ਤਰਨਤਾਰਨ- ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਨਤੀਜਾ ਆ ਗਿਆ ਹੈ, ਜਿਸ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 12091 ਦੀ ਵੱਡੀ ਲੀਡ ਦੇ ਨਾਲ 42649 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਹੈ। ਜ਼ਿਮਨੀ ਚੋਣ 'ਚ ਹਾਰ ਮਗਰੋਂ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕਾਂ ਦੇ ਫਤਵੇ ਨੂੰ ਸਵਿਕਾਰ ਕਰ ਲਿਆ।
ਇਸ ਦੌਰਾਨ ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਅਸੀਂ ਤਰਨਤਾਰਨ ਉਪ-ਚੋਣ ਵਿੱਚ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ। ਮੈਂ ਆਪਣੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਮਾਨਦਾਰੀ ਅਤੇ ਹਿੰਮਤ ਨਾਲ ਲੜਾਈ ਲੜੀ। ਜਿੱਤ ਤੇ ਹਾਰ ਰਾਜਨੀਤੀ ਦਾ ਹਿੱਸਾ ਹੈ - ਕਦੇ ਤੁਸੀਂ ਜਿੱਤਦੇ ਹੋ, ਕਦੇ ਤੁਸੀਂ ਨਹੀਂ ਜਿੱਤਦੇ। ਪਰ ਇਹ ਇੱਕ ਨਤੀਜਾ ਸਾਡਾ ਧਿਆਨ ਨਹੀਂ ਬਦਲਦਾ। ਅਸੀਂ 2027 ਵਿੱਚ ਵੱਡੀ ਲੜਾਈ ਲਈ ਤਿਆਰੀ ਕਰ ਰਹੇ ਹਾਂ ਅਤੇ ਸਾਨੂੰ ਇਸ ਬਾਰੇ ਭਰੋਸਾ ਹੈ। ਇਹ ਹਾਰ ਸਾਨੂੰ ਰੋਕ ਨਹੀਂ ਸਕਦੀ। ਇਹ ਸਾਨੂੰ ਸਿਰਫ਼ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ। ਅਸੀਂ ਮਜ਼ਬੂਤੀ ਨਾਲ, ਲੋਕਾਂ ਦੇ ਨਾਲ, ਪੰਜਾਬ ਦੇ ਲੋਕਾਂ ਲਈ ਵਾਪਸ ਆਵਾਂਗੇ।
ਦੱਸ ਦਈਏ ਕਿ ਇਸ ਤਰਨਤਾਰਨ ਜ਼ਿਮਨੀ ਚੋਣ ਵਿਚ ਐਲਾਨੇ ਨਤੀਜਿਆਂ ਮੁਤਾਬਕ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੂਜੇ ਨੰਬਰ ਉੱਤੇ ਰਹੀ, ਜਿਨ੍ਹਾਂ ਨੇ 30558 ਵੋਟਾਂ ਹਾਸਲ ਕਰਕੇ ਮੁਕਾਬਲੇ ਵਿੱਚ ਆਪਣੀ ਪੋਜ਼ੀਸ਼ਨ ਬਣਾਈ ਰੱਖੀ। ਤੀਜੇ ਨੰਬਰ 'ਤੇ ਵਾਰਸ ਪੰਜਾਬ ਦੇ (ਆਜ਼ਾਦ ਉਮੀਦਵਾਰ) ਮਨਦੀਪ ਸਿੰਘ ਨੂੰ 19620 ਵੋਟਾਂ ਮਿਲੀਆਂ, ਜਦਕਿ ਚੌਥੇ ਨੰਬਰ 'ਤੇ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਰਹੇ, ਜਿਨ੍ਹਾਂ ਨੂੰ 15078 ਵੋਟਾਂ ਹੀ ਹਾਸਲ ਹੋ ਸਕੀਆਂ। ਪੰਜਵੇਂ ਨੰਬਰ 'ਤੇ ਹਰਜੀਤ ਸਿੰਘ ਸੰਧੂ ਮਹਿਜ਼ 6239 ਵੋਟਾਂ ਹੀ ਹਾਸਲ ਕਰ ਸਕੇ।
ਵਿਧਾਇਕ ਬੁੱਧ ਰਾਮ ਨੇ ਵੱਡੇ ਲੱਡੂ ਵੰਡ ਕੇ ਤਰਨਤਾਰਨ ਜ਼ਿਮਨੀ ਚੋਣ ਜਿੱਤਣ ਦੀ ਮਨਾਈ ਖੁਸ਼ੀ
NEXT STORY