ਨੂਰਪੁਰਬੇਦੀ (ਸੰਜੀਵ ਭੰਡਾਰੀ) : ਅੱਜ ਸਵੇਰੇ ਸਥਾਨਕ ਸਟੇਟ ਬੈਂਕ ਆਫ ਇੰਡੀਆ ਦੇ ਸਾਹਮਣੇ ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਸਥਿਤ ਖਾਲੀ ਪਲਾਟ ’ਚੋਂ ਇਕ ਵਿਅਕਤੀ ਦੀ ਸ਼ੱਕੀ ਹਾਲਤ ’ਚ ਲਾਸ਼ ਬਰਾਮਦ ਹੋਈ ਹੈ। ਸਥਾਨਕ ਸ਼ਹਿਰਵਾਸੀਆਂ ਵੱਲੋਂ ਦਿੱਤੀ ਸੂਚਨਾ ਉਪਰੰਤ ਨੂਰਪੁਰਬੇਦੀ ਥਾਣੇ ਤੋਂ ਮੌਕੇ ’ਤੇ ਪਹੁੰਚੇ ਏ.ਐੱਸ.ਆਈ. ਪ੍ਰਦੀਪ ਕੁਮਾਰ ਨੇ ਉਕਤ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਜ ਕੇ ਜਾਂਚ ਆਰੰਭ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਨੂਰਪੁਰਬੇਦੀ ਹਰਸ਼ ਮੋਹਨ ਗੌਤਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਕਿਸੇ ਵਿਅਕਤੀ ਦਾ ਪੁਲਸ ਨੂੰ ਫੋਨ ਆਇਆ ਸੀ ਕਿ ਸਥਾਨਕ ਸਟੇਟ ਬੈਂਕ ਆਫ ਪਟਿਆਲਾ ਦੇ ਸਾਹਮਣੇ ਸੜਕ ਕਿਨਾਰੇ ਸਥਿਤ ਇਕ ਖਾਲੀ ਪਲਾਟ ’ਚ ਕਿਸੇ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਕਰੀਬ 50 ਸਾਲਾ ਵਿਅਕਤੀ ਜੋ ਸ਼ਕਲ ਤੋਂ ਪ੍ਰਵਾਸੀ ਜਾਪਦਾ ਹੈ ਮ੍ਰਿਤਕ ਹਾਲਤ ’ਚ ਪਿਆ ਹੋਇਆ ਸੀ।
ਲੋਕਾਂ ਅਨੁਸਾਰ ਉਕਤ ਵਿਅਕਤੀ ਨੂੰ ਇਕ ਦਿਨ ਪਹਿਲਾਂ 25 ਜੁਲਾਈ ਦੀ ਦੁਪਹਿਰ ਨੂੰ ਵੀ ਉਕਤ ਪਲਾਟ ’ਚ ਡਿੱਗਿਆ ਹੋਇਆ ਦੇਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਵਿਅਕਤੀ ਦੇ ਮੂੰਹ ’ਤੇ ਕੁਝ ਖੂਨ ਦੇ ਨਿਸ਼ਾਨ ਸਨ ਜਿਸ ਤੋਂ ਲੱਗਦਾ ਹੈ ਕਿ ਉਕਤ ਵਿਅਕਤੀ ਸ਼ਰਾਬ ਦੇ ਨਸ਼ੇ ’ਚ ਹੋਵੇਗਾ ਜਿਸਦੇ ਡਿੱਗਣ ਨਾਲ ਸੱਟ ਲੱਗੀ ਹੋਵੇਗੀ ਉਪਰੰਤ ਉਸਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਦੀ ਰਿਪੋਰਟ ਹਾਸਲ ਹੋਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ। ਜਿਸ ਕਰ ਕੇ ਉਕਤ ਲਾਸ਼ ਨੂੰ 72 ਘੰਟਿਆਂ ਲਈ ਸ਼ਨਾਖਤ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾਘਰ ਵਿਖੇ ਰਖਵਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਕੁਝ ਵਿਅਕਤੀਆਂ ਨੂੰ ਲਾਸ਼ ਦੀ ਪਛਾਣ ਲਈ ਵੀ ਬੁਲਾਇਆ ਗਿਆ ਸੀ ਪਰ ਅਜੇ ਤਾਈਂ ਉਕਤ ਵਿਅਕਤੀ ਦੀ ਸ਼ਨਾਖਤ ਨਹੀਂ ਹੋ ਸਕੀ ਹੈ।
ਵਪਾਰੀ ਨਾਲ 17.43 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਪਤੀ-ਪਤਨੀ ਖਿਲਾਫ ਮਾਮਲਾ ਦਰਜ
NEXT STORY