ਕਪੂਰਥਲਾ (ਮਹਾਜਨ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਜਾਰੀ ਹਨ। ਜਿਥੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਰੋੜਾਂ ਰੁਪਏ ਵਿਕਾਸ ਕੰਮਾਂ 'ਤੇ ਖਰਚ ਕਰ ਰਹੀ ਹੈ, ਉੱਥੇ ਰੇਲਵੇ ਮੰਤਰਾਲਾ ਇਸ ਸਮਾਗਮ ਨੂੰ ਲੈ ਕੇ ਸਪੈਸ਼ਲ ਗੱਡੀਆਂ ਸ਼ੁਰੂ ਕਰ ਰਿਹਾ ਹੈ ਪਰ ਰੇਲਵੇ ਵਿਭਾਗ ਜੋ ਗੱਡੀਆਂ ਚਲਾ ਰਹੀ ਹੈ, ਇਨ੍ਹਾਂ ਗੱਡੀਆਂ ਲਈ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੇ ਸਟਾਪੇਜ ਦੇ ਲਈ ਯੋਜਨਾ ਬਣਾਉਣ 'ਚ ਅਸਫਲ ਸਾਬਤ ਹੋ ਰਿਹਾ ਹੈ। ਰੇਲ ਮੰਤਰੀ ਪਿਊਸ਼ ਗੋਇਲ ਰੇਲ ਵਿਭਾਗ 'ਚ ਅਨੇਕ ਸਹੂਲਤਾਂ ਉਪਲਬਧ ਕਰਨ ਦੇ ਦਾਅਵੇ ਕਰ ਰਹੇ ਹਨ ਜਦਕਿ ਹੇਠਲੇ ਪੱਧਰ 'ਤੇ ਇਹ ਦਾਅਵੇ ਸਿਰਫ ਖੋਖਲੇ ਹੀ ਹਨ, ਇਹ ਸਭ ਕੁਝ ਸਿਰਫ ਕਾਗਜ਼ਾਂ ਤੇ ਫਾਈਲਾਂ 'ਤੇ ਐਲਾਨ ਤਕ ਹੀ ਸੀਮਤ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਨਵੰਬਰ 2019 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ ਅਤੇ ਕਪੂਰਥਲਾ 'ਚ ਭਾਰੀ ਸੰਗਤਾਂ ਦੇ ਆਉਣ ਦੀ ਉਮੀਦ ਹੈ। ਇਸ ਧਾਰਮਕ ਸਮਾਗਮ ਸਬੰਧੀ ਸੁਲਤਾਨਪੁਰ ਲੋਧੀ ਤੇ ਕਪੂਰਥਲਾ 'ਚ ਸੰਗਤਾਂ ਦਾ ਹੁਣੇ ਤੋਂ ਹੀ ਆਉਣਾ ਸ਼ੁਰੂ ਹੋ ਗਿਆ ਹੈ, ਜਿਨ੍ਹਾਂ ਸੰਗਤਾਂ ਨੇ ਦੂਜੇ ਸੂਬਿਆਂ 'ਤੇ ਵਿਦੇਸ਼ ਤੋਂ ਆਉਣਾ ਹੈ ਉਨ੍ਹਾਂ ਸੰਗਤਾਂ ਲਈ ਜੋ ਨਵੀਆਂ ਗੱਡੀਆਂ ਚਲਣੀਆਂ ਹਨ, ਜੋ ਇਸ ਰੇਲਵੇ ਮਾਰਗ 'ਤੇ ਲੰਬੇ ਰੂਟ ਦੀਆਂ ਗੱਡੀਆਂ ਚੱਲਦੀਆਂ ਹਨ, ਉਸਦਾ ਸਟਾਪੇਜ ਨਾ ਹੋਣ ਨਾਲ ਸੰਗਤਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਪੈਸ਼ਲ ਗੱਡੀਆਂ ਦਾ ਹੋਇਆ ਸਿਰਫ ਐਲਾਨ, ਨਹੀਂ ਹੋਈ ਸਮਾਂ-ਸਾਰਣੀ ਤੈਅ
550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਪੈਸ਼ਲ ਗੱਡੀਆਂ ਦਾ ਸਿਰਫ ਐਲਾਨ ਹੀ ਹੋਇਆ ਹੈ। ਅਜੇ ਤਕ ਕਦੋਂ ਤੋਂ ਗੱਡੀ ਚੱਲਣੀ ਹੈ, ਕਿਥੋਂ ਕਿਥੇ ਤਕ ਚੱਲਣੀ ਹੈ, ਕੀ ਰੂਟ ਹੈ, ਕੀ ਸਮਾਂ ਹੈ, ਕੁਝ ਵੀ ਤੈਅ ਨਹੀਂ ਹੈ। ਐਲਾਨ ਦੀਆਂ ਫਾਈਲਾਂ ਦਫਤਰਾਂ ਦੀਆਂ ਅਲਮਾਰੀਆਂ 'ਚ ਪਈਆਂ ਹਨ, ਅਜੇ ਤਕ ਯੋਜਨਾਵਾਂ ਬਣਾਉਣ 'ਚ ਰੇਲਵੇ ਵਿਭਾਗ ਅਸਫਲ ਸਾਬਿਤ ਹੋ ਰਿਹਾ ਹੈ। ਰੇਲਵੇ ਦੇ ਨਿਯਮ ਅਨੁਸਾਰ 120 ਦਿਨ ਪਹਿਲਾਂ ਰੇਲਵੇ ਦੀ ਟਿਕਟ ਬੁੱਕ ਕਰਵਾ ਸਕਦੇ ਹਨ। ਸੁਲਤਾਨਪੁਰ ਲੋਧੀ 'ਚ 550ਵੇਂ ਪ੍ਰਕਾਸ਼ ਪੁਰਬ ਦੇ ਸ਼ੁਰੂ ਹੋਣ 'ਚ ਵੀ ਸਿਰਫ 120 ਦਿਨ ਦੇ ਕਰੀਬ ਹੀ ਰਹਿ ਗਏ ਹਨ। ਜੇਕਰ ਕਿਸੇ ਦੂਰ ਤੋਂ ਆਉਣ ਵਾਲੇ ਸ਼ਰਧਾਲੂ ਨੇ ਟਿਕਟ ਬੁੱਕ ਕਰਵਾਉਣੀ ਹੈ ਤਾਂ ਉਹ ਕਿਵੇਂ ਕਰਵਾਏਗਾ ਕਿਉਂਕਿ ਰੇਲਵੇ ਵਿਭਾਗ ਨੇ ਕਿਹੜੀਆਂ ਗੱਡੀਆਂ ਚਲਾਉਣੀਆਂ ਹਨ, ਅਜੇ ਤਕ ਉਸਦੀ ਸਮਾਂ ਸਾਰਣੀ ਹੀ ਨਹੀਂ ਬਣਾਈ ਤੇ ਕਿਹੜਾ ਰੂਟ ਰਹਿਣਾ ਹੈ, ਇਹ ਵੀ ਅਜੇ ਤਕ ਤੈਅ ਨਹੀਂ ਹੋਇਆ ਹੈ।
ਗੱਡੀਆ ਦਾ ਨਹੀਂ ਹੈ ਕਪੂਰਥਲਾ ਤੇ ਸੁਲਤਾਨਪੁਰ ਲੋਧੀ 'ਚ ਸਟਾਪੇਜ
ਇਥੇ ਇਹ ਜ਼ਿਕਰਯੋਗ ਹੈ ਕਿ ਭਾਵਨਗਰ, ਗੁਜਰਾਤ ਤੋਂ ਊਧਮਪੁਰ ਦੇ ਲਈ ਹਫਤੇ 'ਚ ਇਕ ਵਾਰ ਚੱਲਣ ਵਾਲੀ ਗੱਡੀ 19107 ਡਾਊਨ ਤੇ 19108 ਅੱਪ ਗੱਡੀਆਂ ਦਾ ਸਟਾਪੇਜ ਕਪੂਰਥਲਾ ਤੇ ਸੁਲਤਾਨਪੁਰ ਲੋਧੀ 'ਚ ਨਹੀਂ ਹੈ, ਜੋ ਇਹ ਗੱਡੀ 19107 ਹਰ ਸੋਮਵਾਰ ਨੂੰ ਸੁਲਤਾਨਪੁਰ ਲੋਧੀ ਤੋਂ ਸਵੇਰੇ 10.10 ਵਜੇ ਤੇ ਕਪੂਰਥਲਾ ਤੋਂ ਸਵੇਰੇ 10.33 ਵਜੇ ਨਿਕਲਦੀ ਹੈ। ਇਸੇ ਤਰ੍ਹਾਂ ਗੱਡੀ ਨੰਬਰ 19108 ਕਪੂਰਥਲਾ ਤੋਂ ਮੰਗਵਾਰ ਸਵੇਰੇ 2.40 ਵਜੇ ਤੇ ਸੁਲਤਾਨਪੁਰ ਲੋਧੀ ਤੋਂ ਸਵੇਰੇ 3 ਵਜੇ ਦੇ ਕਰੀਬ ਗੁਜ਼ਰਦੀ ਹੈ। ਇਸੇ ਤਰ੍ਹਾਂ ਗੱਡੀ ਨੰਬਰ 19415 ਜੋ ਹਰ ਐਤਵਾਰ ਨੂੰ ਸ਼ਾਮ 7.05 ਵਜੇ ਅਹਿਮਦਾਬਾਦ ਤੋਂ ਕਟੜਾ ਮਾਤਾ ਵੈਸ਼ਨੋ ਦੇਵੀ ਦੇ ਲਈ ਚੱਲਦੀ ਹੈ। ਸੋਮਵਾਰ ਨੂੰ ਰਾਤ 8.30 ਵਜੇ ਦੇ ਕਰੀਬ ਸੁਲਤਨਾਪੁਰ ਤੇ 9 ਵਜੇ ਦੇ ਕਰੀਬ ਕਪੂਰਥਲਾ ਤੋਂ ਨਿਕਲਦੀ ਹੈ। ਗੱਡੀ ਨੰਬਰ 19416 ਜੋ ਕਟੜਾ ਤੋਂ ਅਹਿਮਦਾਬਾਦ ਦੇ ਲਈ ਕਟੜਾ ਤੋਂ ਹਰ ਮੰਗਲਵਾਰ ਸਵੇਰੇ 10.20 ਵਜੇ ਚੱਲਦੀ ਹੈ, ਉਹ ਕਪੂਰਥਲਾ ਤੋਂ ਸ਼ਾਮ 7.30 ਵਜੇ ਤੇ ਸੁਲਤਾਨਪੁਰ ਲੋਧੀ ਤੋਂ ਰਾਤ 8 ਵਜੇ ਦੇ ਕਰੀਬ ਨਿਕਲਦੀ ਹੈ। ਇਨ੍ਹਾਂ ਗੱਡੀਆਂ ਦਾ ਸਟਾਪੇਜ ਨਾ ਹੋਣ ਨਾਲ ਸ਼ਰਧਾਲੂਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਦੀਆਂ ਧਾਰਮਕ ਸੰਸਥਾਵਾਂ ਨੇ ਰੇਲ ਮੰਤਰਾਲਾ ਨੂੰ ਅਪੀਲ ਕੀਤੀ ਕਿ ਇਨ੍ਹਾਂ ਗੱਡੀਆਂ ਦੇ ਠਹਿਰਾਓ ਕਪੂਰਥਲਾ ਤੇ ਸੁਲਤਾਨਪੁਰ ਲੋਧੀ 'ਚ ਕੀਤਾ ਜਾਵੇ।
ਸੈਸ਼ਨ 'ਚ ਵੀ ਰੱਖਾਂਗਾ ਮੰਗ : ਸੰਸਦ ਮੈਂਬਰ ਜਸਬੀਰ ਡਿੰਪਾ
ਖਡੂਰ ਸਾਹਿਬ ਲੋਕ ਸਭਾ ਖੇਤਰ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਮੇਰੇ ਸੰਸਦੀ ਖੇਤਰ 'ਚ ਪੈਂਦੇ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੀ ਰੇਲ ਵਿਭਾਗ ਸਬੰਧੀ ਸਮੱਸਿਆਵਾਂ ਨੂੰ ਰੇਲ ਮੰਤਰੀ ਦੇ ਮੂਹਰੇ ਰੱਖਿਆ ਜਾਵੇਗਾ, ਜੇਕਰ ਜ਼ਰੂਰਤ ਪਈ ਤਾਂ ਇਸ ਮੁੱਦੇ ਨੂੰ ਸੰਸਦ 'ਚ ਵੀ ਰੱਖਾਂਗਾ। ਉਨ੍ਹਾਂ ਕਿਹਾ ਕਿ ਜੋ 19107, 19108, 19415, 19416 ਗੱਡੀਆਂ ਦਾ ਠਹਿਰਾਓ ਕਪੂਰਥਲਾ ਤੇ ਸੁਲਤਾਨਪੁਰ ਲੋਧੀ 'ਚ ਨਵੀਂ ਦਿੱਲੀ ਟ੍ਰੇਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਜੋ ਇਸ ਖੇਤਰ ਦੀ ਲੰਬੇ ਸਮੇਂ ਤੋਂ ਮੰਗ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਐਲਾਨ ਰੇਲਵੇ ਵਿਭਾਗ ਵੱਲੋਂ ਕੀਤੇ ਗਏ ਸਨ ਤੇ ਇਸ ਖੇਤਰ 'ਚ ਜੋ ਰੇਲਵੇ ਸਬੰਧੀ ਜ਼ਰੂਰਤਾਂ ਹਨ, ਉਨ੍ਹਾਂ ਨੂੰ ਪੂਰਾ ਕਰਵਾਇਆ ਜਾਵੇਗਾ।
ਰੇਲਵੇ ਦੀ ਮੀਟਿੰਗ 'ਚ ਰੱਖੀ ਜਾਵੇਗੀ ਗੱਡੀਆਂ ਦੇ ਠਹਿਰਾਓ ਦੀ ਗੱਲ : ਪਾਸੀ
ਉੱਤਰ ਰੇਲਵੇ ਡਵੀਜ਼ਨ ਸਲਾਹਕਾਰ ਕਮੇਟੀ ਦੇ ਮੈਂਬਰ ਪੁਰਸ਼ੋਤਮ ਪਾਸੀ ਨੇ ਕਿਹਾ ਕਿ ਰੇਲਵੇ ਸਬੰਧੀ ਕਪੂਰਥਲਾ, ਸੁਲਤਾਨਪੁਰ ਲੋਧੀ ਦੀਆਂ ਕੁਝ ਮੰਗਾਂ ਪਹਿਲਾਂ ਹੀ ਮੀਟਿੰਗ 'ਚ ਰੱਖੀਆਂ ਗਈਆਂ ਹਨ, ਜੋ ਗੱਡੀਆਂ ਦੇ ਠਹਿਰਾਅ ਲਈ ਨਹੀਂ। ਇਸ ਸਬੰਧੀ ਪ੍ਰਸਤਾਵ ਮੀਟਿੰਗ 'ਚ ਲਿਆ ਜਾਵੇਗਾ ਤੇ ਰੇਲਵੇ ਮੰਤਰੀ ਪਿਊਸ਼ ਗੋਇਲ ਨੂੰ ਵੀ ਮਿਲਿਆ ਜਾਵੇਗਾ।
ਡੀ. ਆਰ. ਐੱਮ. ਨਾਲ ਕਈ ਵਾਰ ਗੱਲ ਕਰਨੀ ਚਾਹੀ ਪਰ ਨਹੀਂ ਚੁੱਕਿਆ ਫੋਨ
ਇਸ ਸਬੰਧੀ ਜਦੋਂ ਡੀ. ਆਰ. ਐੱਮ. ਰੇਲਵੇ ਫਿਰੋਜ਼ਪੁਰ ਡਵੀਜ਼ਨ ਰਾਜੇਸ਼ ਅਗਰਵਾਲ ਨਾਲ ਗੱਲ ਕਰਨ ਲਈ ਉਨ੍ਹਾਂ ਦੇ ਮੋਬਾਇਲ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਚੁੱਕਣ ਦੀ ਜ਼ਹਿਮਤ ਨਹੀਂ ਕੀਤੀ। ਇਸ ਤੋਂ ਪਹਿਲਾਂ ਵੀ ਕਈ ਵਾਰ ਜੇਕਰ ਉਨ੍ਹਾਂ ਨਾਲ ਕਿਸੇ ਖਬਰ ਲਈ ਸੰਪਰਕ ਕੀਤਾ ਗਿਆ ਤਾਂ ਉਹ ਫੋਨ ਨਹੀਂ ਉਠਾਉਂਦੇ।
ਲੁਧਿਆਣਾ ਜੇਲ ਕਾਂਡ ਦੇ ਦੋਸ਼ੀ 8 ਗੈਂਗਸਟਰ ਵੱਖ-ਵੱਖ ਜੇਲਾਂ 'ਚ ਸ਼ਿਫਟ
NEXT STORY