ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 'ਪੰਜਾਬ ਕੇਸਰੀ ਗਰੁੱਪ' (ਮੀਡੀਆ) ਦੀ ਆਵਾਜ਼ ਦਬਾਉਣ ਲਈ ਕੀਤੀ ਗੁੰਡਾਗਰਦੀ ਦੀ ਕਾਰਵਾਈ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ। ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸਿੰਘ ਸੂਰਜੇਵਾਲਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਸੂਬੇ ਵਿਚ ਪ੍ਰਗਟਾਵੇ ਦੀ ਆਜ਼ਾਦੀ ਹੁਣ ਸਿਰਫ਼ ਉਦੋਂ ਤੱਕ ਸੁਰੱਖਿਅਤ ਹੈ ਜਦੋਂ ਤੱਕ ਸਰਕਾਰ ਚਾਹੁੰਦੀ ਹੈ। ਉਨ੍ਹਾਂ ਤੰਜ਼ ਕੱਸਦਿਆਂ ਕਿਹਾ ਕਿ ਹੁਣ ਭਗਵੰਤ ਮਾਨ ਸਰਕਾਰ ਹੀ ਇਹ ਤੈਅ ਕਰੇਗੀ ਕਿ ਕੌਣ ਬੋਲੇਗਾ, ਕੀ ਬੋਲੇਗਾ ਅਤੇ ਕਿੰਨੀ ਦੇਰ ਬੋਲੇਗਾ।
ਸੂਰਜੇਵਾਲਾ ਨੇ ਦੋਸ਼ ਲਾਇਆ ਕਿ ਜੇਕਰ ਕੋਈ ਅਖ਼ਬਾਰ ਸੱਚ ਲਿਖਣ ਦੀ ਹਿੰਮਤ ਕਰਦਾ ਹੈ ਤਾਂ ਉਸ ਵਿਰੁੱਧ ਛਾਪੇਮਾਰੀ, ਲਾਇਸੈਂਸ ਕੈਂਸਲ ਕਰਨ ਅਤੇ ਬਿਜਲੀ ਗੁੱਲ ਕਰਨ ਵਰਗੇ ਹਥਕੰਡੇ ਅਪਣਾਏ ਜਾਂਦੇ ਹਨ। ਉਨ੍ਹਾਂ ‘ਪੰਜਾਬ ਕੇਸਰੀ’ ਅਦਾਰੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਸ ਸੰਸਥਾ ਨੇ ਅੱਤਵਾਦ ਦੇ ਸਾਏ ਅਤੇ ਗੋਲੀਆਂ ਦੇ ਡਰ ਦੇ ਬਾਵਜੂਦ ਸੱਚ ਛਾਪਿਆ ਹੈ ਪਰ ਅੱਜ ਦੀ ਸੱਤਾ ਸੱਚ ਤੋਂ ਇੰਨਾ ਡਰ ਰਹੀ ਹੈ ਕਿ ਸਰਕਾਰੀ ਦਫ਼ਤਰ ਹੀ ‘ਨਿਊਜ਼ਰੂਮ’ ਬਣ ਚੁੱਕੇ ਹਨ ਅਤੇ ਅਸਲ ਨਿਊਜ਼ਰੂਮਾਂ ਨੂੰ ਜੇਲ੍ਹਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ।
ਸੂਰਜੇਵਾਲਾ ਨੇ ਕਿਹਾ ਕਿ ਸਰਕਾਰ ਦੀਆਂ ਇਹ ਹਰਕਤਾਂ ਕਾਨੂੰਨੀ ਕਾਰਵਾਈ ਨਹੀਂ, ਸਗੋਂ ਮੀਡੀਆ ਨੂੰ ‘ਲਾਈਨ ਵਿਚ ਰਹਿਣ’ ਦੀ ਇਕ ਚਿਤਾਵਨੀ ਹਨ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਅੱਜ ਪੰਜਾਬ ਵਿਚ ਲੋਕਤੰਤਰ ਦੀ ਬਜਾਏ ਡਰ ਦਾ ਸ਼ਾਸਨ ਚੱਲ ਰਿਹਾ ਹੈ। ਉਨ੍ਹਾਂ ਅਨੁਸਾਰ ਇਹ ਲੜਾਈ ਸਿਰਫ਼ ਇਕ ਅਖ਼ਬਾਰ ਦੀ ਨਹੀਂ, ਸਗੋਂ ਹਰ ਉਸ ਆਵਾਜ਼ ਦੀ ਹੈ ਜੋ ਸੱਤਾ ਤੋਂ ਸਵਾਲ ਪੁੱਛਣ ਦੀ ਹਿੰਮਤ ਰੱਖਦੀ ਹੈ। ਸੂਰਜੇਵਾਲਾ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਮੀਡੀਆ ਨੂੰ ਚੁੱਪ ਕਰਵਾਉਣ ਨਾਲ ਸੱਚ ਨਹੀਂ ਮਰੇਗਾ, ਸਗੋਂ ਇਸ ਨਾਲ ਸੱਤਾ ਦੀ ਨੀਅਤ ਹੀ ਬੇਨਕਾਬ ਹੋਵੇਗੀ। ਉਨ੍ਹਾਂ ਮੁੱਖ ਮੰਤਰੀ ਨੂੰ ਯਾਦ ਦਿਵਾਇਆ ਕਿ ਪੰਜਾਬ ਇਕ ਲੋਕਤੰਤਰ ਹੈ, ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਨਿੱਜੀ ਨਿਊਜ਼ਰੂਮ ਨਹੀਂ ਹੈ।
ਰਵਨੀਤ ਬਿੱਟੂ ਨੇ ਪੰਜਾਬ ਕੇਸਰੀ ’ਤੇ ਛਾਪੇਮਾਰੀ ਦੀ ਕੀਤੀ ਨਿੰਦਾ, ਕਿਹਾ- ਮੀਡੀਆ ਨੂੰ ਡਰਾਉਣ ਦੀ ਕੋਸ਼ਿਸ਼
NEXT STORY