ਚੰਡੀਗੜ੍ਹ- ਬਾਲੀਵੁੱਡ ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੇ ਗਏ ਇਕ ਵਿਵਾਦਿਤ ਬਿਆਨ ਕਾਰਨ ਦੇਸ਼ ਦੀ ਸਿਆਸਤ ਇਕ ਵਾਰ ਫ਼ਿਰ ਤੋਂ ਗਰਮਾ ਗਈ ਹੈ। ਉਸ ਨੇ ਕਿਸਾਨਾਂ ਅੰਦੋਲਨ ਬਾਰੇ ਬੋਲਦੇ ਹੋਏ ਕਿਹਾ ਸੀ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨ ਅੰਦੋਲਨ ਬਾਰੇ ਸਖ਼ਤ ਕਦਮ ਨਾ ਚੁੱਕਦੇ ਤਾਂ ਦੇਸ਼ ਦੇ ਹਾਲਾਤ ਬੰਗਲਾਦੇਸ਼ ਵਰਗੇ ਹੋ ਜਾਣੇ ਸੀ।
ਆਪਣੇ 'ਐਕਸ' ਅਕਾਊਂਟ 'ਤੇ ਕੰਗਨਾ ਨੇ ਇਕ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਉਹ ਕਹਿ ਰਹੀ ਹੈ ਕਿ ਜੇਕਰ ਕਿਸਾਨ ਅੰਦੋਲਨ ਸਮੇਂ ਸਰਕਾਰ ਨੇ ਸਖ਼ਤ ਫ਼ੈਸਲੇ ਨਾ ਲਏ ਹੁੰਦੇ ਤਾਂ ਅੱਜ ਦੇਸ਼ ਦੇ ਹਾਲਾਤ ਬੰਗਲਾਦੇਸ਼ ਵਰਗੇ ਹੋਣੇ ਸਨ। ਉਸ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਉੱਥੇ ਲਾਸ਼ਾਂ ਲਟਕਦੀਆਂ ਹੋਈਆਂ ਦੇਖੀਆਂ ਗਈਆਂ ਸਨ ਤੇ ਔਰਤਾਂ ਵੀ ਜਬਰ-ਜਨਾਹ ਦਾ ਸ਼ਿਕਾਰ ਹੋਈਆਂ ਸਨ।
ਉਸ ਦੇ ਇਸ ਵਿਵਾਦਿਤ ਬਿਆਨ ਨੇ ਸਿਆਸਤ 'ਚ ਉਥਲ-ਪੁਥਲ ਮਚਾ ਦਿੱਤੀ ਹੈ। ਉਸ ਦੇ ਇਸ ਬਿਆਨ ਬਾਰੇ ਬੋਲਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਤੇ ਸੰਸਦ ਮੈਂਬਰ ਰਾਜਾ ਵੜਿੰਗ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਕ ਔਰਤ ਹੋਣ ਦੇ ਬਾਵਜੂਦ ਕੰਗਨਾ ਦਾ ਅਜਿਹੇ ਬਿਆਨ ਦੇਣਾ ਉਸ ਦੀ ਵਿਗੜੀ ਦਿਮਾਗੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਬਿਆਨਬਾਜ਼ੀ ਇਕ ਪਾਗਲ ਇਨਸਾਨ ਦੀ ਨਿਸ਼ਾਨੀ ਹੈ।
ਉਨ੍ਹਾਂ ਕਿਹਾ ਕਿ ਕਈ ਲੋਕਾਂ ਨੂੰ ਮੀਡੀਆ ਤੇ ਲਾਈਮਲਾਈਟ 'ਚ ਬਣੇ ਰਹਿਣ ਦੀ ਆਦਤ ਹੁੰਦੀ ਹੈ ਤੇ ਕੰਗਨਾ ਵੀ ਉਸੇ ਆਦਤ ਦੀ ਸ਼ਿਕਾਰ ਹੈ, ਜਿਸ ਕਾਰਨ ਉਹ ਅਜਿਹੀਆਂ ਬਿਆਨਬਾਜ਼ੀਆਂ ਕਰ ਕੇ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੰਗਨਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ ਤੇ ਉਸ ਨੂੰ ਆਪਣੇ ਦਿਮਾਗ ਦਾ ਇਲਾਜ ਕਰਵਾਉਣਾ ਚਾਹੀਦਾ ਹੈ।
ਉਨ੍ਹਾਂ ਭਾਜਪਾ 'ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਹ ਸਭ ਕੰਗਨਾ ਤੋਂ ਉਨ੍ਹਾਂ ਦੀ ਪਾਰਟੀ ਦੇ ਮੂਹਰੀ ਨੇਤਾ ਕਰਵਾ ਰਹੇ ਹਨ। ਉਨ੍ਹਾਂ ਭਾਜਪਾ ਆਗੂਆਂ ਨੂੰ ਸਲਾਹ ਦਿੱਤੀ ਹੈ ਕਿ ਉਨ੍ਹਾਂ ਨੂੰ ਕੰਗਨਾ ਨੂੰ ਸਮਝਾਉਣਾ ਚਾਹੀਦਾ ਹੈ ਕਿ ਉਹ ਅਜਿਹੀਆਂ ਬੇਤੁਕੀਆਂ ਬਿਆਨਬਾਜ਼ੀਆਂ ਕਰਨੀਆਂ ਬੰਦ ਕਰਨ।
ਜ਼ਿਕਰਯੋਗ ਹੈ ਕਿ ਕੰਗਨਾ ਦੇ ਇਸ ਬਿਆਨ ਦਾ ਭਾਜਪਾ ਪਾਰਟੀ ਨੇ ਵੀ ਨੋਟਿਸ ਲਿਆ ਹੈ ਤੇ ਪਾਰਟੀ ਆਗੂਆਂ ਨੇ ਆਪਣੇ ਪੈਰ ਪਿੱਛੇ ਖਿੱਚਦੇ ਹੋਏ ਕੰਗਨਾ ਦੇ ਬਿਆਨ ਨੂੰ ਉਨ੍ਹਾਂ ਦੀ ਨਿੱਜੀ ਰਾਏ ਦੱਸਿਆ ਹੈ। ਪਾਰਟੀ ਵੱਲੋਂ ਜਾਰੀ ਕੀਤੇ ਗਏ ਇਕ ਪੱਤਰ 'ਚ ਪਾਰਟੀ ਨੇ ਕੰਗਨਾ ਨੂੰ ਭਵਿੱਖ 'ਚ ਅਜਿਹੇ ਬਿਆਨ ਨਾ ਦੇਣ ਲਈ ਕਿਹਾ ਹੈ।
ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗ਼ਦਾਰ, ਮਾਂ ਕਹਿੰਦੀ- 'ਕੋਈ ਗੱਲ ਨਹੀਂ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ 'ਚ 176 ਸਾਲ ਪੁਰਾਣੇ ਘਰ 'ਚ ਰਹਿਣਗੇ CM ਭਗਵੰਤ ਮਾਨ, ਦਿੱਤਾ ਹੈ ਆਲੀਸ਼ਾਨ ਰੂਪ
NEXT STORY