ਬਠਿੰਡਾ(ਬਲਵਿੰਦਰ)-ਛੋਟੀਆਂ ਬੱਚੀਆਂ ਨਾਲ ਹੁੰਦੇ ਜਬਰ-ਜ਼ਨਾਹ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਨ੍ਹਾਂ ਦੇ ਦੋਸ਼ੀ ਜ਼ਿਆਦਾਤਰ ਨੇੜਲੇ ਰਿਸ਼ਤੇਦਾਰ ਜਾਂ ਆਸ-ਪਾਸ ਦੇ ਲੋਕ ਹੀ ਹੁੰਦੇ ਹਨ। ਅਜਿਹੇ ਮਾਮਲਿਆਂ 'ਚ ਜ਼ਿਆਦਾਤਰ ਦੋਸ਼ੀ ਤਾਂ ਫੜੇ ਹੀ ਨਹੀਂ ਜਾਂਦੇ, ਜੇ ਫੜੇ ਵੀ ਜਾਂਦੇ ਹਨ ਤਾਂ ਕਾਨੂੰਨ ਨਾਲ ਲੁਕਣ-ਮੀਟੀ ਖੇਡ ਕੇ ਜਾਂ ਤਾਂ ਸਜ਼ਾ ਤੋਂ ਬਚ ਜਾਂਦੇ ਹਨ ਜਾਂ ਫਿਰ ਸਜ਼ਾ ਵੀ ਹੁੰਦੀ ਹੈ ਤਾਂ ਬਹੁਤ ਥੋੜ੍ਹੀ। ਪਰ ਦੂਜੇ ਪਾਸੇ ਪੀੜਤ ਬੱਚੀ ਤੇ ਉਸ ਦਾ ਪਰਿਵਾਰ ਹਮੇਸ਼ਾ ਲਈ ਸਮਾਜ ਤੋਂ ਕੱਟੇ ਜਾਂਦੇ ਹਨ। ਬੇਕਸੂਰ ਹੁੰਦੇ ਹੋਏ ਵੀ ਸਮਾਜ ਦਾ ਵਤੀਰਾ ਅਜਿਹਾ ਹੋ ਜਾਂਦਾ ਹੈ, ਜਿਵੇਂ ਉਨ੍ਹਾਂ ਤੋਂ ਜਿਊਣ ਦਾ ਅਧਿਕਾਰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਰਕਾਰਾਂ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਕਾਨੂੰਨ ਪਾਸ ਕਰ ਦਿੱਤਾ ਹੈ, ਜਦਕਿ ਪੰਜਾਬ ਵਿਚ ਵੀ ਅਜਿਹਾ ਕਾਨੂੰਨ ਬਣਾਏ ਜਾਣ ਦੀ ਮੰਗ ਨੂੰ ਮੁੱਦਾ ਬਣਾ ਕੇ ਜਗ ਬਾਣੀ ਨੇ ਇਸ ਨੂੰ ਮੁਹਿੰਮ ਬਣਾ ਲਿਆ ਹੈ, ਜਿਸ ਨਾਲ ਹਰੇਕ ਵਰਗ ਜੁੜ ਰਿਹਾ ਹੈ। ਹੋਰ ਅਹਿਮ ਵਰਗਾਂ ਤੋਂ ਇਲਾਵਾ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਨੇ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਫਾਂਸੀ ਦੀ ਸਜ਼ਾ ਨੂੰ ਸਹੀ ਕਰਾਰ ਦਿੱਤਾ ਹੈ। ਜਬਰ-ਜ਼ਨਾਹ ਦੇ ਦੋਸ਼ੀਆਂ ਦਾ ਹੋਰ ਕੋਈ ਇਲਾਜ ਨਹੀਂ ਹੈ। ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਫਾਂਸੀ ਦੇ ਕੇ ਹੀ ਮੌਤ ਦੇ ਘਾਟ ਉਤਾਰਿਆ ਜਾਵੇ। ਇਸ ਦੇ ਨਾਲ ਹੀ ਸਾਨੂੰ ਸਭ ਨੂੰ ਮਿਲ ਕੇ ਇਹ ਵੀ ਉਪਰਾਲਾ ਕਰਨਾ ਚਾਹੀਦਾ ਹੈ ਕਿ ਮਾਪਿਆਂ ਦੇ ਨਾਲ-ਨਾਲ ਛੋਟੀਆਂ ਬੱਚੀਆਂ ਨੂੰ ਵੀ ਜਾਗਰੂਕ ਕੀਤਾ ਜਾਵੇ ਤਾਂ ਕਿ ਉਹ ਦੋਸਤ ਤੇ ਦੁਸ਼ਮਣ ਦੀ ਪਛਾਣ ਖੁਦ ਹੀ ਕਰ ਸਕਣ ਕਿਉਂਕਿ ਸਾਡੇ ਨੇੜਲਿਆਂ ਵਿਚ ਹੀ ਦੁਸ਼ਮਣ ਤੇ ਦੋਸਤ ਲੁਕੇ ਹੋਏ ਹਨ। ਸਿਰਫ ਪਛਾਣ ਕਰਨ ਦੀ ਲੋੜ ਹੈ। ਫਿਰ ਉਹ ਦੁਸ਼ਮਣਾਂ ਤੋਂ ਦੂਰ ਰਹਿਣਾ ਖੁਦ ਹੀ ਸਿੱਖ ਲੈਣਗੀਆਂ, ਨਾਲ ਹੀ ਉਨ੍ਹਾਂ ਨੂੰ ਇਸ ਤਰ੍ਹਾਂ ਨਾਲ ਜਾਗਰੂਕ ਵੀ ਕੀਤਾ ਜਾਵੇ ਕਿ ਉਹ ਦੁਸ਼ਮਣਾਂ ਬਾਰੇ ਜਾਣਕਾਰੀ ਤੁਰੰਤ ਆਪਣੇ ਮਾਪਿਆਂ ਜਾਂ ਦੋਸਤਾਂ ਨੂੰ ਦੇ ਸਕਣ।
ਜਬਰ-ਜ਼ਨਾਹੀਆਂ ਲਈ ਫਾਂਸੀ ਵੀ ਸ਼ਾਇਦ ਛੋਟੀ ਸਜ਼ਾ ਹੋਵੇ, ਇਨ੍ਹਾਂ ਨੂੰ ਤਾਂ ਦਰਦਨਾਕ ਮੌਤ ਦੇਣੀ ਚਾਹੀਦੀ ਹੈ ਪਰ ਇਥੇ ਇਹ ਗੱਲ ਧਿਆਨ ਰੱਖਣਯੋਗ ਹੈ ਕਿ ਕਰੜੇ ਕਾਨੂੰਨਾਂ ਦਾ ਹਮੇਸ਼ਾ ਪੁਲਸ ਲਾਹਾ ਲੈਂਦੀ ਰਹੀ ਹੈ। ਪੁਲਸ ਅਜਿਹੇ ਕਾਨੂੰਨਾਂ ਨੂੰ ਆਪਣੀ ਕਮਾਈ ਦਾ ਸਾਧਨ ਬਣਾ ਲੈਂਦੀ ਹੈ। ਜਿਵੇਂ ਕਿ ਕਾਲੇ ਦੌਰ ਸਮੇਂ ਪੰਜਾਬ ਅੰਦਰ ਹੋਇਆ। ਕੁਝ ਨੌਜਵਾਨ ਆਪਣੀ ਮਰਜ਼ੀ ਨਾਲ ਘਰੋਂ ਨਿਕਲ ਗਏ, ਜਦਕਿ ਜ਼ਿਆਦਾਤਰ ਨੌਜਵਾਨਾਂ ਨੂੰ ਪੁਲਸ ਨੇ ਘਰੋਂ ਭੱਜਣ ਲਈ ਮਜਬੂਰ ਕਰ ਦਿੱਤਾ, ਜਦਕਿ ਉਹ ਸਾਰੇ ਬੇਕਸੂਰ ਹੀ ਸਨ। ਜਬਰ-ਜ਼ਨਾਹ ਦੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦਾ ਕਾਨੂੰਨ ਬਣਾਉਣ ਦੇ ਨਾਲ-ਨਾਲ ਇਹ ਵੀ ਧਿਆਨ ਰੱਖਿਆ ਜਾਵੇ ਕਿ ਪੁਲਸ ਜਾਂ ਕੋਈ ਹੋਰ ਤਾਕਤਵਰ ਇਸ ਦਾ ਨਾਜਾਇਜ਼ ਫਾਇਦਾ ਨਾਲ ਉਠਾ ਸਕੇ।
ਪਰਮਿੰਦਰ ਸਿੰਘ ਬਾਲਿਆਂਵਾਲੀ, ਸ਼੍ਰੋ. ਅਕਾਲੀ ਦਲ (ਮਾਨ)
ਅਫੀਮ ਸਮੇਤ ਇਕ ਵਿਅਕਤੀ ਕਾਬੂ
NEXT STORY