ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਪੰਜਾਬ ਰਾਜ ਬੱਸ ਸੇਵਾ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਲੰਬੇ ਸਮੇਂ ਤੋਂ ਲਟਕਦੇ ਇਸ ਮਸਲੇ ਦੇ ਛੇਤੀ ਹੱਲ ਲਈ ਮੀਟਿੰਗ ਦਾ ਸਮਾਂ ਵੀ ਮੰਗਿਆ ਹੈ। ਦਿੱਲੀ ਟਰਾਂਸਪੋਰਟ ਵਿਭਾਗ ਨੇ ਨਵੰਬਰ-2018 ਵਿੱਚ ਪੰਜਾਬ ਸਰਕਾਰ ਦੀਆਂ ਬੱਸਾਂ ਦੇ ਹਵਾਈ ਅੱਡੇ ਤੱਕ ਜਾਣ 'ਤੇ ਰੋਕ ਲਾ ਦਿੱਤੀ ਸੀ, ਜੋ ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਹਵਾਈ ਅੱਡੇ ਜਾਣ ਵਾਲੇ ਮੁਸਾਫ਼ਰਾਂ ਨੂੰ ਕਿਫ਼ਾਇਤੀ ਦਰਾਂ 'ਤੇ ਸਫ਼ਰ ਮੁਹੱਈਆ ਕਰਾਉਣ ਲਈ ਚਲਾਈ ਜਾ ਰਹੀ ਸੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਦੇ ਪੁੱਤ ਨੂੰ ਵਿਆਹ 'ਤੇ ਆਸ਼ੀਰਵਾਦ ਦੇਣ ਨਹੀਂ ਪੁੱਜੇ 'ਨਵਜੋਤ ਸਿੱਧੂ', ਗੈਰ ਮੌਜੂਦਗੀ ਸਭ ਨੂੰ ਰੜਕੀ
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੀ ਆਮ ਲੋਕਾਂ ਪ੍ਰਤੀ ਬੇਰੁਖ਼ੀ ਦਾ ਪਤਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦਿੱਲੀ ਟਰਾਂਸਪੋਰਟ ਵਿਭਾਗ ਨੇ ਨਿੱਜੀ ਬੱਸ ਆਪ੍ਰੇਟਰਾਂ ਨੂੰ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਬੱਸਾਂ ਚਲਾਉਣ ਦੀ ਮਨਜ਼ੂਰੀ ਦਿੱਤੀ ਹੋਈ ਹੈ। ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਦਾ ਟਰਾਂਸਪੋਰਟ ਮੰਤਰੀ ਹੋਣ ਦੇ ਨਾਤੇ ਲੋਕਾਂ ਨੂੰ ਸਸਤਾ ਅਤੇ ਵਧੀਆ ਸੇਵਾਵਾਂ ਦੇਣਾ ਮੇਰਾ ਮੁੱਢਲਾ ਫ਼ਰਜ਼ ਬਣਦਾ ਹੈ ਅਤੇ ਮੈਂ ਪਹਿਲੇ ਦਿਨ ਤੋਂ ਇਸ ਦਿਸ਼ਾ ਵਿੱਚ ਕੰਮ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਦਿੱਲੀ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਲਟਕਾਏ ਜਾ ਰਹੇ ਇਸ ਮੁੱਦੇ ਦੇ ਹੱਲ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਤੋਂ ਨਿੱਜੀ ਤੌਰ 'ਤੇ ਮਿਲਣ ਲਈ ਢੁੱਕਵੀਂ ਤਾਰੀਖ਼ ਅਤੇ ਸਮਾਂ ਮੰਗਿਆ ਹੈ ਤਾਂ ਜੋ ਪੰਜਾਬ ਤੋਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਸਰਕਾਰੀ ਬੱਸ ਸੇਵਾ ਬੰਦ ਕਰਨ ਦੇ ਦਿੱਲੀ ਸਰਕਾਰ ਦੇ ਫ਼ੈਸਲੇ ਨੂੰ ਰੱਦ ਕਰਵਾ ਸਕਾਂ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਇਸ ਤਾਰੀਖ਼ ਤੱਕ ਲੱਗਣਗੇ 'ਬਿਜਲੀ ਕੱਟ', ਨਿੱਜੀ ਪਲਾਂਟਾਂ ਕੋਲ ਬਚਿਆ ਡੇਢ ਦਿਨ ਦਾ ਕੋਲਾ
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਪਹਿਲਾਂ ਵੀ ਦਿੱਲੀ ਟਰਾਂਸਪੋਰਟ ਅਥਾਰਟੀ ਨਾਲ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨੂੰ ਕਈ ਪੱਤਰ ਲਿਖਣ ਸਮੇਤ ਕਈ ਵਾਰ ਬੇਨਤੀਆਂ ਵੀ ਕੀਤੀਆਂ ਜਾ ਚੁੱਕੀਆਂ ਹਨ ਪਰ ਕੋਈ ਲਾਭ ਨਹੀਂ ਹੋਇਆ। ਰਾਜਾ ਵੜਿੰਗ ਨੇ ਵਿਭਾਗ ਦੇ ਪੱਤਰਾਂ ਦਾ ਮੁਕੰਮਲ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਪੰਜਾਬ ਟਰਾਂਸਪੋਰਟ ਵਿਭਾਗ ਨੇ 29.11.2019 ਅਤੇ 16.03.2020 ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ 24.09.2019 ਅਤੇ 24.02.2021 ਨੂੰ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੂੰ ਪੱਤਰ ਲਿਖੇ ਸਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ, ਲਾਲ ਲਕੀਰ ਵਾਲੇ ਘਰਾਂ 'ਚ ਵੱਸਦੇ ਲੋਕਾਂ ਨੂੰ ਮਿਲੇਗੀ ਮਾਲਕੀ
ਇਸ ਤੋਂ ਇਲਾਵਾ ਦਿੱਲੀ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਈ ਬੇਨਤੀਆਂ ਵੀ ਭੇਜੀਆਂ ਗਈਆਂ। ਟਰਾਂਸਪੋਰਟ ਮੰਤਰੀ ਨੇ ਜਿੱਥੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੋਕ-ਪੱਖੀ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਉਨ੍ਹਾਂ ਨਾਲ ਖੜ੍ਹਨ ਅਤੇ ਨਿਰੰਤਰ ਸਹਿਯੋਗ ਕਰਦੇ ਰਹਿਣ, ਉੱਥੇ ਰਾਜਾ ਵੜਿੰਗ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮਿਲਣ ਦਾ ਸਮਾਂ ਦਿੱਤਾ ਜਾਵੇ ਤਾਂ ਜੋ ਸੂਬਾ ਵਾਸੀਆਂ ਲਈ ਸਸਤੀਆਂ ਦਰਾਂ 'ਤੇ ਸਫ਼ਰ ਮੁਹੱਈਆ ਕਰਵਾਉਂਦੀ ਪੰਜਾਬ ਰਾਜ ਬੱਸ ਸੇਵਾ ਨੂੰ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਮੁੜ ਚਲਾਉਣ ਦੇ ਮੁੱਦੇ ਦਾ ਛੇਤੀ ਹੱਲ ਕੱਢਿਆ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ ਬਿਜਲੀ ਸੰਕਟ ਖ਼ਿਲਾਫ਼ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਲੁਧਿਆਣਾ-ਚੰਡੀਗੜ੍ਹ ਹਾਈਵੇ ਕਰ ਦਿੱਤਾ ਜਾਮ
NEXT STORY