ਚੰਡੀਗੜ੍ਹ : ਜਿੱਥੇ ਦੇਸ਼ ਦੇ ਕਈ ਸੂਬਿਆਂ 'ਚ ਇਸ ਸਮੇਂ ਸੋਕੇ ਦੇ ਹਾਲਾਤ ਪੈਦਾ ਹੋ ਚੁੱਕੇ ਹਨ, ਉੱਥੇ ਹੀ ਪੰਜਾਬ 'ਚ ਕੁਝ ਲੋਕਾਂ ਵਲੋਂ ਪਾਈਪਾਂ ਨਾਲ ਗੱਡੀਆਂ/ਘਰਾਂ ਦੇ ਵਿਹੜੇ ਆਦਿ ਧੋ ਕੇ, ਲਾਨਜ਼ ਨੂੰ ਪਾਣੀ ਦੇ ਕੇ ਪਾਣੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਪਰ ਹੁਣ ਅਜਿਹੇ ਲੋਕਾਂ ਨੂੰ ਸਰਕਾਰ ਬਿਲਕੁਲ ਨਹੀਂ ਬਖਸ਼ੇਗੀ। ਇਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਵਲੋਂ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਸ ਮੁਤਾਬਕ ਸਾਰੇ ਸ਼ਹਿਰਾਂ 'ਚ ਸਿੱਧੇ ਪਾਈਪ ਲਾ ਕੇ ਗੱਡੀਆਂ ਤੇ ਫਰਸ਼ ਧੋਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਨਿਰਦੇਸ਼ਾਂ ਮੁਤਾਬਕ ਪਹਿਲੀ ਵਾਰ ਉਲੰਘਣਾ ਕਰਨ 'ਤੇ 1000 ਰੁਪਏ ਜ਼ੁਰਮਾਨਾ ਲਾਇਆ ਜਾਵੇਗਾ। ਦੂਜੀ ਵਾਰ ਉਲੰਘਣਾ ਕਰਨ 'ਤੇ 2 ਹਜ਼ਾਰ ਰੁਪਏ ਜ਼ੁਰਮਾਨਾ, ਜਦੋਂ ਕਿ ਤੀਜੀ ਵਾਰ ਉਲੰਘਣਾ ਕਰਨ 'ਤੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ ਅਤੇ 5 ਹਜ਼ਾਰ ਰੁਪਏ ਦਾ ਜ਼ੁਰਮਾਨਾ ਵਸੂਲ ਕਰਕੇ ਦੁਬਾਰਾ ਕੁਨੈਕਸ਼ਨ ਲਿਆ ਜਾਵੇਗਾ। ਇਸ ਤੋਂ ਇਲਾਵਾ ਬੂਟਿਆਂ ਤੇ ਬਗੀਚਿਆਂ 'ਚ ਪਾਈਪ ਲਾ ਕੇ ਸਿਰਫ ਸ਼ਾਮ ਨੂੰ 5 ਵਜੇ ਤੋਂ ਬਾਅਦ ਹੀ ਪਾਣੀ ਲਾਇਆ ਜਾ ਸਕੇਗਾ।
ਇਸ ਦੀ ਉਲੰਘਣਾ ਕਰਨ 'ਤੇ ਵੀ ਉਕਤ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਹਰ ਪੰਦਰਵਾੜੇ ਮਹਿਕਮੇ ਨੂੰ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ। ਇਸ ਸਬੰਧੀ ਵਿਭਾਗ ਨੇ ਕਿਹਾ ਹੈ ਕਿ ਪਾਣੀ ਦੀ ਕਿੱਲਤ ਨੂੰ ਦੇਖਦਿਆਂ ਸਭ ਦਾ ਫਰਜ਼ ਬਣਦਾ ਹੈ ਕਿ ਪੀਣ ਵਾਲੇ ਪਾਣੀ ਨੂੰ ਸੰਜਮ ਨਾਲ ਵਰਤਿਆ ਜਾਵੇ ਤਾਂ ਜੋ ਪੀਣ ਵਾਲੇ ਪਾਣੀ ਦੀ ਉਪਲੱਬਧਤਾ ਬਾਰੇ ਕੋਈ ਪਰੇਸ਼ਾਨੀ ਨਾ ਆਵੇ ਅਤੇ ਭਵਿੱਖ 'ਚ ਵੀ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ।
ਲੁਧਿਆਣਾ ਜੇਲ ’ਚ ਹੋਈ ਹਿੰਸਾ ਨੂੰ ਲੈ ਕੇ ਰੈੱਡ ਅਲਰਟ ਜਾਰੀ
NEXT STORY