ਜਲੰਧਰ (ਅਨਿਲ ਪਾਹਵਾ) : 1984 ’ਚ ਹੋਏ ਸਿੱਖ ਵਿਰੋਧੀ ਦੰਗਿਆਂ ਨੂੰ 38 ਸਾਲ ਹੋ ਚੁੱਕੇ ਹਨ ਅਤੇ ਹੁਣ ਇਨ੍ਹਾਂ ਦੰਗਿਆਂ ਦੇ ਪਿੱਛੇ ਦੀ ਪੂਰੀ ਪਲਾਨਿੰਗ ਕਰਨ ਵਾਲੇ ਤੇ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੀ ਅਸਲ ਯੋਜਨਾ ਨੂੰ ਦੇਸ਼ਵਾਸੀਆਂ ਸਾਹਮਣੇ ਲਿਆਉਣ ਦੀ ਆਵਾਜ਼ ਉੱਠਣ ਲੱਗੀ ਹੈ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਇਸ ਪੂਰੇ ਮਾਮਲੇ ’ਚ ਦਖਲ ਦਿੰਦੇ ਹੋਏ ਲੋਕਾਂ ਦੇ ਨਾਂ ਜਨਤਕ ਕਰਨ ਦੀ ਮੰਗ ਕੀਤੀ ਹੈ।
ਚਿੱਠੀ ’ਚ ਆਰ. ਪੀ. ਸਿੰਘ ਨੇ ਲਿਖਿਆ ਹੈ ਕਿ ਅਸੀਂ ਕੇਂਦਰ ਸਰਕਾਰ ਅਤੇ ਖਾਸ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਸਿੱਖ ਸਮਾਜ ਨੂੰ ਇਨਸਾਫ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ ਅਤੇ ਇਸ ਮਾਮਲੇ ਦੇ ਸਾਜ਼ਿਸ਼ਕਰਤਾ ਤੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਪਰ ਅਜੇ ਵੀ ਇਨਸਾਫ ਹੋਣਾ ਬਾਕੀ ਹੈ। ਅਜੇ ਵੀ ਬਹੁਤ ਸਾਰੇ ਲੋਕ, ਜਿਨ੍ਹਾਂ ਵਿਚ ਜਗਦੀਸ਼ ਟਾਈਟਲਰ ਤੇ ਕਮਲਨਾਥ ਸ਼ਾਮਲ ਹਨ, ਖੁਲ੍ਹੇਆਮ ਘੁੰਮ ਰਹੇ ਹਨ।
ਸਾਬਕਾ ਰਾਅ ਅਧਿਕਾਰੀ ਦਾ ਖੁਲਾਸਾ
ਆਰ. ਪੀ. ਸਿੰਘ ਨੇ ਕਿਹਾ ਕਿ ਰਾਅ ਦੇ ਸਾਬਕਾ ਅਧਿਕਾਰੀ ਜੀ. ਬੀ. ਐੱਸ. ਸਿੱਧੂ ਦੀ ਪੁਸਤਕ ‘ਦਿ ਖਾਲਿਸਤਾਨ ਕੌਂਸਪੀਰੇਸੀ’ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਆਪ੍ਰੇਸ਼ਨ ਬਲਿਊ ਸਟਾਰ ਅਤੇ ਦਿੱਲੀ ’ਚ ਸਿੱਖਾਂ ਦੇ ਕਤਲੇਆਮ ਦੀ ਯੋਜਨਾ ਬਹੁਤ ਸਮਾਂ ਪਹਿਲਾਂ ਬਣ ਗਈ ਸੀ, ਜਿਸ ਦੇ ਲਈ 1985 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ’ਚ ਰੱਖ ਕੇ ਸਾਜ਼ਿਸ਼ ਤਿਆਰ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਖਾਸ ਗੱਲ ਇਹ ਹੈ ਕਿ ਸਿੱਧੂ ਦੀ ਪੁਸਤਕ ਵਿਚ ਜਾਰੀ ਕੀਤੇ ਗਏ ਦਾਅਵਿਆਂ ਸਬੰਧੀ ਕਿਸੇ ਵੀ ਕਾਂਗਰਸੀ ਜਾਂ ਉਸ ਵੇਲੇ ਦੇ ਸਰਕਾਰੀ ਅਧਿਕਾਰੀ ਨੇ ਕੋਈ ਇਤਰਾਜ਼ ਜ਼ਾਹਿਰ ਨਹੀਂ ਕੀਤਾ।
ਇਹ ਖ਼ਬਰ ਵੀ ਪੜ੍ਹੋ - ਵੱਡੀ ਕਾਰਵਾਈ ਦੀ ਤਿਆਰੀ ’ਚ ਪੰਜਾਬ ਸਰਕਾਰ, ਬਿਕਰਮ ਮਜੀਠੀਆ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ
ਉਨ੍ਹਾਂ ਕਿਹਾ ਕਿ ਬੇਸ਼ੱਕ 1984 ਦੇ ਦਿੱਲੀ ਦੰਗਿਆਂ ਦੇ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਸ ਗੱਲ ਦਾ ਵੀ ਖੁਲਾਸਾ ਹੋਣਾ ਚਾਹੀਦਾ ਹੈ ਕਿ ਇਸ ਪੂਰੀ ਸਾਜ਼ਿਸ਼ ਪਿੱਛੇ ਕਿਹੜੇ ਲੋਕ ਸਨ ਤੇ ਦੇਸ਼ ਵਿਚ ਸਭ ਤੋਂ ਵੱਧ ਬਲੀਦਾਨ ਦੇਣ ਵਾਲੇ ਘੱਟਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਦੇਸ਼-ਵਿਰੋਧੀ ਰੰਗ ਵਿਚ ਰੰਗਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਲਈ ਸਿਰਫ ਤੇ ਸਿਰਫ ਵੋਟ ਬੈਂਕ ਇਕ ਵੱਡਾ ਕਾਰਨ ਸੀ।
ਆਰ. ਪੀ. ਸਿੰਘ ਨੇ ਲਿਖਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਨੇ ‘‘ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ’’ ਵਰਗੀਆਂ ਗੱਲਾਂ ਕਹਿ ਕੇ ਇਸ ਸਾਜ਼ਿਸ਼ ਪਿੱਛੇ ਬੈਠੇ ਲੋਕਾਂ ਅਤੇ ਸਿੱਖਾਂ ਦੇ ਕਾਤਲਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਜੋ ਕਰ ਰਹੇ ਹਨ, ਸਹੀ ਕਰ ਰਹੇ ਹਨ। ਇਸ ਦੇ ਨਾਲ ਹੀ ਉਸ ਵੇਲੇ ਪੁਲਸ ਨੂੰ ਵੀ ਇਹ ਹਦਾਇਤ ਕੀਤੀ ਗਈ ਸੀ ਕਿ ਸਿੱਖ-ਵਿਰੋਧੀ ਸਾਜ਼ਿਸ਼ਕਰਤਾਵਾਂ ’ਤੇ ਕੋਈ ਕਾਰਵਾਈ ਨਾ ਕੀਤੀ ਜਾਵੇ।
ਕਮਿਸ਼ਨ, ਕਮੇਟੀਆਂ ਤੇ ਐੱਸ. ਆਈ. ਟੀ. ਸਭ ਫੇਲ੍ਹ
ਆਰ. ਪੀ. ਸਿੰਘ ਨੇ ਲਿਖਿਆ ਹੈ ਕਿ ਇਸ ਘਟਨਾ ਨੂੰ 38 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ। 4 ਜਾਂਚ ਕਮਿਸ਼ਨ, 9 ਕਮੇਟੀਆਂ ਤੇ 2 ਐੱਸ. ਆਈ. ਟੀ. ਬਣਾਈਆਂ ਗਈਆਂ ਹਨ ਪਰ ਉਹ ਸਭ ਡੂੰਘਾਈ ਤਕ ਜਾ ਕੇ ਸਾਜ਼ਿਸ਼ਕਰਤਾਵਾਂ ਨੂੰ ਲੱਭਣ ’ਚ ਅਸਫਲ ਰਹੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ’ਚ 1, ਅਕਬਰ ਰੋਡ ’ਚ ਇਕ ਟੀਮ ਬਣਾਈ ਗਈ ਸੀ, ਜੋ ਪੂਰੇ ਮਾਮਲੇ ਨੂੰ ਵੇਖ ਰਹੀ ਸੀ।
ਖਾਸ ਗੱਲ ਇਹ ਹੈ ਕਿ ਇਹ ਟੀਮ ਸਰਕਾਰ ਤੋਂ ਵੀ ਉੱਪਰ ਸੀ। ਉਸ ਵੇਲੇ ਦੇ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ ਨੇ ਸਾਬਕਾ ਪ੍ਰਧਾਨ ਮੰਤਰੀ ਆਈ. ਕੇ. ਗੁਜਰਾਲ ਸਾਹਮਣੇ ਅਸਮਰੱਥਾ ਪ੍ਰਗਟਾਈ ਸੀ ਜਦੋਂ ਉਨ੍ਹਾਂ ਨੂੰ ਆਰਮੀ ਸੱਦਣ ਲਈ ਚਿੱਠੀ ਮਿਲੀ ਸੀ।
ਵਰਣਨਯੋਗ ਹੈ ਕਿ ਉਸ ਵੇਲੇ ਸਿੱਖ ਭਾਈਚਾਰੇ ਨੂੰ ਬਚਾਉਣ ਲਈ ਅਤੇ ਸਥਿਤੀ ਨੂੰ ਕਾਬੂ ’ਚ ਰੱਖਣ ਲਈ ਆਰਮੀ ਸੱਦਣ ਦੀ ਸਿਫਾਰਸ਼ ਕੀਤੀ ਗਈ ਸੀ।
ਸਾਬਕਾ ਸੁਰੱਖਿਆ ਸਲਾਹਕਾਰ ਆਰ. ਐੱਨ. ਰਾਓ ਦਾ ਨੋਟ ਹੋਵੇ ਜਨਤਕ
ਆਰ. ਪੀ. ਸਿੰਘ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਦੇ ਤੱਤਕਾਲੀਨ ਸੁਰੱਖਿਆ ਸਲਾਹਕਾਰ ਆਰ. ਐੱਨ. ਰਾਓ ਵੱਲੋਂ ਲਿਖਿਆ ਗਿਆ ਇਕ ਨੋਟ ਵੀ ਨਹਿਰੂ ਮੈਮੋਰੀਅਲ ਮਿਊਜ਼ੀਅਮ ’ਚ ਮੌਜੂਦ ਹੈ, ਜੋ ਉਨ੍ਹਾਂ ਸ਼੍ਰੀਮਤੀ ਗਾਂਧੀ ਦੀ ਹੱਤਿਆ ਤੋਂ ਬਾਅਦ ਲਿਖਿਆ ਸੀ। ਉਨ੍ਹਾਂ ਕਿਹਾ ਇਸ ਨੋਟ ਨੂੰ ਵੀ ਜਨਤਕ ਕੀਤਾ ਜਾਣਾ ਚਾਹੀਦਾ ਹੈ।
ਸਿੰਘ ਨੇ ਕਿਹਾ ਕਿ 1984 ਦੇ ਦੰਗਿਆਂ ਵੇਲੇ ਦੇ ਕਈ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀ ਅਜੇ ਵੀ ਜ਼ਿੰਦਾ ਹਨ ਅਤੇ ਉਨ੍ਹਾਂ ਕੋਲੋਂ ਪੂਰੀ ਜਾਣਕਾਰੀ ਲਈ ਜਾਣੀ ਚਾਹੀਦੀ ਹੈ। ਉਨ੍ਹਾਂ ਆਪਣੀ ਚਿੱਠੀ ਵਿਚ ਕੁਝ ਅਧਿਕਾਰੀਆਂ ਦੇ ਨਾਂ ਵੀ ਜ਼ਾਹਿਰ ਕੀਤੇ ਹਨ, ਜਿਨ੍ਹਾਂ ਵਿਚ ਪੁਲਸ ਅਧਿਕਾਰੀ ਗੌਤਮ ਕੌਲ, ਨਿਖਿਲ ਕੁਮਾਰ ਤੇ ਨੈਕਸਵੈੱਲ ਪਰੇਰਾ ਦੇ ਨਾਂ ਸ਼ਾਮਲ ਹਨ।
ਇਸ ਤੋਂ ਇਲਾਵਾ ਪੱਤਰਕਾਰ ਸੰਜੇ ਸੂਰੀ ਅਤੇ ਸਾਬਕਾ ਰਾਸ਼ਟਰਪਤੀ ਸਵ. ਗਿਆਨੀ ਜ਼ੈਲ ਸਿੰਘ ਦੇ ਉਸ ਵੇਲੇ ਦੇ ਓ. ਐੱਸ. ਡੀ. ਤ੍ਰਿਲੋਚਨ ਸਿੰਘ ਦਾ ਜ਼ਿਕਰ ਕਰਦਿਆਂ ਇਨ੍ਹਾਂ ਕੋਲੋਂ ਜਾਣਕਾਰੀ ਹਾਸਲ ਕਰਨ ਲਈ ਵੀ ਕਿਹਾ ਹੈ।
ਜਸਟਿਸ ਢੀਂਗਰਾ ਦੀ ਰਿਪੋਰਟ ਤੋਂ ਹੋਵੇਗਾ ਖੁਲਾਸਾ
ਆਰ. ਪੀ. ਸਿੰਘ ਨੇ ਜਸਟਿਸ ਢੀਂਗਰਾ ਦੀ ਰਿਪੋਰਟ ਦਾ ਵੀ ਜ਼ਿਕਰ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੀ ਇਸ ਰਿਪੋਰਟ ’ਚ ਸਪਸ਼ਟ ਲਿਖਿਆ ਗਿਆ ਹੈ ਕਿ ਉਸ ਵੇਲੇ ਇਸ ਕਤਲੇਆਮ ਦੀ ਸਾਜ਼ਿਸ ਪਿੱਛੇ ਕੋਈ ਅਪ੍ਰਤੱਖ ਹੱਥ ਸੀ, ਜੋ ਇਸ ਪੂਰੇ ਘਟਨਾਚੱਕਰ ਪਿੱਛੇ ਰਹਿ ਕੇ ਕਾਰਵਾਈ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਅਜੇ ਵੀ ਸਰਕਾਰ ਵੱਲੋਂ ਇਸ ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਦੀ ਪ੍ਰਕਿਰਿਆ ਕਰਨੀ ਬਾਕੀ ਹੈ। ਜੇ ਇਸ ਮਾਮਲੇ ’ਚ ਰਿਪੋਰਟ ਦੇ ਆਧਾਰ ’ਤੇ ਸਖਤ ਕਾਰਵਾਈ ਹੁੰਦੀ ਹੈ ਤਾਂ ਇਹ ਸਿੱਖ ਵਰਗ ਲਈ ਇਕ ਮੱਲ੍ਹਮ ਦਾ ਕੰਮ ਕਰੇਗਾ। ਉਨ੍ਹਾਂ ਮੰਗ ਕੀਤੀ ਕਿ 1984 ਨਾਲ ਸਬੰਧਤ ਸਾਰੀਆਂ ਫਾਈਲਾਂ ਨੂੰ ਜਨਤਕ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਸ ਪੂਰੀ ਸਾਜ਼ਿਸ਼ ਪਿੱਛੇ ਅਸਲ ’ਚ ਕੌਣ ਸੀ ਅਤੇ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਗਿਆ। ਘਟਨਾ ਪਿੱਛੇ ਸਾਜ਼ਿਸ਼ ਵਿਚ ਸ਼ਾਮਲ ਅਸਲੀ ਅਦ੍ਰਿਸ਼ ਸਾਜ਼ਿਸ਼ਕਰਤਾ ਬਾਰੇ ਵੀ ਲੋਕਾਂ ਨੂੰ ਪਤਾ ਲੱਗਣਾ ਜ਼ਰੂਰੀ ਹੈ।
CM ਮਾਨ ਨੇ ਫਗਵਾੜਾ ਵਿਚ ਜੱਚਾ-ਬੱਚਾ ਸੰਭਾਲ ਹਸਪਤਾਲ ਕੀਤਾ ਲੋਕਾਂ ਨੂੰ ਸਮਰਪਿਤ
NEXT STORY