ਉਨ੍ਹਾਂ ਬਿੱਖੜੇ ਸਮਿਆਂ ਵਿਚ ਜਦ ਮੁਗਲ ਬਾਦਸ਼ਾਹ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਨ ਦਾ ਵੈਰੀ ਬਣਿਆ ਹੋਇਆ ਸੀ ਅਤੇ ਉਸ ਦੇ ਜ਼ੁਲਮ ਕਾਰਨ ਗੁਰੂ ਜੀ ਦੇ ਕਈ ਸ਼ਰਧਾਲੂ ਵੀ ਉਨ੍ਹਾਂ ਦਾ ਸਾਥ ਦੇਣ ਤੋਂ ਝਿਜਕਦੇ ਸਨ, ਉਸ ਵਕਤ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਰਿਆਸਤ (ਹੁਣ ਜ਼ਿਲ੍ਹਾ ਲੁਧਿਆਣਾ) ਵਿਚ ਪਹੁੰਚੇ ਤਾਂ ਉੱਥੋਂ ਦੇ ਮੁਸਲਮਾਨ ਰਾਜਪੂਤ ਹਾਕਮ ਰਾਏ ਕੱਲ੍ਹਾ ਤੀਜਾ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਖ਼ਤਰੇ ਵਿਚ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਜਿੰਨੀ ਦੇਰ ਗੁਰੂ ਜੀ ਨੇ ਠਹਿਰਨਾ ਚਾਹਿਆ, ਓਨੀ ਦੇਰ ਮਹਿਮਾਨ ਵਜੋਂ ਉਨ੍ਹਾਂ ਦੀ ਸੇਵਾ ਕਰਨ ਨੂੰ ਧੰਨਭਾਗ ਸਮਝਿਆ। ਰਾਏਕੋਟ ਤੋਂ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਜੀ ਨੇ ਰਾਏ ਕੱਲ੍ਹਾ ਜੀ ਦੀ ਸਿਦਕਦਿਲੀ ਅਤੇ ਪ੍ਰਾਹੁਣਚਾਰੀ ਤੋਂ ਖੁਸ਼ ਹੋ ਕੇ ਉਸ ਨੂੰ ਗੰਗਾ ਸਾਗਰ, ਰੇਹਲ ਅਤੇ ਇਕ ਕ੍ਰਿਪਾਨ ਦੀ ਬਖਸ਼ਸ਼ ਕੀਤੀ। ਰੇਹਲ ਨੂੰ ਸਮੇਂ ਦੀ ਧੂੜ ਖਾ ਗਈ ਅਤੇ ਕ੍ਰਿਪਾਨ ਨੂੰ ਅੰਗਰੇਜ਼ ਹਾਕਮਾਂ ਨੇ ਹਥਿਆ ਲਿਆ ਪਰ ਗੰਗਾ ਸਾਗਰ ਨੂੰ ਰਾਏ ਪਰਿਵਾਰ ਨੇ ਲਗਪਗ ਸਵਾ ਤਿੰਨ ਸੌ ਸਾਲ ਤੋਂ ਹੁਣ ਤੀਕ ਸੰਭਾਲ ਕੇ ਰੱਖਿਆ ਹੋਇਆ ਹੈ। ਰਾਏ ਕੱਲ੍ਹਾ ਖਾਨਦਾਨ ਦੀ ਨੌਵੀਂ ਪੀੜ੍ਹੀ ਦੇ ਵਰਤਮਾਨ ਨੁਮਾਇੰਦੇ ਜਨਾਬ ਰਾਏ ਅਜ਼ੀਜ਼ਉੱਲਾ ਖਾਨ ਦਾ ਕਹਿਣਾ ਹੈ:
“ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਖਸ਼ਿਸ਼ ‘ਗੰਗਾ ਸਾਗਰ’ ਦਾ ਸੇਵਕ ਹੋਣਾ ਮੇਰੇ ਵਾਸਤੇ ਵੱਡੀ ਇੱਜ਼ਤ ਵਾਲੀ ਗੱਲ ਹੈ। ਆਪਣੇ ਵਡੇਰੇ ਰਾਇ ਕੱਲਾ ਜੀ ਵੱਲੋਂ ਨਿੱਡਰ ਹੋ ਕੇ ਦਲੇਰਾਨਾ ਅਤੇ ਖਾਨਦਾਨੀ ਕਦਮ ਚੁੱਕਦਿਆਂ ਗੁਰੂ ਜੀ ਪ੍ਰਤਿ ਪਿਆਰ ਸਤਿਕਾਰ ਵਿਖਾਏ ਜਾਣ ਉੱਤੇ ਮੈਨੂੰ ਮਾਣ ਹੈ। ਔਰੰਗਜ਼ੇਬ ਦੇ ਰਾਜ ਸਮੇਂ ਗੁਰੂ ਜੀ ਨਾਲ ਬੇਇਨਸਾਫੀ ਅਤੇ ਜ਼ੁਲਮ ਹੋਣ ਮੌਕੇ ਰਾਏ ਕੱਲ੍ਹਾ ਨੇ ਸੱਚੇ ਮੁਸਲਮਾਨ ਵਾਂਗ ਉਨ੍ਹਾਂ ਦੀ ਸੇਵਾ ਅਤੇ ਮਹਿਮਾਨ ਨਿਵਾਜ਼ੀ ਕੀਤੀ। ਗੁਰੂ ਜੀ ਨੇ ਰਾਏ ਕੱਲ੍ਹਾ ਦੀ ਕਦਰਦਾਨੀ ਅਤੇ ਕ੍ਰਿਤੱਗਤਾ ਤੋਂ ਖੁਸ਼ ਹੋ ਕੇ ਗੰਗਾ ਸਾਗਰ ਉਸ ਨੂੰ ਬਖਸ਼ਿਆ। ਅਜੋਕੇ ਸਮੇਂ ਇਹ ਗੰਗਾ ਸਾਗਰ ਜਾਤ,ਨਸਲ ਅਤੇ ਮਜ਼੍ਹਬ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਮਾਨਵਤਾ ਵਿਚ ਪਿਆਰ ਅਤੇ ਇਕ ਦੂਜੇ ਦਾ ਸਤਿਕਾਰ ਕਰਨ ਦਾ ਪ੍ਰਤੀਕ ਹੈ।” ਹੁਣ “ਗੰਗਾ ਸਾਗਰ” ਦੀ ਪਵਿੱਤਰ ਸੇਵਾ ਸੰਭਾਲ ਲਈ ਰਾਏ ਅਜ਼ੀਜ਼ ਉਲਾ ਖਾਨ ਸਾਹਿਬ ਦਾ ਫ਼ਰਜ਼ੰਦ ਰਾਏ ਮੁਹੰਮਦ ਅਲੀ ਖ਼ਾਨ ਸਾਥ ਦੇ ਰਿਹਾ ਹੈ। ਇਸ ਪਵਿੱਤਰ ਬਖਸ਼ਿਸ਼ ਤੇ ਰਾਏ ਕੱਲ੍ਹਾ ਪਰਿਵਾਰ ਬਾਰੇ ਡਾ. ਗੁਰਦੇਵ ਸਿੰਘ ਸਿੱਧੂ ਜੀ ਨੇ ਬਹੁਤ ਖੋਜ ਭਰਪੂਰ ਪੁਸਤਕ ਲਿਖੀ ਹੈ। ਇਹ ਪੁਸਤਕ ਦਸੰਬਰ ਦੇ ਆਖ਼ਰੀ ਹਫ਼ਤੇ ਤੁਸੀਂ ਪੜ੍ਹ ਸਕੋਗੇ।
ਗੁਰਭਜਨ ਸਿੰਘ ਗਿੱਲ
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ
ਪੰਜਾਬ ਪੁਲਸ ਦੇ ਮੁਲਾਜ਼ਮ ਦੀ ਸ਼ੱਕੀ ਹਾਲਾਤ 'ਚ ਮੌਤ, ਪੁਲਸ ਲਾਈਨਾਂ 'ਚ...
NEXT STORY