ਲੋਹੀਆਂ ਖਾਸ, (ਮਨਜੀਤ)- ਸ਼ਿਕਾਇਤ ਪੁਸਤਕ ਵਿਚ ਲਿਖੀ ਸ਼ਿਕਾਇਤ 'ਤੇ ਉਲਟਾ ਸ਼ਿਕਾਇਤਕਰਤਾ ਦੇ ਖਿਲਾਫ ਹੀ ਰੇਲਵੇ ਵਿਭਾਗ ਵੱਲੋਂ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਦੋਸ਼ ਲਾਉਂਦੇ ਹੋਏ ਅਸ਼ੋਕ ਕੁਮਾਰ ਕਾਲੀਆ ਪੁੱਤਰ ਗਿਆਨ ਚੰਦ ਕਾਲੀਆ ਨੇ ਦੱਸਿਆ ਕਿ ਉਹ 19 ਫਰਵਰੀ ਦੇ ਦਿਨ ਲੋਹੀਆਂ-ਲੁਧਿਆਣਾ ਰੇਲਵੇ ਲਾਈਨ ਦੇ ਡੁਮਾਣੇ ਵਾਲੇ ਰੇਲਵੇ ਫਾਟਕ ਤੋਂ ਗੁਜ਼ਰ ਰਿਹਾ ਸੀ ਕਿ ਰੇਲਗੱਡੀ ਆਉਣ ਕਰ ਕੇ ਫਾਟਕ ਬੰਦ ਸੀ ਪਰ ਫਿਰ ਵੀ ਗੇਟਮੈਨ ਫਾਟਕ ਦੇ ਪੋਲ ਉੱਪਰ ਚੱਕ ਕੇ ਕੁਝ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਲੰਘਾ ਰਿਹਾ ਸੀ, ਜਦੋਂ ਮੈਂ ਇਸ ਦਾ ਇਤਰਾਜ਼ ਜਤਾਇਆ ਤਾਂ ਗੇਟਮੈਨ ਮੇਰੇ ਨਾਲ ਬਦਤਮੀਜੀ ਕਰਨ ਲੱਗਾ ਤੇ ਅਪ ਸ਼ਬਦ ਬੋਲੇ। ਮੈਂ ਉਸ ਕੋਲੋਂ ਸ਼ਿਕਾਇਤ ਪੁਸਤਕ ਲੈ ਕੇ ਸ਼ਿਕਾਇਤ ਲਿਖ ਦਿੱਤੀ। ਮੈਨੂੰ ਸਥਾਨਕ ਰੇਲਵੇ ਦੇ ਸਟੇਸ਼ਨ ਮਾਸਟਰ ਦਾ ਮਾਮਲਾ ਨਿਪਟਾਉਣ ਸੰਬੰਧੀ ਫੋਨ ਆਇਆ ਪਰ ਮੈਂ ਉਸ ਵੇਲੇ ਹੈਰਾਨ ਰਹਿ ਗਿਆ, ਜਦੋਂ ਕੁਝ ਦਿਨਾਂ ਬਾਅਦ ਰੇਲਵੇ ਦਾ ਇਕ ਮੁਲਾਜ਼ਮ ਮੇਰੇ ਨਾਂ ਦੇ ਸੰਮਨ ਲੈ ਕੇ ਆਇਆ ਕਿ ਤੁਹਾਡੇ ਖਿਲਾਫ ਗੇਟਮੈਨ ਦੀ ਡਿਊਟੀ ਵਿਚ ਰੁਕਾਵਟ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਫਿਰ ਮੈਂ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ 'ਤੇ ਗਿਆ ਤਾਂ ਮੁਲਾਜ਼ਮ ਕਹਿਣ ਲੱਗਾ ਕਿ ਰੇਲਵੇ ਦੀ ਇਕ ਯੂਨੀਅਨ ਦੇ ਦਬਾਅ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਤਾਂ ਤੈਨੂੰ ਜ਼ਮਾਨਤ ਹੀ ਕਰਵਾਉਣੀ ਪੈਣੀ ਹੈ। ਫਿਰ ਮੈਂ ਇਸ ਬਾਰੇ ਜਲੰਧਰ ਜਾ ਕੇ ਇਨਸਾਫ ਦੀ ਮੰਗ ਕੀਤੀ ਪਰ ਮੈਨੂੰ ਅਜੇ ਤੱਕ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ, ਉੱਥੇ ਦੂਜੇ ਪਾਸੇ ਇਸ ਮਾਮਲੇ ਦੀ ਸ਼ਹਿਰ 'ਚ ਖੂਬ ਚਰਚਾ ਹੋ ਰਹੀ ਕਿ ਇਕ ਆਮ ਆਦਮੀ ਨੂੰ ਜਿਸ ਨੇ ਕੁਝ ਚੰਗਾ ਕਰਨਾ ਚਾਹਿਆ, ਉਸ ਨੂੰ ਕਿਵੇਂ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।
ਟਿੱਬਾ ਮੁਹੱਲਾ ਜਮਸ਼ੇਰ 'ਚ 25 ਸਾਲ ਦੇ ਕਾਰਪੈਂਟਰ ਨੇ ਕੀਤੀ ਖੁਦਕੁਸ਼ੀ
NEXT STORY