ਹੁਸ਼ਿਆਰਪੁਰ, (ਘੁੰਮਣ)- ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਮੁਲਾਜ਼ਮਾਂ ਵੱਲੋਂ ਅੱਜ 8ਵੇਂ ਦਿਨ ਵੀ ਸਮੁੱਚਾ ਕੰਮਕਾਜ ਠੱਪ ਰੱਖ ਕੇ ਨਿਗਰਾਨ ਇੰਜੀਨੀਅਰ ਦਫ਼ਤਰ ਅੱਗੇ ਰੈਲੀ ਕਰਨ ਉੁਪਰੰਤ ਜ਼ਿਲਾ ਪ੍ਰੀਸ਼ਦ ਕੰਪਲੈਕਸ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਰੈਲੀ ਮੁਲਾਜ਼ਮਾਂ ਵੱਲੋਂ ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ, ਚੰਡੀਗੜ੍ਹ ਯੂਨਿਟ ਹੁਸ਼ਿਆਰਪੁਰ ਦੇ ਬੈਨਰ ਹੇਠ ਕੱਢੀ ਗਈ। ਮੁਲਾਜ਼ਮਾਂ ਨੇ ਮਹੀਨਾ ਜਨਵਰੀ ਅਤੇ ਫਰਵਰੀ 2018 ਦੀ ਤਨਖ਼ਾਹ ਦੀ ਅਦਾਇਗੀ ਨਾ ਹੋਣ ਦੇ ਰੋਸ ਵਜੋਂ ਪੰਜਾਬ ਸਰਕਾਰ ਅਤੇ ਅਦਾਰੇ ਦੀ ਮੈਨੇਜਮੈਂਟ ਦਾ ਖੂਬ ਪਿੱਟ-ਸਿਆਪਾ ਕੀਤਾ। ਨਿਗਰਾਨ ਇੰਜੀਨੀਅਰ ਹੁਸ਼ਿਆਰਪੁਰ ਦੇ ਦਫ਼ਤਰ ਅੱਗੇ ਕੀਤੀ ਰੈਲੀ ਦੌਰਾਨ ਮੁਲਾਜ਼ਮ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੀ ਰੋਕੀ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ ਅਤੇ ਇਸ ਵਿਚ ਦੇਰੀ ਲਈ ਦੋਸ਼ੀ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਰੈਲੀ ਨੂੰ ਸੰਬੋਧਨ ਕਰਦਿਆਂ ਸਾਂਝੀ ਐਕਸ਼ਨ ਕਮੇਟੀ ਦੇ ਸਕੱਤਰ ਸਤੀਸ਼ ਰਾਣਾ ਨੇ ਕਿਹਾ ਕਿ ਤਨਖ਼ਾਹ ਨਾ ਮਿਲਣ ਕਾਰਨ ਜਿਥੇ ਮੁਲਾਜ਼ਮ ਆਰਥਿਕ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹਨ, ਉਥੇ ਹੀ ਆਪਣੇ ਰੋਜ਼ਾਨਾ ਦੇ ਜ਼ਰੂਰੀ ਖਰਚਿਆਂ ਤੋਂ ਵੀ ਔਖੇ ਹਨ। ਉਨ੍ਹਾਂ ਆਖਿਆ ਕਿ ਸਾਂਝੀ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ 15 ਮਾਰਚ ਨੂੰ ਸਮੁੱਚੇ ਪੰਜਾਬ ਅੰਦਰ ਜਲ ਸਰੋਤ ਮੁਲਾਜ਼ਮਾਂ ਵੱਲੋਂ ਅਰਥੀ ਫੂਕ ਮੁਜ਼ਾਹਰੇ ਕਰ ਕੇ ਡਿਪਟੀ ਕਮਿਸ਼ਨਰਾਂ ਰਾਹੀਂ ਪ੍ਰਮੁੱਖ ਸਕੱਤਰ ਵਿੱਤ ਨੂੰ ਮੰਗ-ਪੱਤਰ ਭੇਜੇ ਜਾਣਗੇ, ਜਿਨ੍ਹਾਂ ਜਲ ਸਰੋਤ ਮੁਲਾਜ਼ਮਾਂ ਦੀ ਤਨਖ਼ਾਹ ਬਿਨਾਂ ਵਜ੍ਹਾ ਰੋਕੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਕੀਤੇ ਜਾਣ ਵਾਲੇ ਅਰਥੀ ਫੂਕ ਮੁਜ਼ਾਹਰੇ ਵਿਚ ਮੰਡਲ ਦਫ਼ਤਰਾਂ ਨਾਲ ਸਬੰਧਤ ਗੜ੍ਹਸ਼ੰਕਰ, ਮਾਹਿਲਪੁਰ ਅਤੇ ਦਸੂਹਾ ਉਪ ਮੰਡਲਾਂ ਦੇ ਮੁਲਾਜ਼ਮ ਵੀ ਸ਼ਾਮਲ ਹੋਣਗੇ।
ਅੱਜ ਦੀ ਰੈਲੀ ਨੂੰ ਹਰੀ ਕਿਸ਼ਨ, ਰਾਜ ਕੁਮਾਰ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਵਿਸ਼ਾਲ ਠਾਕੁਰ, ਕੁਲਵਿੰਦਰ ਕੁਮਾਰ, ਗਰੀਬ ਦਾਸ, ਅਮਰਜੀਤ ਸਿੰਘ, ਕੁਲ ਬਹਾਦੁਰ ਆਦਿ ਨੇ ਵੀ ਸੰਬੋਧਨ ਕੀਤਾ।
ਗੜ੍ਹਸ਼ੰਕਰ, (ਪਾਠਕ, ਸ਼ੋਰੀ)-ਦਾਣਾ ਮੰਡੀ ਗੜ੍ਹਸ਼ੰਕਰ ਵਿਖੇ ਉਪ ਮੰਡਲ ਦਫ਼ਤਰ ਅੱਗੇ ਪੰਜਾਬ ਜਲ ਸਰੋਤ ਮੁਲਾਜ਼ਮਾਂ ਨੇ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਪੈੱਨ ਅਤੇ ਟੂਲ ਡਾਊਨ ਹੜਤਾਲ ਕੀਤੀ। ਮੁਲਾਜ਼ਮ ਜਨਵਰੀ ਤੇ ਫਰਵਰੀ ਦੀਆਂ ਤਨਖ਼ਾਹਾਂ ਅਜੇ ਤੱਕ ਨਾ ਮਿਲਣ ਅਤੇ ਹੋਰ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਹਨ। ਮੁਲਾਜ਼ਮਾਂ ਨੇ 15 ਮਾਰਚ ਨੂੰ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਸਮੂਹਿਕ ਛੁੱਟੀ ਲੈ ਕੇ ਧਰਨਾ ਦੇਣ ਦੀ ਥਾਂ ਹੁਣ ਮੰਡਲ ਅਤੇ ਸਰਕਲ ਦਫ਼ਤਰਾਂ ਅੱਗੇ ਰੈਲੀਆਂ ਕਰ ਕੇ ਪੰਜਾਬ ਸਰਕਾਰ ਅਤੇ ਐੱਮ. ਡੀ. ਦੇ ਪੁਤਲੇ ਫੂਕਣ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ-ਪੱਤਰ ਪੰਜਾਬ ਸਰਕਾਰ ਨੂੰ ਭੇਜਣ ਦਾ ਫੈਸਲਾ ਕੀਤਾ।
ਇਸ ਮੌਕੇ ਜ਼ਿਲਾ ਪ੍ਰਧਾਨ ਰਾਮਜੀ ਦਾਸ ਚੌਹਾਨ, ਬਲਾਕ ਪ੍ਰਧਾਨ ਜੀਤ ਸਿੰਘ ਬਗਵਾਈਂ, ਗੁਰਨਾਮ ਸਿੰਘ, ਬਲਵੀਰ ਸਿੰਘ ਬੈਂਸ, ਮੀਨਾ ਰਾਣੀ, ਹਰਪਾਲ ਕੌਰ, ਸੁਰਜੀਤ ਕੁਮਾਰ, ਮਨਦੀਪ ਸਿੰਘ, ਸਤਨਾਮ ਦਾਸ ਅਤੇ ਨਰੇਸ਼ ਕੁਮਾਰ ਨੇ ਵੀ ਸੰਬੋਧਨ ਕੀਤਾ।
ਟਰੱਕ ਯੂਨੀਅਨ ਦਾ ਪ੍ਰਧਾਨ ਕਾਂਗਰਸ ਦੇ ਨਾਂ 'ਤੇ ਲੈ ਰਿਹੈ 'ਗੁੰਡਾ ਟੈਕਸ'!
NEXT STORY