ਮੋਹਾਲੀ (ਨਿਆਮੀਆਂ) : ਪੰਜਾਬ 'ਚ ਬੀਤੇ 3 ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਇਸ ਦੌਰਾਨ ਜਿੱਥੇ ਆਮ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ, ਉੱਥੇ ਹੀ ਕਿਸਾਨ ਵੀ ਆਪਣੀਆਂ ਬਰਬਾਦ ਹੋ ਰਹੀਆਂ ਫ਼ਸਲਾਂ ਨੂੰ ਲੈ ਕੇ ਪੂਰੀ ਤਰ੍ਹਾਂ ਚਿੰਤਾ 'ਚ ਡੁੱਬੇ ਹੋਏ ਹਨ। ਇਸ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ। ਕਿਸਾਨਾਂ ਦੀਆਂ ਫ਼ਸਲਾਂ ਪੱਕਣ ਤੇ ਆਈਆਂ ਹੋਈਆਂ ਹਨ ਅਤੇ ਲਗਾਤਾਰ ਪੈ ਰਹੀ ਮੀਂਹ ਕਾਰਨ ਫ਼ਸਲਾਂ ਪਾਣੀ 'ਚ ਲਗਭਗ ਡੁੱਬ ਗਈਆਂ ਹਨ। ਹੋਰ ਤਾਂ ਹੋਰ ਕਿਸਾਨਾਂ ਦਾ ਚਾਰਾ ਵੀ ਪਾਣੀ ਦੀ ਭੇਂਟ ਚੜ੍ਹ ਗਿਆ ਹੈ। ਚਾਰੇ ਪਾਸੇ ਖੇਤਾਂ 'ਚ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : ਧੀਆਂ ਵਰਗੀ ਨੂੰਹ ਦੇ ਹੱਥ ਬੰਨ੍ਹ ਸ਼ਰਾਬੀ ਸਹੁਰੇ ਨੇ ਪਾਰ ਕੀਤੀਆਂ ਹੱਦਾਂ, ਤਾਰ-ਤਾਰ ਕਰ ਛੱਡੇ ਰਿਸ਼ਤੇ
ਕਿਸਾਨ ਲਈ ਪੁੱਤਾਂ ਵਾਂਗ ਪਾਲੀ ਹੋਈ ਫ਼ਸਲ ਦਾ ਇਹ ਆਖ਼ਰੀ ਮਹੀਨਾ ਬਹੁਤ ਮਹੱਤਵਪੂਰਨ ਹੁੰਦਾ ਹੈ ਅਤੇ ਉਹ ਇਸ ਵੱਲ ਸਭ ਤੋਂ ਜ਼ਿਆਦਾ ਧਿਆਨ ਦਿੰਦਾ ਹੈ ਪਰ ਇਸ ਵਾਰ ਜਦੋਂ ਫ਼ਸਲ ਪੱਕਣ 'ਤੇ ਆਈ ਤਾਂ ਅਣਕਿਆਸੀ ਬਾਰਸ਼ ਇੰਨੀ ਜ਼ੋਰਦਾਰ ਹੋਈ ਕਿ ਇਸ ਨੇ ਚਾਰੇ ਪਾਸੇ ਜਲ-ਥਲ ਕਰ ਦਿੱਤਾ। 'ਜਗਬਾਣੀ' ਦੀ ਟੀਮ ਵੱਲੋਂ ਅੱਜ ਜ਼ਿਲ੍ਹਾ ਮੋਹਾਲੀ ਦੇ ਕਈ ਪਿੰਡਾਂ ਦਾ ਦੌਰਾ ਕਰਕੇ ਵੇਖਿਆ ਗਿਆ ਕਿ ਖੇਤਾਂ 'ਚ ਚਾਰੇ ਪਾਸੇ ਪਾਣੀ ਹੀ ਪਾਣੀ ਹੈ।
ਖ਼ਾਸ ਕਰਕੇ ਪਿੰਡ ਚੋਲਟਾ ਕਲਾਂ, ਚੋਲਟਾ ਖੁਰਦ, ਪੰਨੂੰਆਂ ਰੰਗੀਆਂ, ਨਿਆਮੀਆਂ ਧੜਾਕ ਮਲਕਪੁਰ ਆਦਿ 'ਚ ਪਾਣੀ ਦੀ ਮਾਰ ਬਹੁਤ ਜ਼ਿਆਦਾ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਖਰੜ ਵੱਲੋਂ ਆਉਣ ਵਾਲਾ ਬਰਸਾਤੀ ਪਾਣੀ ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ 'ਚ ਦੀ ਹੋ ਕੇ ਲੰਘਦਾ ਹੈ, ਜਿਸ ਕਰਕੇ ਫਸਲਾਂ ਪਾਣੀ 'ਚ ਡੁੱਬ ਗਈਆਂ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਇਜਲਾਸ ਬੁਲਾਉਣ ਲਈ ਮੁੜ ਰਾਜਪਾਲ ਨੂੰ ਅਪੀਲ
ਇਸ ਇਲਾਕੇ 'ਚ ਹੀ ਪਹਿਲਾਂ ਫ਼ਸਲਾਂ 'ਤੇ ਵਾਇਰਸ ਦਾ ਹਮਲਾ ਹੋਇਆ ਸੀ, ਜਿਸ ਕਰਕੇ ਫ਼ਸਲਾਂ ਕਾਫੀ ਮਧਰੀਆਂ ਰਹਿ ਗਈਆਂ ਸਨ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਇਕ ਚੌਥਾਈ ਫ਼ਸਲ ਮਧਰੇਪਣ ਦੇ ਰੋਗ ਦਾ ਸ਼ਿਕਾਰ ਹੋਈ ਹੈ। ਪਹਿਲਾਂ ਤਾਂ ਘਾਟਾ ਲੋਕਾਂ ਨੇ ਜਰ ਲਿਆ ਸੀ ਪਰ ਹੁਣ ਪੱਕੀ ਹੋਈ ਫ਼ਸਲ ਨੂੰ ਪਾਣੀ 'ਚ ਡੁੱਬੀ ਹੋਈ ਵੇਖ ਕੇ ਕਿਸਾਨ ਆਪਣੀ ਹੋਣੀ 'ਤੇ ਝੂਰ ਰਿਹਾ ਹੈ।
ਇਕ ਕਿਸਾਨ ਲਈ ਜਿੰਨੀ ਮਹੱਤਵਪੂਰਨ ਉਸਦੀ ਫ਼ਸਲ ਹੁੰਦੀ ਹੈ, ਉਸ ਤੋਂ ਵੀ ਮਹੱਤਵਪੂਰਨ ਉਸ ਦੇ ਪਸ਼ੂਆਂ ਲਈ ਚਾਰਾ ਹੁੰਦਾ ਹੈ। ਇਸ ਵਾਰ ਚਾਰੇ ਦਾ ਵੀ ਬੁਰਾ ਹਾਲ ਹੈ। ਸਾਰੀਆਂ ਚਰ੍ਹੀ ਤੇ ਬਾਜਰਾ ਲਗਾਤਾਰ ਬਾਰਸ਼ ਦੇ ਕਾਰਨ ਹੇਠਾਂ ਡਿੱਗ ਪਿਆ ਹੈ ਤੇ ਉਸ ਦੇ ਉੱਤੋਂ ਦੀ ਪਾਣੀ ਵੱਗ ਗਿਆ ਹੈ।
ਇਹ ਵੀ ਪੜ੍ਹੋ : ਭਾਰੀ ਮੀਂਹ ਨੇ PAU ਦੇ ਕਿਸਾਨ ਮੇਲੇ ਦਾ ਮਜ਼ਾ ਕੀਤਾ ਕਿਰਕਿਰਾ, ਮਹਿੰਗੇ ਸਟਾਲਾਂ ਦੇ ਚਾਰੇ ਪਾਸੇ ਭਰਿਆ ਪਾਣੀ (ਤਸਵੀਰਾਂ)
ਇਸ ਕਰਕੇ ਫ਼ਸਲਾਂ ਬਰਬਾਦ ਹੋ ਗਈਆਂ ਹਨ। ਕਿਸਾਨਾਂ ਨੂੰ ਹੁਣ ਇਹ ਚਿੰਤਾ ਸਤਾ ਰਹੀ ਹੈ ਕਿ ਉਹ ਪਸ਼ੂਆਂ ਨੂੰ ਖਾਣ ਲਈ ਕੀ ਦੇਵੇਗਾ? ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ ਨੇ ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਇਲਾਕੇ 'ਚ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ।
ਉਨ੍ਹਾਂ ਮੰਗ ਕੀਤੀ ਕਿ ਅਜੇ ਤੱਕ ਮਧਰੇਪਣ ਦਾ ਸ਼ਿਕਾਰ ਹੋਈ ਫ਼ਸਲ ਦੀ ਗਿਰਦਾਵਰੀ ਵੀ ਨਹੀਂ ਸੀ ਹੋਈ ਪਰ ਹੁਣ ਤਾਂ ਪੱਕੀਆਂ ਹੋਈਆਂ ਫ਼ਸਲਾਂ ਹੀ ਪਾਣੀ 'ਚ ਡੁੱਬ ਗਈਆਂ ਹਨ। ਉਨ੍ਹਾਂ ਸਰਕਾਰ ਤੋਂ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦੋ ਕਾਰਾਂ ’ਚ ਜ਼ਬਰਦਸਤ ਟੱਕਰ, ਇਕ ਔਰਤ ਦੀ ਮੌਤ
NEXT STORY