ਰਾਜਾਸਾਂਸੀ (ਨਿਰਵੈਲ, ਰਾਜਵਿੰਦਰ) : ਰੋਜ਼ੀ-ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਦੁਬਈ ਗਏ 47 ਸਾਲਾ ਸੁਰਜੀਤ ਕੁਮਾਰ ਪੁੱਤਰ ਗੁਰਦਿਆਲ ਸਿੰਘ ਦੀ ਮ੍ਰਿਤਕ ਦੇਹ ਵੀਰਵਾਰ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਅਤੇ ਉੱਘੇ ਸਮਾਜ ਸੇਵਕ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਨਾਲ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧਤ ਮ੍ਰਿਤਕ ਸੁਰਜੀਤ ਕੁਮਾਰ ਅਜੇ ਫਰਵਰੀ ਮਹੀਨੇ ਹੀ ਆਪਣੀ ਛੁੱਟੀ ਕੱਟ ਕੇ ਵਾਪਸ ਦੁਬਈ ਗਿਆ ਸੀ ਕਿ ਅਚਾਨਕ ਬੀਤੀ 15 ਮਈ ਨੂੰ ਉਹ ਭੇਤਭਰੇ ਹਾਲਾਤ 'ਚ ਲਾਪਤਾ ਹੋ ਗਿਆ ਅਤੇ 21 ਮਈ ਨੂੰ ਰੇਤ ਦੇ ਟਿੱਬਿਆਂ ਤੋਂ ਉਸ ਦੀ ਲਾਸ਼ ਬਹੁਤ ਹੀ ਬੁਰੀ ਹਾਲਤ 'ਚ ਮਿਲੀ ਸੀ।
ਜਦ ਭਾਰਤ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੁਰਜੀਤ ਕੁਮਾਰ ਨਾਲ ਕੰਮ ਕਰਦੇ ਉਸ ਦੇ ਸਾਥੀਆਂ ਤੋਂ ਉਸ ਦੀ ਮੌਤ ਦੇ ਮਿਲੇ ਸੁਨੇਹੇ ਤੋਂ ਆਪਣੇ 'ਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਪਤਲੀ ਆਰਥਿਕ ਹਾਲਤ ਤੇ ਉਸ ਦਾ ਮ੍ਰਿਤਕ ਸਰੀਰ ਵਾਪਸ ਲਿਆਉਣ ਦੀ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਟਰੱਸਟ ਦੀ ਹੁਸ਼ਿਆਰਪੁਰ ਜ਼ਿਲਾ ਇਕਾਈ ਦੇ ਪ੍ਰਧਾਨ ਆਗਿਆਪਾਲ ਸਿੰਘ ਰਾਹੀਂ ਟਰੱਸਟ ਦੇ ਸਰਪ੍ਰਸਤ ਡਾ. ਓਬਰਾਏ ਨਾਲ ਸੰਪਰਕ ਕਰ ਕੇ ਸੁਰਜੀਤ ਕੁਮਾਰ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ, ਜਿਸ 'ਤੇ ਕਾਰਵਾਈ ਕਰਦਿਆਂ ਡਾ. ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ 'ਚ ਸਾਰੀ ਜ਼ਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ।
ਹਵਾਈ ਅੱਡੇ 'ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਟਰੱਸਟ ਦੇ ਸੇਵਾਦਾਰ ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ ਤੇ ਸ਼ਿਸ਼ਪਾਲ ਸਿੰਘ ਲਾਡੀ ਨੇ ਦੱਸਿਆ ਕਿ ਉਕਤ ਮ੍ਰਿਤਕ ਲੜਕੇ ਸਮੇਤ ਟਰੱਸਟ ਵਲੋਂ ਹੁਣ ਤੱਕ 120 ਬਦਨਸੀਬ ਨੌਜਵਾਨ ਮੁੰਡੇ-ਕੁੜੀਆਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਿਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ, ਜਦਕਿ ਪਿਛਲੇ 12 ਦਿਨਾਂ 'ਚ ਹੀ ਟਰੱਸਟ ਵੱਲੋਂ 4 ਨੌਜਵਾਨਾਂ ਦੇ ਮ੍ਰਿਤਕ ਸਰੀਰ ਲਿਆਂਦੇ ਗਏ ਹਨ। ਸੁਰਜੀਤ ਕੁਮਾਰ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ 'ਚ ਭਾਰਤੀ ਦੂਤਾਵਾਸ ਤੋਂ ਇਲਾਵਾ ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਵੀ ਜ਼ਿਕਰਯੋਗ ਭੂਮਿਕਾ ਨਿਭਾਈ।
ਸਾਵਧਾਨ! ਪਾਈਪਾਂ ਨਾਲ ਗੱਡੀਆਂ ਧੋਂਦੇ ਫੜ੍ਹੇ ਗਏ ਤਾਂ ਬਖਸ਼ੇ ਨਹੀਂ ਜਾਵੋਗੇ
NEXT STORY