ਭਵਾਨੀਗੜ੍ਹ (ਵਿਕਾਸ ਮਿੱਤਲ) - ਭਵਾਨੀਗੜ੍ਹ ਸ਼ਹਿਰ ਤੇ ਇਲਾਕੇ ਵਿਚ ਪਿਛਲੇ ਕਈ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੇ ਭਾਰੀ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਢੁੱਕਵੇਂ ਨਿਕਾਸੀ ਪ੍ਰਬੰਧਾਂ ਦੀ ਘਾਟ ਕਾਰਨ ਸ਼ਹਿਰ ਦੇ ਜ਼ਿਆਦਾਤਰ ਇਲਾਕੇ ਮੀਂਹ ਦੇ ਪਾਣੀ 'ਚ ਡੁੱਬ ਗਏ ਹਨ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਦੌਰਾਨ ਬਾਲਦ ਕੋਠੀ ਵਿਚ ਨਵੇਂ ਬਣੇ ਸਬ-ਡਿਵੀਜ਼ਨਲ ਕੰਪਲੈਕਸ ਜਿੱਥੇ ਮੁੱਖ ਤੌਰ 'ਤੇ ਐਸ.ਡੀ.ਐਮ. ਅਤੇ ਤਹਿਸੀਲਦਾਰ ਦਾ ਦਫ਼ਤਰ ਸਥਿਤ ਹੈ, ਦੀ ਚਾਰਦੀਵਾਰੀ ਦਾ 10 ਤੋਂ 12 ਫੁੱਟ ਦਾ ਹਿੱਸਾ ਡਿੱਗ ਗਿਆ। ਇਸ ਦੌਰਾਨ ਜਦੋਂ ਸਬ-ਡਿਵੀਜ਼ਨ ਕੰਪਲੈਕਸ ਦਾ ਦੌਰਾ ਕੀਤਾ ਗਿਆ ਤਾਂ ਮੀਂਹ ਦਾ ਪਾਣੀ ਖਿੜਕੀਆਂ ਦਰਵਾਜ਼ਿਆਂ ਰਾਹੀਂ ਅੰਦਰ ਲਗਾਈ ਗਈ ਲਿਫਟ ਤੱਕ ਪਹੁੰਚਿਆ ਹੋਇਆ ਸੀ ਜਿਸ ਨੂੰ ਕਰਮਚਾਰੀ ਵਾਈਪਰ ਨਾਲ ਹਟਾਉਂਦੇ ਦਿਖਾਈ ਦਿੱਤੇ। ਇਸ ਦੌਰਾਨ ਕੰਮਕਾਜ ਲਈ ਦਫ਼ਤਰ ਪਹੁੰਚੇ ਆਮ ਲੋਕਾਂ ਨੂੰ ਵੱਡੀ ਅਸੁਵਿਧਾ ਪੇਸ਼ ਆਉਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਕੰਪਲੈਕਸ ਦੀ ਉੱਪਰਲੀ ਮੰਜਿਲ 'ਤੇ ਕਮਰਿਆਂ ਦੀ ਹਾਲਤ ਵੀ ਤਰਸਯੋਗ ਦਿਖਾਈ ਦਿੱਤੀ। ਮੌਕੇ 'ਤੇ ਹਾਜ਼ਰ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਪਟਵਾਰੀ ਅਤੇ ਹੋਰ ਕਰਮਚਾਰੀਆਂ ਨੇ ਦੱਸਿਆ ਕਿ ਨਵੀਂ ਇਮਾਰਤ ਦੇ ਬਾਵਜੂਦ ਇਸ ਮੀਂਹ ਵਿੱਚ ਛੱਤ ਤੋਂ ਪਾਣੀ ਟਪਕਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਮਾਲ ਵਿਭਾਗ ਦੇ ਰਿਕਾਰਡ ਨੂੰ ਪਾਣੀ ਤੋਂ ਬਚਾਉਣ ਲਈ ਬਹੁਤ ਮੁਸ਼ਕਲ ਆ ਰਹੀ ਹੈ।
6 ਕਰੋੜ ਦੀ ਲਾਗਤ ਨਾਲ ਬਣੀ ਇਮਾਰਤ ਦਾ ਮੁੱਖ ਮੰਤਰੀ ਨੇ ਕੀਤਾ ਸੀ ਉਦਘਾਟਨ
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ 6 ਕਰੋੜ ਦੀ ਲਾਗਤ ਨਾਲ ਬਣੇ ਉਕਤ ਨਵੇਂ ਪ੍ਰਬੰਧਕੀ ਕੰਪਲੈਕਸ ਦਾ ਉਦਘਾਟਨ ਹਾਲ ਹੀ ਵਿਚ ਸੂਬੇ ਦੇ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਸੀ ਅਤੇ ਬਾਰਿਸ਼ ਦੌਰਾਨ ਕਰੋੜਾਂ ਦੀ ਲਾਗਤ ਵਾਲੇ ਇਸ ਕੰਪਲੈਕਸ ਦੀ ਅਜਿਹੀ ਹਾਲਤ ਹੋ ਜਾਣਾ ਕਈ ਵੱਡੇ ਸਵਾਲ ਖੜ੍ਹੇ ਕਰਦੀ ਹੈ। ਦੂਜੇ ਪਾਸੇ, ਇਸ ਸਬੰਧੀ ਐਸਡੀਐਮ ਭਵਾਨੀਗੜ੍ਹ ਮਨਜੀਤ ਕੌਰ ਨੇ ਕਿਹਾ ਕਿ ਮੀਂਹ ਦੌਰਾਨ ਕੰਪਲੈਕਸ ਦੀ ਚਾਰਦੀਵਾਰੀ ਦਾ ਇੱਕ ਹਿੱਸਾ ਡਿੱਗ ਗਿਆ ਹੈ ਅਤੇ ਇਸ ਦੇ ਨਾਲ ਹੀ ਮਾਲ ਵਿਭਾਗ ਦੇ ਰਿਕਾਰਡ ਰੂਮ ਦੀ ਛੱਤ ਤੋਂ ਪਾਣੀ ਟਪਕਣ ਦੀ ਸ਼ਿਕਾਇਤ ਉਨ੍ਹਾਂ ਦੇ ਧਿਆਨ ਵਿਚ ਆਈ ਹੈ ਜਿਸ ਸਬੰਧੀ ਉਨ੍ਹਾਂ ਵੱਲੋਂ ਸਬੰਧਤ ਵਿਭਾਗ ਨੂੰ ਪੱਤਰ ਲਿਖਿਆ ਗਿਆ ਹੈ ਤਾਂ ਜੋ ਦਫ਼ਤਰ ਪਹੁੰਚਣ ਵਾਲੇ ਆਮ ਲੋਕਾਂ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਪਿੰਡ ਕਲੀਪੁਰ ਦੇ ਪ੍ਰਾਇਮਰੀ ਤੇ ਹਾਈ ਸਕੂਲ 'ਚ ਭਰਿਆ ਪਾਣੀ, ਪ੍ਰਸ਼ਾਸ਼ਨ ਨੂੰ ਫੌਰੀ ਧਿਆਨ ਦੇਣ ਦੀ ਮੰਗ
NEXT STORY