ਪਟਿਆਲਾ (ਪਰਮੀਤ) : ਸਰਕਾਰੀ ਰਾਜਿੰਦਰਾ ਹਸਪਤਾਲ ਦੀ ਕੋਰੋਨਾ ਆਈਸੋਲੇਸ਼ਨ ਫੈਸੀਲਿਟੀ 'ਚ ਬੁੱਧਵਾਰ ਦੇਰ ਰਾਤ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਇਕ ਕੋਰੋਨਾ ਪਾਜ਼ੀਟਿਵ ਜਨਾਨੀ ਨੇ ਉਸ ਦਾ ਬੱਚਾ ਉਸ ਕੋਲ ਛੱਡਣ ਦੀ ਮੰਗ ਕੀਤੀ। ਸਿਹਤ ਅਧਿਕਾਰੀਆਂ ਨੇ ਮਰੀਜ਼ ਨੂੰ ਦੱਸਿਆ ਕਿ ਉਸ ਦਾ ਬੱਚਾ ਕੋਰੋਨਾ ਨੈਗੇਟਿਵ ਆਇਆ ਹੈ ਅਤੇ ਇਸ ਲਈ ਉਸ ਦੇ ਨਾਲ ਬੱਚਾ ਨਹੀਂ ਰੱਖਿਆ ਜਾ ਸਕਦਾ। ਦੇਰ ਰਾਤ ਮੌਕੇ ’ਤੇ ਮੌਜੂਦ ਨਰਸਾਂ ਨੇ ਦੱਸਿਆ ਕਿ ਆਈਸੋਲੇਸ਼ਨ ਵਾਰਡ ਦੀ 5ਵੀਂ ਅਤੇ 7ਵੀਂ ਮੰਜ਼ਿਲ ’ਤੇ ਠਹਿਰਾਏ ਗਏ ਕੋਰੋਨਾ ਮਰੀਜ਼ਾਂ ਨੇ ਨਰਸਾਂ ਸਮੇਤ ਮੈਡੀਕਲ ਸਟਾਫ ’ਤੇ ਹਮਲਾ ਬੋਲ ਦਿੱਤਾ।
ਇਸ ਤੋਂ ਬਾਅਦ ਮੈਡੀਕਲ ਸਟਾਫ ਕੋਰੋਨਾ ਵਾਰਡ ’ਚੋਂ ਬਾਹਰ ਹੋ ਗਿਆ ਅਤੇ ਕੋਰੋਨਾ ਮਰੀਜ਼ ਗਰਾਉਂਡ ਫਲੋਰ ’ਤੇ ਆ ਗਏ। ਮਾਮਲਾ ਇੰਨਾ ਗੰਭੀਰ ਹੋ ਗਿਆ ਕਿ ਮੌਕੇ ’ਤੇ ਪੁਲਸ ਸੱਦਣੀ ਪਈ। ਇਸ ਦੌਰਾਨ ਨਰਸਾਂ ਅਤੇ ਪੁਲਸ ਦਰਮਿਆਨ ਤਿੱਖੀ ਨੋਕ-ਝੋਕ ਹੋਈ। ਦੇਰ ਰਾਤ 11 ਵਜੇ ਮੈਡੀਕਲ ਸੁਪਰਡੈਂਟ ਪਾਂਡਵ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਇਸ ਲਈ ਖੜ੍ਹਾ ਹੋਇਆ ਹੈ ਕਿਉਂਕਿ ਕੋਰੋਨਾ ਮਰੀਜ਼ ਆਪਣੇ ਨੈਗੇਟਿਵ ਆਏ ਬੱਚੇ ਨੂੰ ਉਸ ਦੇ ਨਾਲ ਰੱਖਣ ਦੀ ਜ਼ਿੱਦ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਹੱਲ ਕੀਤਾ ਜਾ ਰਿਹਾ ਹੈ। ਮੌਕੇ ’ਤੇ ਜਾਣਕਾਰੀ ਲੈਣ ਗਏ ਮੀਡੀਆ ਕਾਮਿਆਂ ਨਾਲ ਹਸਪਤਾਲ ਦੇ ਸੁਰੱਖਿਆ ਸਟਾਫ ਨੇ ਬਹੁਤ ਬਦਤਮੀਜ਼ੀ ਕੀਤੀ ਅਤੇ ਧਮਕਾਉਣ ਦੀ ਕੋਸ਼ਿਸ਼ ਕੀਤੀ।
ਕਰੋੜਾਂ ਦਾ ਘਪਲਾ ਟਲਿਆ, ਕਰਫਿਊ 'ਚ ਮੰਡੀ ਦਾ ਕੰਮ ਦਿਖਾ ਕੇ ਰਕਮ ਵਸੂਲਣਾ ਚਾਹੁੰਦੇ ਸਨ ਠੇਕੇਦਾਰ
NEXT STORY