ਬਰੈਂਪਟਨ — ਬਰੈਂਪਟਨ ਨਾਰਥ ਸੀਟ ਤੋਂ ਲਿਬਰਲ ਪਾਰਟੀ ਦੀ ਐੱਮ. ਪੀ. ਰੂਬੀ ਸਹੋਤਾ ਨੇ ਕਿਹਾ ਹੈ ਕਿ ਅਮਰੀਕਾ 'ਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਕੈਨੇਡਾ 'ਚ ਰਹਿੰਦੇ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਪ੍ਰਤੀ ਬਹੁਗਿਣਤੀਆਂ ਵੱਲੋਂ ਕੀਤਾ ਜਾਣ ਵਾਲਾ ਨਸਲੀ ਭੇਦਭਾਵ ਇਕ ਵਾਰ ਫਿਰ ਉੱਭਰਿਆ ਹੈ । ਬਰੈਂਪਟਨ ਵਿਚ 'ਜਗ ਬਾਣੀ' ਦੇ ਨਰੇਸ਼ ਕੁਮਾਰ ਅਤੇ ਰਮਨਦੀਪ ਸਿੰਘ ਸੋਢੀ ਖਾਸ ਗੱਲਬਾਤ ਦੌਰਾਨ ਰੂਬੀ ਸਹੋਤਾ ਨੇ ਆਪਣੇ ਸਿਆਸੀ ਜੀਵਨ, ਅਮਰੀਕਾ ਨਾਲ ਛਿੜੀ ਟਰੇਡ ਵਾਰ, ਜਸਟਿਨ ਟਰੂਡੋ ਤੋਂ ਇਲਾਵਾ ਓਨਟਾਰੀਓ ਦੀਆਂ ਚੋਣਾਂ ਦੇ ਨਤੀਜਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ । ਪੇਸ਼ ਹੈ ਰੂਬੀ ਨਾਲ ਹੋਈ ਪੂਰੀ ਗੱਲਬਾਤ :-
ਸਿਆਸਤ 'ਚ ਤੁਹਾਡਾ ਆਉਣਾ ਕਿਵੇਂ ਹੋਇਆ?
ਜਵਾਬ : ਮੇਰਾ ਜਨਮ ਅਤੇ ਪਰਵਰਿਸ਼ ਕੈਨੇਡਾ 'ਚ ਹੋਈ ਹੈ ਪਰ ਮੇਰੇ ਪਿਤਾ ਦਾ ਰੁਝਾਨ ਸ਼ੁਰੂ ਤੋਂ ਸਿਆਸਤ 'ਚ ਸੀ । ਉਹ ਪੰਜਾਬ 'ਚ ਆਪਣੇ ਪਿੰਡ ਦੇ ਸਰਪੰਚ ਰਹੇ ਹਨ। ਲਿਹਾਜ਼ਾ ਘਰ 'ਚ ਸਿਆਸਤ 'ਤੇ ਚਰਚਾ ਹੁੰਦੀ ਰਹਿੰਦੀ ਸੀ । ਸਾਡੇ ਲਈ ਘਰ 'ਚ ਅਖਬਾਰ ਪੜ੍ਹਨਾ ਅਤੇ ਖਬਰਾਂ ਸੁਣਨਾ ਜ਼ਰੂਰੀ ਸੀ ਤਾਂ ਜੋ ਸਾਨੂੰ ਸਿਆਸਤ 'ਚ ਵਾਪਰ ਰਹੇ ਹਰ ਘਟਨਾਚੱਕਰ ਦਾ ਪਤਾ ਲੱਗ ਸਕੇ । ਮੇਰੇ ਪਿਤਾ ਕੈਨੇਡਾ 'ਚ ਆਉਣ ਤੋਂ ਬਾਅਦ ਹੀ ਸਿਆਸਤ 'ਚ ਸਰਗਰਮ ਹੋਏ । ਪਿਤਾ ਤੋਂ ਹੀ ਮੈਨੂੰ ਸਰਕਾਰ ਦੀ ਕਾਰਜਪ੍ਰਣਾਲੀ ਅਤੇ ਕੰਮ ਕਰਨ ਦੇ ਸਿਸਟਮ ਬਾਰੇ ਜਾਣਕਾਰੀ ਮਿਲਣੀ ਸ਼ੁਰੂ ਹੋਈ । ਹੌਲੀ-ਹੌਲੀ ਮੇਰਾ ਰੁਝਾਨ ਸਿਆਸਤ ਵੱਲ ਹੁੰਦਾ ਗਿਆ ਅਤੇ ਮੈਨੂੰ ਲਿਬਰਲ ਪਾਰਟੀ ਦੀ ਟਿਕਟ 'ਤੇ ਚੋਣ ਲੜਨ ਦਾ ਮੌਕਾ ਮਿਲਿਆ।
ਕੀ ਗੋਰੀ ਚਮੜੀ ਨਾ ਹੋਣ ਕਾਰਨ ਤੁਹਾਨੂੰ ਲੋਕਾਂ ਵੱਲੋਂ ਮਾਨਤਾ ਹਾਸਲ ਕਰਨ 'ਚ ਸਮੱਸਿਆ ਆਈ?
ਜਵਾਬ : ਇਸ ਦੇਸ਼ 'ਚ ਅਜੇ ਵੀ ਨਸਲੀ ਭੇਦਭਾਵ ਜ਼ਿੰਦਾ ਹੈ । ਖਾਸ ਤੌਰ 'ਤੇ ਅਮਰੀਕਾ 'ਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਨਸਲੀ ਭੇਦਭਾਵ ਇਕ ਫਿਰ ਉੱਭਰ ਗਿਆ ਹੈ । ਜਿਹੜੀਆਂ ਚੀਜ਼ਾਂ ਦਾ ਸਾਹਮਣਾ ਅਸੀਂ ਬਚਪਨ 'ਚ ਕੀਤਾ ਸੀ, ਉਹ ਫਿਰ ਸਾਹਮਣੇ ਆ ਰਹੀਆਂ ਹਨ । ਸਾਨੂੰ ਇਸ ਗੱਲ ਦਾ ਡਰ ਵੀ ਹੈ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਅਜਿਹੇ ਮੁੱਦੇ ਚੁੱਕਣ ਵਾਸਤੇ ਮੇਰੇ ਕੋਲ ਸੰਸਦ ਦਾ ਮੰਚ ਮੌਜੂਦ ਹੈ । ਅਸੀਂ ਇਹ ਮੁੱਦਾ ਸੰਸਦ 'ਚ ਚੁੱਕ ਸਕਦੇ ਹਾਂ ਅਤੇ ਇਸ 'ਤੇ ਚਰਚਾ ਵੀ ਕਰ ਸਕਦੇ ਹਾਂ ਕਿ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਅਸੀਂ ਦੂਜੇ ਲੋਕਾਂ ਨਾਲੋਂ ਅਲੱਗ-ਥਲੱਗ ਨਹੀਂ ਹੋਣਾ ਹੈ । ਸਾਡੀ ਬੋਲਚਾਲ ਜਾਰੀ ਰਹਿਣੀ ਚਾਹੀਦੀ ਹੈ। ਜੇਕਰ ਬੋਲਚਾਲ 'ਚ ਕਮੀ ਆਉਂਦੀ ਹੈ ਜਾਂ ਦੂਰੀਆਂ ਵਧਦੀਆਂ ਹਨ ਤਾਂ ਉਸ ਨਾਲ ਅਜਿਹੀਆਂ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ।
ਕੀ ਐੱਨ. ਡੀ. ਪੀ. (ਨਿਊ ਡੈਮੋਕ੍ਰੇਟਿਕ ਪਾਰਟੀ) 2019 ਦੀਆਂ ਫੈਡਰਲ ਚੋਣਾਂ 'ਚ ਚੁਣੌਤੀ ਬਣੇਗੀ?
ਜਵਾਬ : ਸਿਆਸਤ 'ਚ ਕਿਸੇ ਵੀ ਵਿਰੋਧੀ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ। ਐੱਨ. ਡੀ. ਪੀ. (ਨਿਊ ਡੈਮੋਕ੍ਰੇਟਿਕ ਪਾਰਟੀ) ਦਾ ਵੀ ਮੁਕਾਬਲੇ 'ਚ ਸਵਾਗਤ ਹੋਵੇਗਾ ਪਰ ਲੋਕਾਂ ਨੇ ਪਾਰਟੀ ਦੇ ਆਗੂਆਂ ਅਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਦੇਖ ਕੇ ਵੋਟਾਂ ਪਾਉਣੀਆਂ ਹਨ । ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨੀਤੀ ਚੰਗੀ ਹੈ ਅਤੇ ਉਨ੍ਹਾਂ ਦੀ ਅਗਵਾਈ 'ਚ ਕੌਮਾਂਤਰੀ ਪੱਧਰ 'ਤੇ ਕੈਨੇਡਾ ਦੀ ਸਾਖ ਵਧੀ ਹੈ। ਦੇਸ਼ ਨੂੰ ਹੰਢੇ ਹੋਏ ਆਗੂਆਂ ਦੀ ਲੋੜ ਹੈ ਅਤੇ ਕੈਨੇਡਾ ਦੇ ਲੋਕ ਫੈਡਰਲ ਚੋਣਾਂ ਦੌਰਾਨ ਲੀਡਰਸ਼ਿਪ ਦਾ ਰੁਤਬਾ ਅਤੇ ਕੰਮ ਨੂੰ ਦੇਖ ਕੇ ਹੀ ਵੋਟਾਂ ਪਾਉਣਗੇ।
ਕੈਨੇਡਾ ਅਤੇ ਅਮਰੀਕਾ 'ਚ ਚੱਲ ਰਹੀ ਟਰੇਡ ਵਾਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਜਵਾਬ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸਿਰਫ ਆਪਣੇ ਦੇਸ਼ ਦੀ ਆਰਥਿਕ ਸਥਿਤੀ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ। ਇਸ ਮਾਮਲੇ 'ਚ ਕੈਨੇਡਾ ਦੀ ਸੋਚ ਵੱਖਰੀ ਹੈ । ਯੂਰਪ ਦੇ ਹੋਰ ਦੇਸ਼ ਵੀ ਇਸ ਮਾਮਲੇ 'ਚ ਵੱਖਰੀ ਰਾਏ ਰੱਖਦੇ ਹਨ । ਅਜਿਹੇ ਫੈਸਲੇ ਦੁਨਿਆਵੀ, ਆਰਥਿਕ ਸਥਿਤੀ ਦੇਖ ਕੇ ਲੈਣੇ ਪੈਂਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਮਾਮਲੇ 'ਚ ਕੈਨੇਡਾ ਦੇ ਹਿੱਤਾਂ ਦਾ ਧਿਆਨ ਰੱਖ ਕੇ ਹੀ ਫੈਸਲੇ ਲੈਣਗੇ।
ਕੀ ਨਸਲੀ ਭੇਦਭਾਵ ਭਾਰਤੀਆਂ ਵੱਲੋਂ ਹਾਸਲ ਕੀਤੀ ਸਫਲਤਾ ਕਾਰਨ ਹੈ?
ਜਵਾਬ : ਅਜਿਹਾ ਨਹੀਂ ਹੈ, ਕੈਨੇਡਾ 'ਚ ਵੱਖ-ਵੱਖ ਧਰਮਾਂ ਅਤੇ ਦੇਸ਼ਾਂ ਦੇ ਲੋਕ ਰਹਿੰਦੇ ਹਨ । ਮੈਨੂੰ ਪੜ੍ਹਾਈ ਦੇ ਸਮੇਂ ਵੀ ਅਜਿਹਾ ਮਹਿਸੂਸ ਨਹੀਂ ਹੋਇਆ । ਸਿਆਸਤ 'ਚ ਵੀ ਇਸ ਤਰ੍ਹਾਂ ਦਾ ਨਸਲੀ ਭੇਦਭਾਵ ਨਹੀਂ ਹੋਇਆ ਪਰ ਇਹ ਗੱਲ ਜ਼ਰੂਰ ਹੈ ਕਿ ਕੈਨੇਡਾ 'ਚ ਲਿੰਗਿਕ ਭੇਦਭਾਵ ਅਤੇ ਘੱਟਗਿਣਤੀਆਂ ਦੇ ਅਧਿਕਾਰਾਂ ਦੇ ਮੁੱਦੇ ਅਜੇ ਵੀ ਹਨ । ਕੈਨੇਡਾ ਦੀ ਸੰਸਦ 'ਚ ਸਿਰਫ 27 ਫੀਸਦੀ ਔਰਤਾਂ ਹਨ ਅਤੇ ਇਸ ਸਥਿਤੀ 'ਚ ਪਿਛਲੇ ਕਈ ਸਾਲਾਂ ਤੋਂ ਕੋਈ ਸੁਧਾਰ ਨਹੀਂ ਹੋਇਆ ਹੈ। ਤਨਖਾਹ ਦੇ ਮਾਮਲੇ 'ਚ ਵੀ ਔਰਤਾਂ ਦੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਹੈ। ਇਸ ਦਿਸ਼ਾ ਵੱਲ ਕੰਮ ਕੀਤੇ ਜਾਣ ਦੀ ਲੋੜ ਹੈ ਅਤੇ ਕੈਨੇਡਾ ਇਸ 'ਤੇ ਕੰਮ ਵੀ ਕਰ ਰਿਹਾ ਹੈ।
ਕੀ ਵੀਜ਼ਾ ਨਿਯਮਾਂ 'ਚ ਦਿੱਤੀ ਖੁੱਲ੍ਹ ਕਾਰਨ ਲੋਕਾਂ 'ਚ ਪਾਈ ਜਾ ਰਹੀ ਨਾਰਾਜ਼ਗੀ ਚੋਣਾਂ ਵਿਚ ਭਾਰੀ ਪਵੇਗੀ?
ਜਵਾਬ : ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ। ਕੈਨੇਡਾ 'ਚ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿੰਦੇ ਹਨ । ਸਾਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਕੈਨੇਡਾ ਵੱਲੋਂ ਸੀਰੀਆ ਦੇ ਨਾਗਰਿਕਾਂ ਨੂੰ ਦਿੱਤੀ ਗਈ ਸ਼ਰਨ ਕਾਰਨ ਲੋਕ ਨਾਰਾਜ਼ ਹਨ ਪਰ ਇਹ ਸ਼ਰਨ ਮਾਨਵਤਾ ਦੇ ਆਧਾਰ 'ਤੇ ਦਿੱਤੀ ਗਈ ਹੈ । ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ । ਪਹਿਲਾਂ ਕੈਨੇਡਾ ਨੇ 60 ਹਜ਼ਾਰ ਲੋਕਾਂ ਨੂੰ ਸ਼ਰਨ ਦਿੱਤੀ ਸੀ। ਹੁਣ ਵੀ ਉਹ ਕੈਨੇਡਾ ਦੀ ਧਰਤੀ 'ਤੇ ਹੀ ਰਹਿ ਰਹੇ ਹਨ । ਲੋਕਾਂ ਨੂੰ ਪੂਰੇ ਮਾਮਲੇ 'ਤੇ ਮਾਨਵਤਾਵਾਦੀ ਰਵੱਈਆ ਅਪਣਾਉਣਾ ਚਾਹੀਦਾ ਹੈ।
ਕੀ ਓਨਟਾਰੀਓ ਚੋਣਾਂ ਦੇ ਨਤੀਜੇ ਫੈਡਰਲ ਚੋਣਾਂ 'ਤੇ ਅਸਰ ਪਾਉਣਗੇ?
ਜਵਾਬ : ਅਜਿਹਾ ਨਹੀਂ ਹੋਵੇਗਾ ਕਿਉਂਕਿ ਓਨਟਾਰੀਓ ਦੀ ਸਥਾਨਕ ਲਿਬਰਲ ਪਾਰਟੀ ਅਤੇ ਕੌਮੀ ਪਾਰਟੀ ਦੋਵੇਂ ਵੱਖ-ਵੱਖ ਹਨ । ਓਨਟਾਰੀਓ ਦੀ ਚੋਣ ਸਥਾਨਕ ਮੁੱਦਿਆਂ 'ਤੇ ਲੜੀ ਗਈ ਸੀ ਅਤੇ ਫੈਡਰਲ ਚੋਣਾਂ ਰਾਸ਼ਟਰੀ ਮੁੱਦਿਆਂ 'ਤੇ ਲੜੀਆਂ ਜਾਣਗੀਆਂ । ਅਜਿਹਾ ਪਹਿਲਾਂ ਵੀ ਹੋਇਆ ਹੈ ਕਿ ਸਥਾਨਕ ਚੋਣਾਂ ਹਾਰਨ ਵਾਲੀ ਪਾਰਟੀ ਫੈਡਰਲ ਸਰਕਾਰ ਬਣਾ ਲੈਂਦੀ ਹੈ।
ਕੀ 2019 'ਚ ਲੋਕ ਲਿਬਰਲ ਪਾਰਟੀ ਨੂੰ ਮੌਕਾ ਦੇਣਗੇ?
ਜਵਾਬ : ਇਹ ਲੋਕਾਂ ਦਾ ਕੰਮ ਹੈ । ਜੇ ਮੇਰਾ ਕੰਮ ਚੰਗਾ ਹੋਇਆ ਤਾਂ ਲੋਕ ਮੈਨੂੰ ਜ਼ਰੂਰ ਮੌਕਾ ਦੇਣਗੇ । ਮੈਂ ਆਪਣਾ ਕੰਮ ਪੂਰੀ ਈਮਾਨਦਾਰੀ ਨਾਲ ਕੀਤਾ ਹੈ । ਇਹ ਇਕ ਛੋਟਾ ਮੌਕਾ ਹੁੰਦਾ ਹੈ ਅਤੇ ਉਸ ਨੂੰ ਛੋਟੇ ਮੌਕੇ ਦੀ ਤਰ੍ਹਾਂ ਹੀ ਦੇਖਿਆ ਜਾਣਾ ਚਾਹੀਦਾ ਹੈ । ਮੈਂ ਸਿਆਸਤ 'ਚ ਬਹੁਤ ਕੁਝ ਸਿੱਖਿਆ ਹੈ ਅਤੇ ਇਹ ਤਜਰਬਾ ਮੇਰੇ ਲਈ ਜ਼ਿੰਦਗੀ 'ਚ ਬਹੁਤ ਕੰਮ ਆਵੇਗਾ।
ਜਸਟਿਨ ਟਰੂਡੋ ਦੀ ਭਾਰਤ ਫੇਰੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਜਵਾਬ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਨਾਂਹ-ਪੱਖੀ ਖਬਰਾਂ ਚਰਚਾ 'ਚ ਰਹੀਆਂ, ਜਦਕਿ ਚੰਗੀਆਂ ਖਬਰਾਂ 'ਤੇ ਮੀਡੀਆ ਦਾ ਧਿਆਨ ਨਹੀਂ ਗਿਆ । ਸਾਡੇ ਨਾਲ ਇਸ ਫੇਰੀ 'ਤੇ ਕੈਨੇਡਾ ਦੇ ਕਈ ਕਾਰੋਬਾਰੀ ਗਏ ਸਨ ਅਤੇ ਉਨ੍ਹਾਂ ਦੇ ਨਿੱਜੀ ਵਪਾਰਕ ਸਬੰਧ ਭਾਰਤੀ ਵਪਾਰੀਆਂ ਨਾਲ ਵਧੇ ਹਨ, ਉਨ੍ਹਾਂ ਨੂੰ ਇਸ ਦਾ ਬਹੁਤ ਫਾਇਦਾ ਹੋਇਆ ਹੈ । ਹਾਲਾਂਕਿ ਦੋਵਾਂ ਦੇਸ਼ਾਂ ਵਿਚਕਾਰ ਫਾਇਦੇ ਵਾਲੇ ਬਹੁਤ ਜ਼ਿਆਦਾ ਸਮਝੌਤੇ ਨਹੀਂ ਹੋ ਸਕੇ ਅਤੇ ਇਸ ਦਿਸ਼ਾ 'ਚ ਬਹੁਤ ਕੰਮ ਕੀਤਾ ਜਾਣਾ ਬਾਕੀ ਹੈ।
ਕੀ ਭਾਰਤ 'ਚ ਵਧ ਰਹੀ ਪ੍ਰਦੂਸ਼ਣ ਦੀ ਸਮੱਸਿਆ ਬਾਰੇ ਤੁਸੀਂ ਕੰਮ ਕਰਨਾ ਚਾਹੋਗੇ?
ਜਵਾਬ : ਕੈਨੇਡਾ ਦੇ ਕਈ ਐੱਨ. ਜੀ. ਓ. ਇਸ ਮਾਮਲੇ 'ਚ ਚੰਗਾ ਕੰਮ ਕਰ ਰਹੇ ਹਨ ਅਤੇ ਪਾਣੀ ਸਾਫ ਕਰਨ ਦੀ ਤਕਨੀਕ 'ਚ ਉਹ ਭਾਰਤ ਦਾ ਸਹਿਯੋਗ ਕਰ ਸਕਦੇ ਹਨ । ਇਸ ਮਾਮਲੇ 'ਚ ਦੋਵਾਂ ਪੱਖਾਂ ਨੂੰ ਮਿਲ ਕੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਵਾਤਾਵਰਣ ਕੈਨੇਡਾ ਦਾ ਵੀ ਇਕ ਵੱਡਾ ਮੁੱਦਾ ਹੈ । ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਹੋਣਾ ਪਵੇਗਾ।
ਯਾਦ ਆਉਂਦੀ ਹੈ ਪਿੰਡ ਦੀ ਮੋਟਰ ਅਤੇ ਮੱਝਾਂ ਦੀਆਂ ਧਾਰਾਂ ਕੱਢਣ ਦੀ
ਮੇਰਾ ਜਨਮ ਪੰਜਾਬ 'ਚ ਨਹੀਂ ਹੋਇਆ ਪਰ ਮੈਂ ਆਪਣੇ ਜੱਦੀ ਪਿੰਡ ਸੰਗਰੂਰ ਜ਼ਿਲੇ ਦੇ ਜੰਡਿਆਲੀ 'ਚ ਜਾਂਦੀ ਰਹਿੰਦੀ ਹਾਂ । ਮੈਨੂੰ ਪਿੰਡ 'ਚ ਜਾ ਕੇ ਮੋਟਰ 'ਤੇ ਜਾਣਾ, ਮੂਲੀਆਂ ਤੋੜਨਾ, ਮੱਝਾਂ ਦੀਆਂ ਧਾਰਾਂ ਕੱਢਣਾ ਅਤੇ ਸਾਗ ਖਾਣਾ ਅਜੇ ਤੱਕ ਯਾਦ ਹੈ । ਮੇਰਾ ਵਿਆਹ ਹੁਸ਼ਿਆਰਪੁਰ 'ਚ ਹੋਇਆ ਹੈ ਅਤੇ ਮੈਂ ਆਪਣੇ ਸਹੁਰੇ ਪਿੰਡ ਵੀ ਜਾਂਦੀ ਹਾਂ। ਮੇਰੀਆਂ ਜਿਹੜੀਆਂ ਯਾਦਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ, ਉਨ੍ਹਾਂ ਕਰਕੇ ਮੈਨੂੰ ਪੰਜਾਬੀ ਹੋਣ 'ਤੇ ਬਹੁਤ ਮਾਣ ਹੈ।
ਜਗਮੀਤ ਕਾਰਨ ਨਹੀਂ ਵੰਡੀਆਂ ਜਾਣਗੀਆਂ ਪੰਜਾਬੀ ਵੋਟਾਂ
ਲੋਕ ਸਿਰਫ ਪੰਜਾਬੀ ਦੇਖ ਕੇ ਵੋਟ ਨਹੀਂ ਪਾਉਣਗੇ ਸਗੋਂ ਲੋਕ-ਮੁੱਦਿਆਂ ਨੂੰ ਦੇਖਣਗੇ ਅਤੇ ਆਗੂਆਂ ਦੀ ਸਮਰੱਥਾ ਨੂੰ ਦੇਖਣਗੇ। ਓਨਟਾਰੀਓ ਦੀਆਂ ਸਥਾਨਕ ਚੋਣਾਂ 'ਚ ਵੀ ਮੁੱਦੇ ਹੀ ਭਾਰੀ ਰਹੇ ਹਨ। ਲੋਕਾਂ ਨੂੰ ਇਸ ਗੱਲ ਦਾ ਮਾਣ ਜ਼ਰੂਰ ਹੋ ਸਕਦਾ ਹੈ ਕਿ ਕੋਈ ਪੰਜਾਬੀ ਉਮੀਦਵਾਰ ਮੈਦਾਨ 'ਚ ਹੈ ਪਰ ਲੋਕ ਵੋਟਿੰਗ ਸਮੇਂ ਉਮੀਦਵਾਰ ਦਾ ਧਰਮ ਜਾਂ ਉਸ ਦਾ ਪਿਛੋਕੜ ਦੇਖ ਕੇ ਵੋਟਾਂ ਨਹੀਂ ਪਾਉਣਗੇ।
ਸ਼ਾਰਟ-ਸਰਕਟ ਨਾਲ ਡਰਾਈਕਲੀਨ ਦੀ ਦੁਕਾਨ ਨੂੰ ਲੱਗੀ ਅੱਗ 20 ਲੱਖ ਦਾ ਹੋਇਆ ਨੁਕਸਾਨ
NEXT STORY