ਖਰੜ (ਅਮਰਦੀਪ) : ਖਰੜ ਖੇਤਰ ’ਚ ਹੁਣ ਨਕਲੀ ਮਠਿਆਈਆਂ, ਖੋਆ, ਦੁੱਧ, ਪਨੀਰ ਵੇਚਣ ਵਾਲਿਆਂ ਦੀ ਖੈਰ ਨਹੀਂ, ਕਿਉਂਕਿ ਖਰੜ ਡਿਵੈਲਪਮੈਂਟ ਚੈੱਕ ਗਰੁੱਪ ਨੇ ਐਲਾਨ ਕੀਤਾ ਹੈ ਕਿ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਹੋਇਆਂ 15 ਸਤੰਬਰ ਤੋਂ ਸ਼ਹਿਰ ’ਚ ਛਾਪਾ ਮਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧੀ ਗੱਲਬਾਤ ਕਰਦਿਆਂ ਖਰੜ ਡਿਵੈਲਪਮੈਂਟ ਚੈੱਕ ਗਰੁੱਪ ਦੇ ਚੇਅਰਮੈਨ ਰੁਪਿੰਦਰ ਸਿੰਘ ਬਰਾੜ ਨੇ ਆਖਿਆ ਹੈ ਕਿ ਭਾਵੇਂ ਕਿ ਸਿਹਤ ਵਿਭਾਗ ਦੀ ਇਹ ਡਿਊਟੀ ਬਣਦੀ ਹੈ, ਕਿ ਉਹ ਤਿਉਹਾਰਾਂ ਦੇ ਦਿਨਾਂ ’ਚ ਨਕਲੀ ਮਿਠਾਈਆਂ ਬਣਾਉਣ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਕਰਨ, ਪਰ ਮਹਿਕਮਾ ਦਫ਼ਤਰ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ, ਫੀਲਡ ’ਚ ਕੰਮ ਨਹੀਂ ਕਰਦਾ, ਜਿਸ ਕਾਰਨ ਅਜਿਹੇ ਲੋਕਾਂ ਦੇ ਹੌਂਸਲੇ ਹੋਰ ਬੁਲੰਦ ਹੋ ਰਹੇ ਹਨ। ਹੁਣ ਖਰੜ ਡਿਵੈਲਪਮੈਂਟ ਚੈੱਕ ਗਰੁੱਪ ਨੇ ਬੀੜਾ ਚੁੱਕਿਆ ਹੈ।
ਇਸ ਮੁਹਿੰਮ ’ਚ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਬਰਾੜ ਨੇ ਕਿਹਾ ਕਿ ਤਿਉਹਾਰਾਂ ਦੇ ਦਿਨਾਂ ’ਚ ਦੁਕਾਨਦਾਰ ਦੋ ਮਹੀਨੇ ਪਹਿਲਾਂ ਹੀ ਮਿਠਾਈਆਂ ਬਣਾ ਕੇ ਕੋਲਡ ਸਟੋਰਾਂ ’ਚ ਰੱਖ ਦਿੰਦੇ ਹਨ। ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਯਸ਼ਪਾਲ ਬਾਂਸਲ ਪ੍ਰਧਾਨ, ਪ੍ਰਭਜੋਤ ਸਿੰਘ ਖ਼ਾਲਸਾ ਸੀਨੀਅਰ ਮੀਤ ਪ੍ਰਧਾਨ, ਹਰਮਨਪ੍ਰੀਤ ਸਿੰਘ ਜਰਨਲ ਸਕੱਤਰ, ਅਮਰੀਕ ਸਿੰਘ ਸੈਣੀ ਅਬਰਾਮਾਂ ਮੀਤ ਪ੍ਰਧਾਨ, ਮਾਸਟਰ ਜਗਜੀਤ ਸਿੰਘ ਖ਼ਜ਼ਾਨਚੀ, ਜਸਵੰਤ ਸਿੰਘ ਸੈਣੀ ਸਲਾਹਕਾਰ, ਕੁਲਜੀਤ ਸਿੰਘ ਸਲਾਹਕਾਰ, ਦੀਪਇੰਦਰ ਸਿੰਘ ਭੋਲਾ, ਸ਼ਾਮ ਲਾਲ ਸ਼ਰਮਾ, ਨਰਾਇਣ ਸ਼ਰਮਾ ਵੀ ਹਾਜ਼ਰ ਸਨ।
ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ
NEXT STORY