ਰੂਪਨਗਰ, (ਕੈਲਾਸ਼)- ਸਵੇਰ ਤੋਂ ਪੈ ਰਹੇ ਮੀਂਹ ਕਾਰਨ ਜਿਥੇ ਸ਼ਹਿਰ ਦੀਆਂ ਸੜਕਾਂ ਜਲ-ਥਲ ਹੋ ਗਈਆਂ, ਉਥੇ ਹੀ ਸਕੂਲੀ ਬੱਚਿਆਂ ਤੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਅੱਜ ਤੜਕੇ ਤੋਂ ਹੀ ਸ਼ਹਿਰ 'ਚ ਮੀਂਹ ਪੈਣਾ ਸ਼ੁਰੂ ਹੋ ਗਿਆ, ਜੋ ਲਗਾਤਾਰ 8 ਵਜੇ ਤੱਕ ਪੈਂਦਾ ਰਿਹਾ, ਜਿਸ ਕਾਰਨ ਸ਼ਹਿਰ ਦੇ ਚਾਰੇ ਪਾਸੇ ਖਾਸ ਕਰਕੇ ਹੇਠਲੇ ਹਿੱਸਿਆਂ 'ਚ ਪਾਣੀ ਜਮ੍ਹਾ ਹੋ ਗਿਆ। ਲੋਕਾਂ ਨੇ ਦੱਸਿਆ ਕਿ ਪੁਰਾਣੇ ਸ਼ਹਿਰ ਰੂਪਨਗਰ, ਜੋ ਕਾਫੀ ਉੱਚਾ ਹੈ, ਦਾ ਸਾਰਾ ਪਾਣੀ ਹੇਠਲੇ ਖੇਤਰਾਂ 'ਚ ਮਾਰ ਕਰਦਾ ਹੈ, ਜਿਸ ਕਾਰਨ ਹੇਠਲੇ ਇਲਾਕਿਆਂ ਤੇ ਨਵੀਆਂ ਬਣੀਆਂ ਕਾਲੋਨੀਆਂ 'ਚ ਪਾਣੀ ਘਰਾਂ 'ਚ ਦਾਖਲ ਹੋ ਜਾਂਦਾ ਹੈ, ਜਦੋਂਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਹੇਠਲੇ ਇਲਾਕਿਆਂ 'ਚ ਪਾਣੀ ਦੀ ਨਿਕਾਸੀ ਲਈ ਠੋਸ ਯੋਜਨਾ ਨਹੀਂ ਲਾਗੂ ਕੀਤੀ ਜਾ ਰਹੀ। ਲੋਕਾਂ ਨੇ ਮੰਗ ਕੀਤੀ ਕਿ ਰੂਪਨਗਰ 'ਚ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਮੀਂਹ ਤੋਂ ਪਹਿਲਾਂ ਯਕੀਨੀ ਬਣਾਏ ਜਾਣੇ ਚਾਹੀਦੇ ਹਨ।
ਸੁਵਿਧਾ ਨਹੀਂ ਤਾਂ ਟੈਕਸ ਨਹੀਂ- ਇਸ ਮੌਕੇ ਦਸਮੇਸ਼ ਕਾਲੋਨੀ ਦੀ ਗਲੀ ਨੰ. 1 ਦੇ ਵਾਸੀਆਂ ਗੁਰਦੇਵ ਸਿੰਘ, ਸੁਰਜੀਤ ਕੌਰ, ਦਲੀਪ ਸਿੰਘ, ਸੰਤੋਖ ਕੌਰ, ਰਾਜ ਰਾਣੀ, ਕਮਲਾ ਆਦਿ ਨੇ ਕਿਹਾ ਕਿ ਉਹ 25 ਸਾਲਾਂ ਤੋਂ ਕਾਲੋਨੀ 'ਚ ਰਹਿ ਰਹੇ ਹਨ ਪਰ ਉਨ੍ਹਾਂ ਨੂੰ ਕੌਂਸਲ ਵੱਲੋਂ ਕੋਈ ਸੁਵਿਧਾ ਮੁਹੱਈਆ ਨਹੀਂ ਕਰਵਾਈ ਜਾ ਰਹੀ। ਮੀਂਹ ਪੈਣ 'ਤੇ ਉਨ੍ਹਾਂ ਦੇ ਘਰ ਪਾਣੀ 'ਚ ਡੁੱਬ ਜਾਂਦੇ ਹਨ। ਸੀਵਰੇਜ ਦਾ ਪਾਣੀ ਬੈਕ ਮਾਰ ਕੇ ਘਰਾਂ 'ਚ ਦਾਖਲ ਹੋ ਜਾਂਦਾ ਹੈ। ਉਹ ਨਗਰ ਕੌਂਸਲ ਨੂੰ ਸੀਵਰੇਜ-ਪਾਣੀ ਦਾ ਬਿੱਲ ਨਹੀਂ ਦੇਣਗੇ ਕਿਉਂਕਿ ਉਨ੍ਹਾਂ ਨੂੰ ਕੋਈ ਸੁਵਿਧਾ ਨਹੀਂ ਮਿਲ ਰਹੀ। ਗੁਰਦੇਵ ਸਿੰਘ ਨੇ ਕਿਹਾ ਕਿ ਉਹ ਇਸ ਸਬੰਧ 'ਚ ਇਕ ਸ਼ਿਕਾਇਤ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਕਰਨਗੇ ਤੇ ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਉਹ ਸਥਾਨਕ ਸਰਕਾਰਾਂ ਵਿਭਾਗ ਵਿਰੁੱਧ ਉਪਭੋਗਤਾ ਕੋਰਟ 'ਚ ਮਾਮਲਾ ਉਠਾਉਣਗੇ।
ਕੀ ਕਹਿੰਦੇ ਹਨ ਸਮਾਜਸੇਵੀ- ਸਮਾਜਸੇਵੀ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਡਾ. ਆਰ. ਐੱਸ. ਪਰਮਾਰ ਨੇ ਕਿਹਾ ਕਿ ਉਹ ਪਹਿਲਾਂ ਵੀ ਸਮੱਸਿਆ ਨੂੰ ਪੰਜਾਬ ਦੇ ਸਪੀਕਰ ਤੇ ਨੰਗਲ ਦੇ ਵਿਧਾਇਕ ਰਾਣਾ ਕੇ. ਪੀ. ਸਿੰਘ ਨੂੰ ਦੱਸ ਚੁੱਕੇ ਹਨ ਤੇ ਉਨ੍ਹਾਂ ਇਸ ਸਬੰਧ 'ਚ ਜਲਦ ਯੋਜਨਾ ਬਣਾਉਣ ਦਾ ਵਾਅਦਾ ਵੀ ਕੀਤਾ ਸੀ। ਇਸ ਮੌਕੇ ਦਲੀਪ ਸਿੰਘ ਨੇ ਦੱਸਿਆ ਕਿ ਦਸਮੇਸ਼ ਨਗਰ 'ਚ ਮੁਹੱਲਾ ਮਾਤਾ ਰਾਣੀ, ਪਿਆਰਾ ਸਿੰਘ ਕਾਲੋਨੀ ਤੇ ਸ਼ਹਿਰ ਦੇ ਹੋਰ ਖੇਤਰਾਂ ਦਾ ਪਾਣੀ ਆ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਂਸਲ ਵੱਲੋਂ ਸਮੱਸਿਆ ਦੇ ਹੱਲ ਲਈ ਨਾਲੇ ਦਾ ਨਿਰਮਾਣ ਵੀ ਕਰਵਾਇਆ ਗਿਆ ਸੀ ਪਰ ਲੰਬੇ ਸਮੇਂ ਤੋਂ ਇਹ ਕੰਮ ਲਟਕਿਆ ਪਿਆ ਹੈ ਤੇ ਉਨ੍ਹਾਂ ਦੀ ਸਮੱਸਿਆ ਜਿਉਂ ਦੀ ਤਿਉਂ ਹੈ।
15 ਦੇ ਸੂਬਾ ਪੱਧਰੀ ਪ੍ਰੋਗਰਾਮ ਨੂੰ ਲੈ ਕੇ ਸ਼ਹਿਰ 'ਚ ਪੁਲਸ ਨੇ ਕੱਢਿਆ ਫਲੈਗ ਮਾਰਚ
NEXT STORY