ਮੋਹਾਲੀ (ਰਾਣਾ) - 3ਬੀ2 ਮਾਰਕੀਟ 'ਚ ਸਥਿਤ ਟਾਈਮਲੈੱਸ ਜਿਊਲਰ ਸ਼ਾਪ ਦੇ ਬਾਹਰ ਤਾਇਨਾਤ ਸਕਿਓਰਿਟੀ ਗਾਰਡ 'ਤੇ ਸ਼ਨੀਵਾਰ ਰਾਤ 2 ਨੌਜਵਾਨਾਂ ਨੇ ਬੇਸਬੈਟ ਨਾਲ ਹਮਲਾ ਕਰ ਦਿੱਤਾ ਤੇ ਬਾਹਰ ਤਾਇਨਾਤ ਗਾਰਡ ਦਾ ਸਿਰ ਭੰਨ ਕੇ ਉਸਦੇ ਹੱਥ 'ਚ ਫੜੀ ਰਾਈਫਲ ਖੋਹ ਕੇ ਲੈ ਗਏ। ਜਿਵੇਂ ਹੀ ਇਹ ਸੂਚਨਾ ਪੁਲਸ ਕੰਟ੍ਰੋਲ ਰੂਮ ਨੂੰ ਮਿਲੀ ਤਾਂ ਤੁਰੰਤ ਮੌਕੇ 'ਤੇ ਪੀ. ਸੀ. ਆਰ. ਤੇ ਥਾਣਾ ਪੁਲਸ ਪਹੁੰਚੀ ਪਰ ਉਦੋਂ ਤਕ ਮੁਲਜ਼ਮ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਸਨ। ਪੁਲਸ ਨੇ ਜ਼ਖਮੀ ਗਾਰਡ ਨੂੰੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ। ਉਸਦੀ ਅੱਖ 'ਤੇ ਡੂੰਘੀ ਸੱਟ ਲੱਗੀ ਹੈ। ਪੁਲਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੁਕਾਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਮੁਲਜ਼ਮਾਂ ਦਾ ਚਿਹਰਾ ਕੈਦ ਹੋ ਗਿਆ, ਜਿਸਦੀ ਫੁਟੇਜ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਈ ਹੈ।
ਪੁਲਸ ਨੇ ਦੱਸਿਆ ਕਿ ਸ਼ਨੀਵਾਰ ਦੇਰ ਸ਼ਾਮ ਪੰਜਾਬ ਨੰਬਰ ਦੀ ਵਰਨਾ ਕਾਰ 'ਚ ਕੁਝ ਮੁਲਜ਼ਮ ਆਏ। ਕਾਰ ਸੜਕ ਕੰਢੇ ਖੜ੍ਹੀ ਕਰਕੇ ਉਸ 'ਚੋਂ 2 ਨੌਜਵਾਨ ਨਿਕਲੇ ਤੇ ਬਾਕੀ ਕਾਰ 'ਚ ਹੀ ਬੈਠੇ ਰਹੇ। ਦੋਵੇਂ ਲੜਕੇ 3ਬੀ2 ਮਾਰਕੀਟ 'ਚ ਸਥਿਤ ਟਾਈਮਲੈੱਸ ਜਿਊਲਰ ਦੀ ਦੁਕਾਨ ਵੱਲ ਗਏ, ਦੁਕਾਨ ਉਸ ਸਮੇਂ ਬੰਦ ਹੋ ਚੁੱਕੀ ਸੀ। ਉਨ੍ਹਾਂ ਦੇ ਹੱਥ 'ਚ ਬੇਸਬੈਟ ਸਨ। ਉਨ੍ਹਾਂ ਨੇ ਆਉਂਦਿਆਂ ਹੀ ਦੁਕਾਨ ਦੇ ਬਾਹਰ ਖੜ੍ਹੇ ਸਕਿਓਰਿਟੀ ਗਾਰਡ ਤਿਲਕਰਾਜ 'ਤੇ ਹਮਲਾ ਕਰ ਦਿੱਤਾ। ਉਸਦੇ ਬਾਅਦ ਉਸਦੇ ਹੱਥ 'ਚ ਫੜੀ ਰਾਈਫਲ ਖੋਹ ਲਈ ਤੇ ਵਰਨਾ ਕਾਰ 'ਚ ਬੈਠ ਕੇ ਫਰਾਰ ਹੋ ਗਏ, ਜਿਥੇ ਉਨ੍ਹਾਂ ਦੇ ਸਾਥੀਆਂ ਨੇ ਕਾਰ ਪਹਿਲਾਂ ਹੀ ਸਟਾਰਟ ਕੀਤੀ ਹੋਈ ਸੀ।
ਫਿਰੋਜ਼ਪੁਰ ਦੇ ਸਨ ਮੁਲਜ਼ਮ : ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਜਿਹੜੇ ਮੁਲਜ਼ਮਾਂ ਨੇ ਗਾਰਡ ਤਿਲਕਰਾਜ ਦੀ ਰਾਈਫਲ ਖੋਹੀ ਸੀ, ਉਹ ਫਿਰੋਜ਼ਪੁਰ ਦੇ ਹਨ, ਜਿਨ੍ਹਾਂ ਦੀ ਪਛਾਣ ਕਰ ਲਈ ਗਈ ਹੈ ਤੇ ਛੇਤੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਮੁਲਜ਼ਮਾਂ ਨੂੰ ਫੜਨ ਲਈ ਐੱਸ. ਐੈੱਸ. ਪੀ. ਵਲੋਂ 4 ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ 'ਚ ਸੀ. ਆਈ. ਏ. ਸਟਾਫ ਵੀ ਸ਼ਾਮਲ ਹੈ। ਇਕ ਟੀਮ ਦੀ ਅਗਵਾਈ ਮਟੌਰ ਥਾਣਾ ਮੁਖੀ ਤ੍ਰਿਲੋਚਨ ਸਿੰਘ ਕਰ ਰਿਹਾ ਹੈ। ਦੋਸ਼ੀਆਂ ਨੂੰ ਫੜਨ ਲਈ ਪੁਲਸ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ।
ਪੀ. ਸੀ. ਆਰ. ਉਥੇ ਹੀ ਹੁੰਦੀ ਹੈ ਮੌਜੂਦ : ਇਕ ਪੀ. ਸੀ. ਆਰ. ਤਾਂ ਰੋਜ਼ਾਨਾ 3ਬੀ2 ਦੀ ਮਾਰਕੀਟ 'ਚ ਹੀ ਮੌਜੂਦ ਰਹਿੰਦੀ ਹੈ। ਉਸਦੇ ਇਲਾਵਾ ਇਸ ਮਾਰਕੀਟ 'ਚ ਪੀ. ਸੀ. ਆਰ. ਇੰਚਾਰਜ ਵੀ ਗਸ਼ਤ 'ਤੇ ਹੁੰਦੇ ਹਨ। ਫਿਰ ਵੀ 2 ਨੌਜਵਾਨ ਸ਼ਰੇਆਮ ਕਾਰ 'ਚ ਆਏ ਤੇ ਸਕਿਓਰਿਟੀ ਗਾਰਡ ਨੂੰ ਕੁੱਟ ਕੇ ਉਸ ਤੋਂ ਰਾਈਫਲ ਖੋਹ ਕੇ ਲੈ ਗਏ, ਜਦੋਂਕਿ ਮਾਰਕੀਟ 'ਚ ਉਸ ਸਮੇਂ ਪੂਰੀ ਭੀੜ ਹੁੰਦੀ ਹੈ। ਰਾਈਫਲ ਖੋਹਣ ਦੇ ਬਾਅਦ ਸਾਰੇ ਮੁਲਜ਼ਮ ਕਾਰ 'ਚ ਬੜੀ ਆਸਾਨੀ ਨਾਲ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ।
ਚਰਸ ਦੀ ਸਪਲਾਈ ਦੇਣ ਜਾ ਰਿਹਾ ਸਮੱਗਲਰ ਗ੍ਰਿਫਤਾਰ
NEXT STORY