ਜਲੰਧਰ, (ਪ੍ਰੀਤ, ਸੁਧੀਰ)- ਅਲੀ ਮੁਹੱਲਾ 'ਚ 31 ਜਨਵਰੀ ਦੀ ਰਾਤ ਹੋਈ ਫਾਇਰਿੰਗ ਦੇ ਮਾਮਲੇ 'ਚ ਗ੍ਰਿਫਤਾਰ ਸੁਭਾਸ਼ ਸੋਂਧੀ ਦੇ ਘਰ ਤੋਂ ਪੁਲਸ ਨੇ 32 ਬੋਰ ਦਾ ਰਿਵਾਲਵਰ, 25 ਕਾਰਤੂਸ ਅਤੇ ਅਸਲੇ ਦਾ ਲਾਇਸੈਂਸ ਬਰਾਮਦ ਕੀਤਾ ਹੈ। ਪੁਲਸ ਵਲੋਂ ਹੁਣ ਬਰਾਮਦ ਹਥਿਆਰ ਅਤੇ ਦੀਪਕ ਤੇਲੂ ਨੂੰ ਲੱਗੀ ਗੋਲੀ ਦੀ ਜਾਂਚ ਫੋਰੈਂਸਿਕ ਲੈਬ ਤੋਂ ਕਰਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ 31 ਜਨਵਰੀ ਦੀ ਰਾਤ ਨੂੰ ਹੋਈ ਫਾਇਰਿੰਗ ਦੌਰਾਨ ਭਾਜਪਾ ਨੇਤਾ ਦੀਪਕ ਤੇਲੂ ਜ਼ਖਮੀ ਹੋ ਗਿਆ ਸੀ। ਪੁਲਸ ਨੇ ਸੁਭਾਸ਼ ਸੋਂਧੀ ਤੇ ਉਸ ਦੇ ਪੁੱਤਰ, ਭਰਾ ਸਮੇਤ 10 ਲੋਕਾਂ ਖਿਲਾਫ ਕੇਸ ਦਰਜ ਕੀਤਾ ਤੇ ਸੁਭਾਸ਼ ਸੋਂਧੀ ਤੇ ਰਾਜੂ ਖੋਸਲਾ ਨੂੰ ਗ੍ਰਿਫਤਾਰ ਕਰ ਲਿਆ। ਬੀਤੇ ਦਿਨ ਸੁਭਾਸ਼ ਸੋਂਧੀ ਤੇ ਰਾਜੂ ਖੋਸਲਾ ਦਾ ਰਿਮਾਂਡ ਦੋ ਦਿਨ ਹੋਰ ਵਧਿਆ ਸੀ।
ਪੁਲਸ ਪੁੱਛਗਿੱਛ 'ਚ ਸੁਭਾਸ਼ ਸੋਂਧੀ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਨਾ ਤਾਂ ਉਸ ਨੇ ਗੋਲੀ ਚਲਾਈ ਤੇ ਨਾ ਹੀ ਉਸ ਕੋਲ ਰਿਵਾਲਵਰ ਸੀ। ਉਸ ਦਾ ਰਿਵਾਲਵਰ ਘਰ 'ਚ ਹੀ ਰੱਖਿਆ ਹੋਇਆ ਹੈ। ਇਸ ਤੱਥ ਨੂੰ ਵੈਰੀਫਾਈ ਕਰਨ ਲਈ ਏ. ਸੀ. ਪੀ. ਸਤਿੰਦਰ ਚੱਢਾ ਦੀ ਅਗਵਾਈ 'ਚ ਇੰਸਪੈਕਟਰ ਓਂਕਾਰ ਸਿੰਘ ਦੇਰ ਸ਼ਾਮ ਪੁਲਸ ਟੀਮ ਨੂੰ ਲੈ ਕੇ ਉਸ ਦੇ ਘਰ ਪਹੁੰਚੇ। ਕਰੀਬ ਡੇਢ ਘੰਟੇ ਤੱਕ ਘਰ 'ਚ ਸਰਚ ਦੌਰਾਨ ਸੋਂਧੀ ਦੀ ਨਿਸ਼ਾਨਦੇਹੀ 'ਤੇ ਉਸ ਦਾ ਲਾਇਸੈਂਸੀ 32 ਬੋਰ ਰਿਵਾਲਵਰ, 25 ਕਾਰਤੂਸ ਅਤੇ ਅਸਲਾ ਲਾਇਸੈਂਸ ਬਰਾਮਦ ਕੀਤਾ। ਇਸਦੀ ਪੁਸ਼ਟੀ ਏ. ਸੀ. ਪੀ. ਸਤਿੰਦਰ ਚੱਢਾ ਨੇ ਕੀਤੀ।
ਏ. ਸੀ. ਪੀ. ਚੱਢਾ ਨੇ ਦੱਸਿਆ ਕਿ ਅਸਲਾ ਜ਼ਬਤ ਕੀਤਾ ਗਿਆ ਹੈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਰਾਤ ਦੀਪਕ ਤੇਲੂ ਨੂੰ ਲੱਗੀ ਗੋਲੀ 32 ਬੋਰ ਪਿਸਟਲ ਦੀ ਹੈ, ਜਦਕਿ ਸੁਭਾਸ਼ ਸੋਂਧੀ ਕੋਲ ਰਿਵਾਲਵਰ ਹੈ।
ਏ. ਸੀ. ਪੀ. ਨੇ ਦੱਸਿਆ ਕਿ ਉਕਤ ਗੋਲੀ ਤੇ ਹਥਿਆਰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਏ. ਸੀ. ਪੀ. ਚੱਢਾ ਨੇ ਦੱਸਿਆ ਕਿ ਪੁਲਸ ਤਕਨੀਕੀ ਢੰਗ ਨਾਲ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦ ਹੀ ਸਾਰੇ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।
ਸ਼ਿਵ ਸੈਨਾ ਬਾਲ ਠਾਕਰੇ ਨੇ ਫੂਕਿਆ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਦਾ ਪੁਤਲਾ
NEXT STORY