ਝਬਾਲ/ਬੀੜ ਸਾਹਿਬ, (ਲਾਲੂ ਘੁੰਮਣ, ਬਖਤਾਵਰ, ਭਾਟੀਆ)- ਪਿੰਡ ਠੱਠਗੜ੍ਹ ਵਾਸੀ ਅਗਾਂਹਵਧੂ ਸੋਚ ਵਾਲੇ ਨੌਜਵਾਨ ਰਾਣਾ ਸੰਧੂ ਨੇ ਪਿਛਲੇ ਕਈ ਸਾਲਾਂ ਤੋਂ ਪਤੀ-ਪਤਨੀ 'ਚ ਚੱਲ ਰਹੇ ਆਪਸੀ ਵਿਵਾਦ ਨੂੰ ਹੱਲ ਕਰਵਾਉਂਦਿਆਂ ਜਿਥੇ ਦੋਵਾਂ ਪਰਿਵਾਰਾਂ 'ਚ ਆਪਸੀ ਸਹਿਮਤੀ ਕਰਵਾ ਕੇ ਉਨ੍ਹਾਂ ਨੂੰ ਅਦਾਲਤ ਦੇ ਚੱਕਰਾਂ ਤੇ ਆਰਥਕ ਉਜਾੜੇ ਤੋਂ ਬਚਾ ਲਿਆ, ਉਥੇ ਹੀ ਦੋਵਾਂ ਪਰਿਵਾਰਾਂ 'ਚ ਰੰਜਿਸ਼ ਦੀ ਦੀਵਾਰ ਨੂੰ ਤੋੜ ਕੇ ਇਕ ਮਿਸਾਲ ਵੀ ਪੈਦਾ ਕੀਤੀ, ਜਿਸ ਦੀ ਪਿੰਡ ਠੱਠਗੜ੍ਹ ਤੇ ਇਲਾਕੇ 'ਚ ਭਰਪੂਰ ਸ਼ਲਾਘਾ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਪਿੰਡ ਠੱਠਗੜ੍ਹ ਵਾਸੀ ਅਮਰ ਸਿੰਘ ਨਾਂ ਦੇ ਵਿਅਕਤੀ ਦੀ ਲੜਕੀ ਜ਼ਿਲਾ ਗੁਰਦਾਸਪੁਰ ਦੇ ਪਿੰਡ ਢਪੱਈ ਦੇ ਵਾਸੀ ਰਣਜੀਤ ਸਿੰਘ ਨਾਲ ਕਰੀਬ 4 ਸਾਲ ਪਹਿਲਾਂ ਵਿਆਹੀ ਸੀ। ਲੜਕੀ ਤੇ ਲੜਕੇ 'ਚ ਵਿਆਹ ਦੇ 3 ਮਹੀਨੇ ਬਾਅਦ ਹੀ ਅਣਬਣ ਹੋਣ ਕਰ ਕੇ ਲੜਕੀ ਦੇ ਪਰਿਵਾਰ ਵਾਲੇ ਉਸ ਨੂੰ ਵਾਪਸ ਪਿੰਡ ਠੱਠਗੜ੍ਹ ਲੈ ਆਏ ਸਨ। ਇਸ ਸਬੰਧੀ ਰਾਣਾ ਸੰਧੂ ਨੇ ਦੱਸਿਆ ਕਿ ਲੜਕੀ ਪਰਿਵਾਰ ਵੱਲੋਂ ਜਿੱਥੇ ਲੜਕੇ ਪਰਿਵਾਰ ਵਿਰੁੱਧ ਪੁਲਸ ਕਾਰਵਾਈ ਕਰਵਾਈ ਜਾ ਰਹੀ ਸੀ, ਉਥੇ ਹੀ ਮਾਣਯੋਗ ਅਦਾਲਤ 'ਚ ਤਲਾਕ ਲੈਣ ਲਈ ਕੇਸ ਵੀ ਦਾਇਰ ਕੀਤਾ ਹੋਇਆ ਸੀ। ਉਕਤ ਮਾਮਲਾ ਪਿਛਲੇ ਲੰਮੇ ਸਮੇਂ ਤੋਂ ਅਦਾਲਤ 'ਚ ਚੱਲਣ ਕਾਰਨ ਲੜਕੀ ਪਰਿਵਾਰ ਨੂੰ ਇਨਸਾਫ ਮਿਲਦਾ ਦਿਖਾਈ ਨਾ ਦੇਣ ਕਰ ਕੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚਲੇ ਆ ਰਹੇ ਸਨ, ਜਿਸ ਕਾਰਨ ਭਾਵੇਂ ਹੀ ਕਈ ਵਾਰ ਦੋਵਾਂ ਪਿੰਡਾਂ ਦੇ ਮੋਹਤਬਰਾਂ ਵੱਲੋਂ ਉਕਤ ਪਰਿਵਾਰਾਂ ਦੇ ਮਸਲੇ ਨੂੰ ਹੱਲ ਕਰਵਾਉਣ ਲਈ ਕਈ ਵਾਰ ਕੋਸ਼ਿਸ਼ ਕੀਤੀ ਗਈ ਸੀ ਪਰ ਮਸਲਾ ਹੱਲ ਨਾ ਹੋਣ ਕਰ ਕੇ ਦੋਵਾਂ ਪਰਿਵਾਰਾਂ ਦੀ ਆਪਸੀ ਰੰਜਿਸ਼ ਵੀ ਵਧਦੀ ਜਾ ਰਹੀ ਸੀ।
ਰਾਣਾ ਸੰਧੂ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਕੋਲ ਪਹੁੰਚਣ 'ਤੇ ਉਨ੍ਹਾਂ ਵੱਲੋਂ ਸੂਝ-ਬੂਝ ਨਾਲ 2 ਮਹੀਨਿਆਂ ਦੀ ਜੱਦੋ-ਜਹਿਦ ਉਪਰੰਤ ਅੱਜ ਮਸਲੇ ਦਾ ਹੱਲ ਕਰਵਾਉਂਦਿਆਂ ਦੋਵਾਂ ਪਰਿਵਾਰਾਂ 'ਚ ਲਿਖਤੀ ਰਾਜ਼ੀਨਾਮਾ ਕਰਵਾ ਕੇ ਉਨ੍ਹਾਂ ਨੂੰ ਅਦਾਲਤਾਂ ਦੇ ਚੱਕਰਾਂ ਤੇ ਆਰਥਕ ਉਜਾੜੇ ਤੋਂ ਬਚਾ ਲਿਆ। ਇਸ ਮੌਕੇ ਦੋਵਾਂ ਪਰਿਵਾਰਾਂ ਨੇ ਨੌਜਵਾਨ ਆਗੂ ਰਾਣਾ ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦੀ ਆਪਸੀ ਰੰਜਿਸ਼ ਖਤਮ ਕਰਵਾ ਕੇ ਸਮਾਜ ਲਈ ਇਕ ਮਿਸਾਲ ਪੈਦਾ ਕੀਤੀ ਹੈ।
ਇਸ ਮੌਕੇ ਸੁਖਜਿੰਦਰ ਸਿੰਘ ਐੱਸ. ਕੇ. ਦਲਜੀਤ ਸਿੰਘ ਢਿੱਲੋਂ ਪੰਜਵੜ, ਪਿੰਟੂ ਠੱਠਗੜ੍ਹ, ਹਰਜੀਤ ਸਿੰਘ ਮੌਲਾ ਖਾਲੜਾ, ਮੰਤਰੀ ਬਲਜਿੰਦਰ ਸਿੰਘ ਅਲਗੋ ਕੋਠੀ ਸਮੇਤ ਲੜਕੀ ਤੇ ਲੜਕੇ ਦਾ ਪਰਿਵਾਰ ਹਾਜ਼ਰ ਸੀ।
ਕਈ ਟਰੇਨਾਂ ਰੱਦ, ਕਈਆਂ ਦੇ ਰੂਟ ਬਦਲੇ
NEXT STORY