ਹੁਸ਼ਿਆਰਪੁਰ (ਅਮਰਿੰਦਰ) - ਹੁਸ਼ਿਆਰਪੁਰ-ਟਾਂਡਾ ਮੁੱਖ ਮਾਰਗ 'ਤੇ ਬੀਤੀ ਦੇਰ ਰਾਤ ਕਰੀਬ 11.30 ਵਜੇ ਪੰਡੋਰੀ ਖਜੂਰ ਪਿੰਡ ਦੇ ਕੋਲ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਕੇ ਮੋਟਰਸਾਈਕਲ 'ਤੇ ਸਵਾਰ ਪਿਓ-ਧੀ ਦੀ ਮੌਤ ਹੋ ਗਈ, ਜਦਕਿ ਭਤੀਜੀ ਜ਼ਖ਼ਮੀ ਹੋ ਗਈ। ਹਾਦਸੇ ਤੋਂ ਬਾਅਦ ਅਣਪਛਾਤਾ ਵਾਹਨ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਹਾਦਸੇ ਦੀ ਸੂਚਨਾ ਥਾਣਾ ਬੁੱਲ੍ਹੋਵਾਲ ਦੀ ਪੁਲਸ ਨੂੰ ਦਿੱਤੀ। ਏ. ਐੱਸ. ਆਈ. ਕਮਲਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ 108 ਐਂਬੂਲੈਂਸ ਰਾਹੀਂ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਅੰਮ੍ਰਿਤਸਰ ਜ਼ਿਲੇ ਦੇ ਕੱਥੂਨੰਗਲ ਇਲਾਕੇ ਦੇ ਪਿੰਡ ਅਬਦਾਲ ਦੇ ਸੁਖਦੇਵ ਸਿੰਘ (49) ਤੇ ਉਸ ਦੀ ਭਤੀਜੀ ਰਾਜਵਿੰਦਰ ਕੌਰ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਰਸਤੇ ਵਿਚ ਹੀ ਸੁਖਦੇਵ ਸਿੰਘ ਦੀ ਮੌਤ ਹੋ ਗਈ ਜਦਕਿ ਸੁਖਦੇਵ ਸਿੰਘ ਦੀ ਲੜਕੀ ਸ਼ਰਨਜੀਤ ਕੌਰ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਸੁਖਦੇਵ ਸਿੰਘ ਤੇ ਸ਼ਰਨਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਸੁਖਦੇਵ ਆਪਣੀ ਲੜਕੀ ਤੇ ਭਤੀਜੀ ਨਾਲ ਮੋਟਰਸਾਈਕਲ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਗਏ ਸੀ। ਉਨ੍ਹਾਂ ਦੱਸਿਆ ਕਿ ਰਵਾਨਾ ਤੋਂ ਪਹਿਲਾਂ ਸੁਖਦੇਵ ਸਿੰਘ ਨੇ ਕਿਹਾ ਸੀ ਕਿ ਉਹ ਰਾਤ 1 ਵਜੇ ਤੱਕ ਘਰ ਪਹੁੰਚ ਜਾਣਗੇ। ਸਿਵਲ ਹਸਪਤਾਲ 'ਚ ਦਾਖ਼ਲ ਜ਼ਖ਼ਮੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਹਾਦਸੇ ਸਮੇਂ ਉਹ ਸਭ ਤੋਂ ਪਿੱਛੇ ਬੈਠੀ ਸੀ ਤੇ ਰਾਤ ਦੇ ਹਨੇਰੇ ਵਿਚ ਪਤਾ ਨਹੀਂ ਲੱਗ ਸਕਿਆ ਕਿ ਕਿਸ ਗੱਡੀ ਨੇ ਉਨ੍ਹਾਂ ਵਿਚ ਟੱਕਰ ਮਾਰੀ ਹੈ।
ਕੀ ਕਹਿੰਦੀ ਹੈ ਪੁਲਸ?
ਹਾਦਸੇ ਸਬੰਧੀ ਜਾਂਚ ਕਰ ਰਹੇ ਏ. ਐੱਸ. ਆਈ. ਕਮਲਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਧਾਰਾ 304-ਏ, 279, 337 ਤੇ 427 ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਨਿਗਮ ਚੋਣ 'ਚ ਕਾਂਗਰਸ ਦੀ ਜਿੱਤ ਦਾ ਸਿਹਰਾ ਕੈਪਟਨ ਤੇ ਰਵਨੀਤ ਬਿੱਟੂ ਨੂੰ
NEXT STORY