ ਲੈਂਦੇ ਹਨ।
ਕੀ ਕਹਿੰਦੇ ਹਨ ਸਿਆਸੀ ਆਗੂ
ਕਾਂਗਰਸ ਦੇ ਅਮਰਜੀਤ ਤਨੇਜਾ ਦਾ ਕਹਿਣਾ ਹੈ ਕਿ ਇਹ ਬਹੁਤ ਜ਼ਰੂਰੀ ਵਿਸ਼ਾ ਹੈ, ਕਿਉਂਕਿ ਹੁਣ ਲੋਕ ਪਹਿਲਾਂ ਨਾਲੋਂ ਵੱਧ ਸਿਹਤ ਪ੍ਰਤੀ ਜਾਗਰੂਕ ਹਨ ਤੇ ਨੌਜਵਾਨ ਵਰਗ ਖੇਡਾਂ ਵੱਲ ਆਕਰਸ਼ਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਤੇ ਕੌਂਸਲਰਾਂ ਨੂੰ ਚਾਹੀਦਾ ਹੈ ਕਿ ਇਸ ਵੱਲ ਸਾਂਝੇ ਯਤਨ ਕਰਨ ਅਤੇ ਪ੍ਰਸਤਾਵ ਬਣਾ ਕੇ ਸੂਬਾ ਸਰਕਾਰ ਨੂੰ ਭੇਜਣ।
ਭਾਜਪਾ ਦੇ ਰਾਜੀਵ ਭੱਪੀ ਅਰੋੜਾ ਦਾ ਕਹਿਣਾ ਹੈ ਕਿ ਇਹ ਬੇਹੱਦ ਦੁੱਖ ਦੀ ਗੱਲ ਹੈ ਕਿ ਨੌਜਵਾਨ ਵਰਗ ਲਈ ਸ਼ਹਿਰ ਤੇ ਪਿੰਡਾਂ 'ਚ ਗਰਾਊਂਡਾਂ ਤੱਕ ਨਹੀਂ ਹਨ। ਸਥਾਨਕ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਅੱਡਾ ਝਬਾਲ ਦੀ ਵਿਕਾਸ ਪੱਖੋਂ ਹੋਈ ਕਾਇਆ ਕਲਪ-ਸਰਪੰਚ ਸੋਨੂੰ ਚੀਮਾ
NEXT STORY