ਮੱਖੂ (ਵਾਹੀ) : ਬੀਤੀ ਰਾਤ ਪਏ ਮੀਂਹ ਅਤੇ ਚੱਲੀ ਹਨ੍ਹੇਰੀ ਨਾਲ ਮੱਖੂ ਬਲਾਕ ਦੇ ਪਿੰਡਾਂ ਵਿਚ ਵਧੇਰੇ ਕਣਕਾਂ ਵਿੱਛ ਗਈਆਂ। ਪਹਿਲਾਂ ਤੋਂ ਹੀ ਮੌਸਮ ਵਿਭਾਗ ਵੱਲੋਂ 17 ਤੋਂ 21 ਤਾਰੀਖ਼ ਤੱਕ ਮੀਂਹ ਹਨ੍ਹੇਰੀ ਅਤੇ ਗੜੇਮਾਰੀ ਦੀ ਜਾਣਕਾਰੀ ਦਿੱਤੀ ਗਈ ਸੀ ਜਿਸ ਕਾਰਨ ਕਿਸਾਨ ਪਹਿਲਾਂ ਹੀ ਚਿੰਤਿਤ ਸਨ। ਬੀਤੀ ਰਾਤ ਹਲਕੀ ਜਿਹੀ ਫੁਹਾਰ ਗੜਿਆਂ ਦੀ ਵੀ ਪਈ ਪਰ ਕਣਕਾਂ ਦਾ ਨੁਕਸਾਨ ਦਾ ਕਾਰਨ ਮੀਂਹ ਦੇ ਨਾਲ ਆਈ ਹਨ੍ਹੇਰੀ ਰੂਪੀ ਤੇਜ਼ ਹਵਾ ਬਣੀ ਜਿਸ ਕਾਰਨ ਪੱਕਣ ਲਈ ਤਿਆਰ ਖੜ੍ਹੀ ਕਣਕ ਜ਼ਮੀਨ ’ਤੇ ਵਿੱਛ ਗਈ। ਕਣਕ ਦੇ ਪਿਛਲੇ ਸਾਲ ਵੀ ਅਗੇਤੀ ਜ਼ਿਆਦਾ ਗਰਮੀ ਪੈ ਜਾਣ ਕਾਰਨ ਕਣਕਾਂ ਦਾ ਝਾੜ ਬਹੁਤ ਘੱਟ ਗਿਆ ਸੀ ਜਿਸ ਕਾਰਨ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਸੀ ਪਰ ਇਸ ਵਾਰ ਹੁਣ ਤੋਂ ਪਹਿਲਾਂ ਦਾ ਮੌਸਮ ਖੁਸ਼ਗਵਾਰ ਸੀ ਜਿਸ ਕਾਰਨ ਕਿਸਾਨਾਂ ਨੂੰ ਕਣਕ ਦੀ ਚੰਗੀ ਪੈਦਾਵਾਰ ਦੀ ਆਸ ਸੀ।
ਜੇਕਰ ਆਉਣ ਵਾਲੇ ਤਿੰਨ ਦਿਨ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਹੋਰ ਮੀਂਹ ਹਨ੍ਹੇਰੀ ਜਾਂ ਗੜੇਮਾਰੀ ਹੋਈ ਤਾਂ 'ਡੈਨ ਦੇ ਕੁੱਛੜ ਮੁੰਡੇ' ਦੀ ਕਹਾਵਤ ਅਨੁਸਾਰ ਕਿਸਾਨਾਂ ਦੇ ਭਾਰੀ ਨੁਕਸਾਨ ਤੋਂ ਬਚਣਾ ਅਸੰਭਵ ਪ੍ਰਤੀਤ ਹੋ ਰਿਹਾ ਹੈ। ਇਸ ਨਾਲ ਕਿਸਾਨਾਂ ਦੇ ਜਿੱਥੇ ਸਾਹ ਸੂਤੇ ਹੋਏ ਹਨ, ਉਥੇ ਹੀ ਰਾਤਾਂ ਦੀ ਨੀਂਦ ਵੀ ਹਰਾਮ ਹੋ ਗਈ ਹੈ। ਕਿਸਾਨ ਹਰਜਿੰਦਰ ਸਿੰਘ ਸੂਦਾਂ ਨੇ ਇਸ ਬਾਬਤ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਵਾਹਿਗੁਰੂ ਤੋਂ ਆਉਣ ਵਾਲੇ ਤਿੰਨ ਦਿਨਾਂ ਲਈ ਅਰਦਾਸ ਕਰਨ ਤੋਂ ਇਲਾਵਾ ਕੁੱਝ ਨਹੀਂ ਕਰ ਸਕਦੇ।
ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਹੋਣ ਲੱਗੀਆਂ ਤਿਆਰੀਆਂ, ਡੀ. ਸੀ. ਨੇ ਅਧਿਕਾਰੀਆਂ ਤੋਂ ਮੰਗੀ ਇਹ ਰਿਪੋਰਟ
NEXT STORY