ਜਲੰਧਰ (ਸੋਮਨਾਥ)— ਦਿੱਲੀ ਦੇ ਤੁਗਲਕਾਬਾਦ ਸਥਿਤ ਰਵਿਦਾਸ ਮੰਦਿਰ ਨੂੰ ਢਾਹੇ ਜਾਣ ਦੇ ਵਿਰੋਧ 'ਚ ਮੰਗਲਵਾਰ ਨੂੰ ਰਵਿਦਾਸੀਆ ਭਾਈਚਾਰੇ ਵੱਲੋਂ ਦੇਸ਼ ਭਰ 'ਚ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਗਏ। ਕੁਝ ਥਾਵਾਂ 'ਤੇ ਹਿੰਸਕ ਘਟਨਾਵਾਂ ਵੀ ਹੋਈਆਂ। ਪ੍ਰਦਰਸ਼ਨਕਾਰੀਆਂ ਸਮੇਤ ਹੋਰ ਲੋਕ ਵੀ ਜ਼ਖਮੀ ਹੋਏ। ਧਰਨਾ ਪ੍ਰਦਰਸ਼ਨ ਦੇ ਹਿੰਸਕ ਰੂਪ ਧਾਰਨ ਕਰਨ ਨਾਲ ਸਰਕਾਰੀ ਅਤੇ ਨਿੱਜੀ ਜਾਇਦਾਦਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਕੇਂਦਰ 'ਚ ਸਾਸ਼ਿਤ ਭਾਜਪਾ ਸਰਕਾਰ ਮੌਕੇ 'ਤੇ ਸਪੱਸ਼ਟ ਸਟੈਂਡ ਲੈ ਕੇ ਸਭ ਕੁਝ ਰੋਕ ਸਕਦੀ ਸੀ। ਦਿੱਲੀ ਵਿਕਾਸ ਅਥਾਰਿਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਮੰਦਿਰ ਢਾਹੇ ਜਾਣ ਨੂੰ ਲੈ ਕੇ ਰਵਿਦਾਸੀਆ ਭਾਈਚਾਰੇ 'ਚ ਭਾਜਪਾ ਸਰਕਾਰ ਖਿਲਾਫ ਕਾਫੀ ਨਰਾਜ਼ਗੀ ਪਾਈ ਜਾ ਰਹੀ ਹੈ। ਭਾਈਚਾਰੇ ਨਾਲ ਜੁੜੇ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਮੰਦਿਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਅਤੇ ਇਸ ਥਾਂ ਉਨ੍ਹਾਂ ਨੇ ਕਈ ਸਾਲ ਤਪ ਕੀਤਾ ਹੈ ਇਸ ਲਈ ਇਹ ਮੰਦਿਰ ਲੱਖਾਂ ਲੋਕਾਂ ਦੀ ਆਸਥਾ ਦਾ ਕੇਂਦਰ ਸੀ।
ਹਰ ਰੋਜ਼ ਹਜ਼ਾਰਾਂ ਲੋਕ ਮੰਦਿਰ 'ਚ ਮੱਥਾ ਟੇਕਣ ਜਾਂਦੇ ਸਨ ਅਤੇ ਸਮੇਂ-ਸਮੇਂ 'ਤੇ ਰਵਿਦਾਸ ਭਾਈਚਾਰੇ ਵੱਲੋਂ ਆਸਥਾ ਦੇ ਇਸ ਕੇਂਦਰ 'ਚ ਗੁਰਪੁਰਬ ਮਨਾਏ ਜਾਂਦੇ ਸਨ। ਭਾਈਚਾਰੇ ਨਾਲ ਜੁੜੇ ਲੋਕਾਂ ਦੀ ਭਾਜਪਾ ਨਾਲ ਇਸ ਕਾਰਨ ਵੀ ਨਰਾਜ਼ਗੀ ਹੈ ਕਿ ਇਸ ਮੰਦਿਰ 'ਤੇ ਜੋ ਵੀ ਕਾਰਵਾਈ ਦਿੱਲੀ ਵਿਕਾਸ ਅਥਾਰਿਟੀ ਨੇ ਕੀਤੀ ਹੈ, ਕੇਂਦਰ 'ਚ ਬੈਠੀ ਭਾਜਪਾ ਸਰਕਾਰ ਇਸ ਨੂੰ ਰੋਕ ਸਕਦੀ ਸੀ, ਕਿਉਂਕਿ 1957 'ਚ ਹੋਂਦ 'ਚ ਆਈ ਦਿੱਲੀ ਵਿਕਾਸ ਅਥਾਰਿਟੀ ਸਿੱਧੇ ਤੌਰ 'ਤੇ ਲੈਫਟੀਨੈਂਟ ਗਵਰਨਰ ਦਿੱਲੀ ਦੇ ਅੰਡਰ ਕੰਮ ਕਰਦੀ ਹੈ। ਇਸ 'ਚ ਦਿੱਲੀ ਸਰਕਾਰ ਦਾ ਕੋਈ ਦਖਲ ਨਹੀਂ ਹੈ। ਇਹੀ ਨਹੀ ਡੀ. ਡੀ. ਏ. ਦੀ ਇਸ ਕਾਰਵਾਈ ਨਾਲ ਰਾਸ਼ਟਰੀ ਸਵੈ ਸੇਵਕ ਸੰਘ ਅਤੇ ਵਿਸ਼ਵ ਹਿੰਦੂ ਪਰਿਸ਼ਦ ਵੀ ਨਾਰਾਜ਼ ਹੈ।
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਭਰੋਸਾ
ਦਿੱਲੀ 'ਚ ਬੀਤੇ ਦਿਨ ਉਚ ਪੱਧਰ 'ਤੇ ਰਵਿਦਾਸੀਆ ਭਾਈਚਾਰੇ ਦੀ ਬੈਠਕ ਕੇਂਦਰੀ ਆਵਾਸ 'ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਹੋਈ। ਕੇਂਦਰੀ ਮੰਤਰੀ ਨਾਲ ਰਵਿਦਾਸੀਆ ਭਾਈਚਾਰੇ ਦਾ ਪ੍ਰਤੀਨਿਧੀ ਮੰਡਲ ਅਖਿਲ ਭਾਰਤੀ ਰਵਿਦਾਸੀਆ ਧਰਮ (ਰਜਿ.) ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਵਾਘਮਾਰੇ ਮਿਲੇ। ਬੈਠਕ 'ਚ ਮੰਤਰੀ ਨੇ ਦਿੱਲੀ ਵਿਕਾਸ ਅਥਾਰਿਟੀ ਤੋਂ ਇਹ ਜ਼ਮੀਨ ਲੈ ਕੇ ਮੰਦਿਰ ਕਮੇਟੀ ਨੂੰ ਦੇਣ ਦਾ ਭਰੋਸਾ ਦਿੱਤਾ ਹੈ ।
550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਹੋਈ ਆਰੰਭਤਾ
NEXT STORY