ਚੰਡੀਗੜ੍ਹ (ਅਸ਼ਵਨੀ) : ਆਖ਼ਰਕਾਰ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਬੁੱਧਵਾਰ ਦੇਰ ਸ਼ਾਮ ਰਾਹੁਲ ਗਾਂਧੀ ਨਾਲ ਮੁਲਾਕਾਤ ਹੋ ਹੀ ਗਈ। ਕਰੀਬ ਇੱਕ ਘੰਟੇ ਦੀ ਇਸ ਮੁਲਾਕਾਤ ਤੋਂ ਬਾਅਦ ਸਿੱਧੂ ਬਿਨਾਂ ਕੋਈ ਗੱਲ ਕੀਤੇ ਦਿੱਲੀ ਵਿਚ ਰਾਹੁਲ ਗਾਂਧੀ ਦੇ ਘਰੋਂ ਕਾਰ ਵਿਚ ਸਵਾਰ ਹੋ ਕੇ ਨਿਕਲ ਗਏ। ਦੱਸਿਆ ਜਾ ਰਿਹਾ ਹੈ ਕਿ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਨੇ ਸਿੱਧੂ ਨੂੰ ਸੁਲਾਹ ਦਾ ਫਾਰਮੂਲਾ ਦਿੰਦੇ ਹੋਏ ਛੇਤੀ ਹੀ ਕੋਈ ਅਹਿਮ ਜ਼ਿੰਮੇਵਾਰੀ ਦੇਣ ਦੀ ਗੱਲ ਕਹੀ ਹੈ। ਸਿੱਧੂ ਵੀ ਰਾਹੁਲ ਗਾਂਧੀ ਦੇ ਫਾਰਮੂਲੇ ਤੋਂ ਸੰਤੁਸ਼ਟ ਹੋ ਗਏ ਹਨ। ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਨਵਜੋਤ ਸਿੰਘ ਸਿੱਧੂ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਮਿਲੇ। ਸਿੱਧੂ ਨੇ ਇੱਕ ਟਵੀਟ ਦੇ ਜ਼ਰੀਏ ਤਸਵੀਰ ਸ਼ੇਅਰ ਕਰ ਕੇ ਲਿਖਿਆ ਕਿ ਪ੍ਰਿਅੰਕਾ ਗਾਂਧੀ ਨਾਲ ਲੰਬੀ ਮੁਲਾਕਾਤ ਕੀਤੀ। ਕਿਹਾ ਜਾ ਰਿਹਾ ਹੈ ਕਿ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹੀ ਸਿੱਧੂ ਦਾ ਰਾਹੁਲ ਗਾਂਧੀ ਨਾਲ ਮੁਲਾਕਾਤ ਦਾ ਸਬੱਬ ਬਣ ਸਕਿਆ।
ਇਹ ਵੀ ਪੜ੍ਹੋ : ਡੇਅਰੀ ਧੰਦੇ ਨਾਲ ਜੁੜੇ ਕਿਸਾਨਾਂ ਲਈ ਖ਼ੁਸ਼ਖ਼ਬਰੀ, ਦੁੱਧ ਦੇ ਖ਼ਰੀਦ ਭਾਅ 'ਚ 20 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ
ਦੱਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਨੇ ਸਿੱਧੂ ਨਾਲ ਹੋਈ ਮੁਲਾਕਾਤ ਦਾ ਪੂਰਾ ਬਿਓਰਾ ਰਾਹੁਲ ਅਤੇ ਕਾਂਗਰਸ ਪ੍ਰਧਾਨ ਨਾਲ ਸਾਂਝਾ ਕੀਤਾ ਹੈ ਅਤੇ ਇਸ ਤੋਂ ਬਾਅਦ ਹੀ ਰਾਹੁਲ ਗਾਂਧੀ ਮੁਲਾਕਾਤ ਲਈ ਰਾਜ਼ੀ ਹੋਏ। ਦੱਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਨੇ ਸਿੱਧੂ ਨੂੰ ਤੱਤਕਾਲ ਕੈਪਟਨ ਅਤੇ ਸਰਕਾਰ ਵਿਰੋਧੀ ਬਿਆਨਬਾਜ਼ੀ ’ਤੇ ਰੋਕ ਲਾਉਣ ਦੀ ਨਸੀਹਤ ਦਿੱਤੀ। ਪ੍ਰਿਅੰਕਾ ਗਾਂਧੀ ਨੇ ਸਿੱਧੂ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਜਿੰਨੇ ਵੀ ਮਸਲੇ ਪੰਜਾਬ ਨੂੰ ਲੈ ਕੇ ਚੁੱਕੇ ਹਨ, ਉਹ ਸਾਰੇ ਮੱਲਿਕਾਰਜੁਨ ਵੱਲੋਂ ਮੁੱਖ ਮੰਤਰੀ ਨੂੰ ਦਿੱਤੇ ਗਏ 18 ਨੁਕਤਿਆਂ ਵਿਚ ਕਵਰ ਕਰ ਲਏ ਗਏ ਹਨ। ਅਜਿਹੇ ਵਿਚ ਸਿੱਧੂ ਨੂੰ ਹੁਣ ਮੁੱਖ ਮੰਤਰੀ ਵੱਲੋਂ ਚੁੱਕੇ ਜਾ ਰਹੇ ਕਦਮ ਅਤੇ ਉਨ੍ਹਾਂ ਦੇ ਫ਼ੈਸਲਿਆਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਇਸ ਲਈ ਹੁਣ ਬੇਵਜਾਹ ਕੈਪਟਨ ਜਾਂ ਸਰਕਾਰ ਵਿਰੋਧੀ ਬਿਆਨਬਾਜ਼ੀ ਦਾ ਕੋਈ ਮਤਲਬ ਨਹੀਂ ਹੈ। ਉੱਧਰ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਦੀ ਕਾਂਗਰਸ ਪਾਰਟੀ ਛੱਡਣ ਦੀਆਂ ਕਿਆਸਰਾਈਆਂ ’ਤੇ ਵੀ ਰੋਕ ਲੱਗ ਗਈ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦੇ ਐਲਾਨ ਤੋਂ ਬਾਅਦ ਇਹ ਚਰਚਾ ਜਿਆਦਾ ਜ਼ੋਰ ਫੜ੍ਹ ਗਈ ਸੀ ਕਿ ਕਾਂਗਰਸ ਤੋਂ ਨਾਰਾਜ਼ ਹੋਣ ’ਤੇ ਸਿੱਧੂ ਆਮ ਆਦਮੀ ਪਾਰਟੀ ਦਾ ਪੱਲ੍ਹਾ ਫੜ੍ਹ ਸਕਦੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਬਿਜਲੀ ਸੰਕਟ ਦੇ ਮੱਦੇਨਜ਼ਰ PSPCL ਵੱਲੋਂ BBMB ਨੂੰ ਕੀਤੀ ਗਈ ਖ਼ਾਸ ਅਪੀਲ
‘ਮੁੱਖ ਮੰਤਰੀ ਨੇ ਵੀ ਕੱਸੀ ਕਮਰ, ਲੰਚ ਡਿਪਲੋਮੈਸੀ ਨਾਲ ਕਰਨਗੇ ਸ਼ਕਤੀ ਪ੍ਰਦਰਸ਼ਨ’
ਉੱਧਰ, ਕਾਂਗਰਸ ਹਾਈਕਮਾਨ ਦੇ ਫ਼ੈਸਲੇ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਆਪਣੇ ਗੜ੍ਹ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੀਰਵਾਰ ਨੂੰ ਲੰਚ ਡਿਪਲੋਮੈਸੀ ਦੇ ਜ਼ਰੀਏ ਕਾਂਗਰਸੀ ਆਗੂਆਂ ਦੀ ਨਬਜ਼ ਟਟੋਲਣਗੇ। ਇਸ ਭੋਜ ਵਿਚ ਉਨ੍ਹਾਂ ਆਗੂਆਂ ’ਤੇ ਸਭ ਤੋਂ ਜਿਆਦਾ ਨਜ਼ਰ ਰਹੇਗੀ, ਜੋ ਮੁੱਖ ਮੰਤਰੀ ਖ਼ਿਲਾਫ਼ ਵਿਰੋਧੀ ਸੁਰ ਕੱਢਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਇਨ੍ਹਾਂ ਆਗੂਆਂ ਦੀ ਨਾਰਾਜ਼ਗੀ ਦੂਰ ਕਰਨ ਦੇ ਨਾਲ-ਨਾਲ ਆਪਣੇ ਖੇਮੇ ਨੂੰ ਮਜ਼ਬੂਤ ਕਰ ਕੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਮੁਦਰਾ ਵਿਚ ਹਨ ਤਾਂ ਜੋ ਹਾਈਕਮਾਨ ਨੂੰ ਵੀ ਸਿੱਧਾ ਸੁਨੇਹਾ ਦਿੱਤਾ ਜਾ ਸਕੇ। ਅਜਿਹਾ ਇਸ ਲਈ ਵੀ ਹੈ ਕਿ ਦਿੱਲੀ ਵਿਚ ਦੋ ਵਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਡੇਰਾ ਲਾਉਣ ਤੋਂ ਬਾਅਦ ਵੀ ਉਨ੍ਹਾਂ ਦੀ ਮੁਲਾਕਾਤ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਨਹੀਂ ਹੋ ਸਕੀ ਸੀ। ਹੁਣ ਜਦੋਂ ਕਿ ਰਾਹੁਲ ਗਾਂਧੀ ਨੇ ਸਿੱਧੂ ਨਾਲ ਮੁਲਾਕਾਤ ਕਰ ਲਈ ਹੈ ਤਾਂ ਕੈਪਟਨ ਵੀ ਸ਼ਕਤੀ ਪ੍ਰਦਰਸ਼ਨ ਦੀ ਮੁਦਰਾ ਵਿਚ ਆਏ ਗਏ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 'ਕੋਵੀਸ਼ੀਲਡ ਟੀਕਿਆਂ' ਦੀ ਘਾਟ, ਕੈਪਟਨ ਨੇ ਕੇਂਦਰ ਤੋਂ ਮੰਗੀ ਹੋਰ ਵੈਕਸੀਨ
‘ਮੱਲਿਕਾਰਜੁਨ ਕਮੇਟੀ ਮੰਥਨ ਦੀ ਮੁਦਰਾ ਵਿਚ’
ਇਸ ਵਿਚਕਾਰ ਮੱਲਿਕਾਰਜੁਨ ਕਮੇਟੀ ਵੀ ਮੰਥਨ ਵਿਚ ਲੱਗ ਗਈ ਹੈ। ਕਮੇਟੀ ਦੇ ਸਾਰੇ ਮੈਂਬਰਾਂ ਨੇ ਰਸਮੀ ਬੈਠਕ ਵੀ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਸਿੱਧੂ ਨਾਲ ਹੋਈ ਮੁਲਾਕਾਤ ਤੋਂ ਬਾਅਦ ਹੁਣ ਕਮੇਟੀ ਦੀ ਛੇਤੀ ਹੀ ਕਾਂਗਰਸ ਹਾਈਕਮਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਵੇਗੀ। ਇਸ ਮੁਲਾਕਾਤ ਤੋਂ ਬਾਅਦ ਹਾਈਕਮਾਨ ਦਾ ਫ਼ੈਸਲਾ ਆਵੇਗਾ। ਕਿਹਾ ਇਹ ਵੀ ਜਾ ਰਿਹਾ ਹੈ ਕਿ ਅਗਲੇ 48 ਘੰਟਿਆਂ ਵਿਚ ਕਾਂਗਰਸ ਹਾਈਕਮਾਨ ਕੋਈ ਵੱਡਾ ਫ਼ੈਸਲਾ ਸੁਣਾ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
'ਪੰਜਾਬੀ ਗਾਇਕਾਂ, ਕਿਸਾਨ ਨੇਤਾਵਾਂ, ਨੌਜਵਾਨਾਂ ਤੇ ਔਰਤਾਂ ’ਤੇ ਦਰਜ ਪਰਚੇ ਤੁਰੰਤ ਰੱਦ ਕਰੇ ਸਰਕਾਰ'
NEXT STORY