ਚੰਡੀਗੜ੍ਹ (ਰੋਹਾਲ) : ਇਸ ਵਾਰ ਮਈ ਮਹੀਨੇ ’ਚ ਚੰਡੀਗੜ੍ਹ ਸ਼ਹਿਰ ਦੇ ਲੋਕਾਂ ਨੂੰ ਰੋਜ਼ਾਨਾ ਔਸਤਨ 40 ਡਿਗਰੀ ਤੋਂ ਵੱਧ ਦੀ ਗਰਮੀ ਦੀ ਤਪਸ਼ ਝੱਲਣੀ ਪਈ। ਮਈ ਮਹੀਨੇ ਦੀ ਗਰਮੀ ਨੇ ਨਾ ਸਿਰਫ਼ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ, ਸਗੋਂ ਮਹੀਨੇ ਦੇ ਔਸਤ ਤਾਪਮਾਨ ਨੇ ਵੀ ਅਜਿਹਾ ਰਿਕਾਰਡ ਬਣਾਇਆ, ਜੋ ਚੰਡੀਗੜ੍ਹ ਮੌਸਮ ਵਿਭਾਗ ਦੀ ਰਿਕਾਰਡ ਸ਼ੀਟ ’ਚ ਇਸ ਤੋਂ ਪਹਿਲਾਂ ਕਦੇ ਦਰਜ ਨਹੀਂ ਸੀ ਹੋਇਆ। ਇਸ ਵਾਰ ਮਈ ’ਚ ਇੰਨੀ ਭਿਆਨਕ ਗਰਮੀ ਪਈ ਕਿ ਪੂਰੇ ਮਹੀਨੇ ਹੀ ਰੋਜ਼ਾਨਾ ਦਾ ਔਸਤ ਤਾਪਮਾਨ 40.2 ਡਿਗਰੀ ਦਰਜ ਕੀਤਾ ਗਿਆ। 2 ਮਈ ਤੋਂ ਬਾਅਦ ਅਚਾਨਕ ਗਰਮੀ ਇੰਨੀ ਵਧਣ ਲੱਗੀ ਕਿ 5 ਮਈ ਤੇ 7 ਮਈ ਨੂੰ ਤਾਪਮਾਨ 40 ਡਿਗਰੀ ਤੋਂ ਉੱਪਰ ਚਲਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਚੰਗੀ ਖ਼ਬਰ, ਛੁੱਟੀਆਂ ਦਰਮਿਆਨ ਜਾਰੀ ਹੋਏ ਇਹ ਹੁਕਮ
ਫਿਰ 8 ਦਿਨ ਤੱਕ ਪਾਰਾ 40 ਡਿਗਰੀ ਤੋਂ ਹੇਠਾਂ ਰਿਹਾ ਪਰ 16 ਮਈ ਤੋਂ ਬਾਅਦ ਸਿਰਫ਼ ਇਕ ਦਿਨ ਨੂੰ ਛੱਡ ਕੇ ਕਦੇ ਵੀ ਪਾਰਾ 40 ਡਿਗਰੀ ਤੋਂ ਹੇਠਾਂ ਨਹੀਂ ਆਇਆ। ਮਈ ਦੇ ਇਸੇ ਦੂਜੇ ਪੰਦਰਵਾੜੇ ’ਚ ਇਸ ਵਾਰ ਚੰਡੀਗੜ੍ਹ ’ਚ ਸੂਰਜ ਦੀ ਤਪਸ਼ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਤੇ ਸ਼ਹਿਰ ਵਾਸੀਆਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਨਹੀਂ ਲੈਣ ਦਿੱਤੀ। ਰਾਹਤ ਦੀ ਗੱਲ ਇਹ ਹੈ ਕਿ ਇਸ ਵਾਰ ਸਹੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਮਾਨਸੂਨ 28 ਜੂਨ ਤੱਕ ਚੰਡੀਗੜ੍ਹ ਪਹੁੰਚ ਜਾਵੇਗਾ। ਮਈ ਮਹੀਨੇ ’ਚ ਅੱਤ ਦੀ ਗਰਮੀ ਨੂੰ ਝੱਲਣ ਤੋਂ ਬਾਅਦ ਸ਼ਹਿਰ ਵਾਸੀਆਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ 6 ਜੂਨ ਤੱਕ ਤਾਪਮਾਨ ’ਚ ਵਾਧਾ ਨਹੀਂ ਹੋਵੇਗਾ। ਇਸ ਦੌਰਾਨ 4 ਤੋਂ 6 ਜੂਨ ਦਰਮਿਆਨ ਹਲਕਾ ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਸ ਵਾਰ 30 ਜੂਨ ਨੂੰ ਕੇਰਲ ਪਹੁੰਚਿਆ ਮਾਨਸੂਨ ਸਹੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ਤੇ ਜੇ ਇਸ ਦੌਰਾਨ ਮਾਨਸੂਨ ਦੇ ਅੱਗੇ ਵਧਣ ’ਚ ਕੋਈ ਰੁਕਾਵਟ ਨਾ ਆਈ ਤਾਂ 28 ਜੂਨ ਤੱਕ ਮਾਨਸੂਨ ਚੰਡੀਗੜ੍ਹ ਪਹੁੰਚ ਜਾਵੇਗਾ ਤੇ ਮੀਂਹ ਪੈ ਜਾਵੇਗਾ। 15 ਜੂਨ ਤੋਂ ਬਾਅਦ ਪਹਾੜਾਂ ’ਚ ਪ੍ਰੀ-ਮਾਨਸੂਨ ਦਾ ਮੀਂਹ ਪੈਣ ਕਾਰਨ ਸ਼ਹਿਰ ਦਾ ਤਾਪਮਾਨ 40 ਡਿਗਰੀ ਤੱਕ ਡਿੱਗ ਸਕਦਾ ਹੈ।
ਇਹ ਵੀ ਪੜ੍ਹੋ : ਅੱਗ ਵਰ੍ਹਾਊ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਬਦਲਣ ਵਾਲਾ ਹੈ ਮੌਸਮ, ਪੜ੍ਹੋ ਨਵੀਂ Update
ਖ਼ੁਸ਼ਕ ਪੱਛਮੀ ਹਵਾਵਾਂ ਨੇ ਵਧਾਈ ਗਰਮੀ
ਚੰਡੀਗੜ੍ਹ ’ਚ ਮਈ ਮਹੀਨੇ ਗਰਮੀ ਨੇ ਜ਼ੋਰ ਫੜ੍ਹਿਆ ਪਰ ਪੱਛਮੀ ਗੜਬੜੀ ਕਾਰਨ ਹਲਕੇ ਮੀਂਹ ਜਾਂ ਹਵਾ ’ਚ ਨਮੀ ਨੇ ਤਾਪਮਾਨ ਨੂੰ ਲਗਾਤਾਰ ਵੱਧਣ ਨਹੀਂ ਸੀ ਦਿੱਤਾ। ਇਸ ਵਾਰ ਅਜਿਹਾ ਨਹੀਂ ਹੋਇਆ। ਹਾਲਾਂਕਿ ਇਸ ਵਾਰ ਅਪ੍ਰੈਲ ’ਚ ਵੀ ਗਰਮੀ ਸ਼ਹਿਰ ਤੋਂ ਦੂਰ ਰਹੀ ਕਿਉਂਕਿ ਠੰਡ ਦੇਰ ਤੱਕ ਰਹੀ ਸੀ ਪਰ ਮਈ ’ਚ ਆਈ ਪੱਛਮੀ ਗੜਬੜੀ ਬਹੁਤੀ ਸਰਗਰਮ ਨਹੀਂ ਸੀ, ਜਿਸ ਕਰਕੇ ਉੱਤਰੀ ਭਾਰਤ ’ਚ ਹਲਕਾ ਮੀਂਹ ਵੀ ਨਹੀਂ ਪਿਆ ਜਦਕਿ ਹਰ ਸਾਲ ਮਈ ਮਹੀਨੇ ਚੰਡੀਗੜ੍ਹ ’ਚ ਪੈਣ ਵਾਲਾ ਮੀਂਹ ਗਰਮੀ ਨੂੰ ਵਧਣ ਨਹੀਂ ਸੀ ਦਿੰਦਾ। ਫਿਰ ਗਰਮੀ ਲਿਆਉਣ ਵਾਲੀਆਂ ਪੱਛਮੀ ਹਵਾਵਾਂ ਅਚਾਨਕ ਇੰਨੀਆਂ ਗਰਮ ਤੇ ਖ਼ੁਸ਼ਕ ਹੋ ਗਈਆਂ ਕਿ ਤਾਪਮਾਨ ਲਗਾਤਾਰ ਵੱਧਦਾ ਗਿਆ। ਹਵਾ ’ਚ ਨਮੀ ਬਿਲਕੁਲ ਨਾ ਹੋਣ ਕਾਰਨ ਸਥਾਨਕ ਬੱਦਲ ਵੀ ਨਹੀਂ ਬਣ ਸਕੇ। ਪਹਾੜਾਂ ’ਤੇ ਵੀ ਮਈ ਮਹੀਨੇ ਮੀਂਹ ਨਾ ਪੈਣ ਕਾਰਨ ਨਮੀ ਸ਼ਹਿਰ ਵੱਲ ਨਾ ਆਉਣ ਕਾਰਨ ਗਰਮੀ ਤੋਂ ਰਾਹਤ ਨਹੀਂ ਮਿਲੀ। ਹਾਲਾਤ ਇਹ ਬਣ ਗਏ ਕਿ ਦਿਨ ਹੀ ਨਹੀਂ, ਰਾਤ ਨੂੰ ਘੱਟੋ-ਘੱਟ ਤਾਪਮਾਨ ਨੇ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਲੈਣ ਦਿੱਤੀ।
ਮਈ ਮਹੀਨੇ ਜੋ ਪਹਿਲੀ ਵਾਰ ਹੋਇਆ
29 ਨੂੰ ਚੰਡੀਗੜ੍ਹ ’ਚ ਪਹਿਲੀ ਵਾਰ ਪਾਰਾ 46 ਡਿਗਰੀ ਰਿਹਾ
5 ਦਿਨ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਤੋਂ ਉੱਪਰ ਰਿਹਾ
17 ਦਿਨ ਤਾਪਮਾਨ 40 ਡਿਗਰੀ ਤੋਂ ਉੱਪਰ ਰਿਹਾ
ਮੀਂਹ ਦੀ ਇਕ ਬੂੰਦ ਨੂੰ ਤਰਸੇ ਲੋਕ
ਸੁਖਨਾ ’ਚ ਪਾਣੀ ਦਾ ਪੱਧਰ 1156 ਫੁੱਟ ਤੱਕ ਡਿੱਗਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਣ ਜ਼ਾਬਤੇ ਦੌਰਾਨ SP ਦੇ ਰੀਡਰ ਸਮੇਤ 3 ਪੁਲਸ ਮੁਲਾਜ਼ਮਾਂ ਦਾ ਤਬਾਦਲਾ
NEXT STORY