ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)— ਪੰਜਾਬ ਰੋਡਵੇਜ਼ ਨਵਾਂਸ਼ਹਿਰ ਦੇ ਮੁਲਾਜ਼ਮਾਂ ਨੇ ਅੱਜ ਐਕਸ਼ਨ ਕਮੇਟੀ ਦੇ ਸੱਦੇ ਤਹਿਤ ਆਪਣੀਆਂ ਮੰਗਾਂ ਨੂੰ ਲੈ ਕੇ ਬੱਸ ਅੱਡੇ 'ਤੇ ਗੇਟ ਰੈਲੀ ਕਰ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਏਟਕ ਦੇ ਜਨਰਲ ਸਕੱਤਰ ਦਵਿੰਦਰ ਕੁਮਾਰ, ਇੰਟਕ ਦੇ ਜਨਰਲ ਸਕੱਤਰ ਮਨਜੀਤ ਸਿੰਘ, ਕੰਡਕਟਰ ਯੂਨੀ. ਦੇ ਪ੍ਰਧਾਨ ਅਜੀਤ ਸਿੰਘ ਅਤੇ ਡਰਾਈਵਰ ਯੂਨੀ. ਦੇ ਪ੍ਰਧਾਨ ਧਰਮਵੀਰ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀਆਂ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਅਵੇਸਲੀ ਹੋਈ ਪਈ ਹੈ, ਜਿਸ ਕਾਰਨ ਸਮੂਹ ਮੁਲਾਜ਼ਮਾਂ ਵਿਚ ਸਰਕਾਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਟਰਾਂਸਪੋਰਟ ਕੰਪਨੀਆਂ ਦੇ ਦਬਦਬੇ ਕਾਰਨ ਰੋਡਵੇਜ ਘਾਟੇ ਦਾ ਸੌਦਾ ਬਣ ਰਹੀ ਹੈ। ਅਕਾਲੀ ਦਲ ਵਿੰਗ ਦੇ ਪ੍ਰਧਾਨ ਸੋਢੀ ਸਿੰਘ, ਵਰਕਸ਼ਾਪ ਯੂਨੀ. ਦੇ ਪ੍ਰਧਾਨ ਪ੍ਰੀਤਮ ਭਗਤ, ਪਨਬੱਸ ਦੇ ਆਗੂ ਅਸ਼ੋਕ ਕੁਮਾਰ ਰੋੜੀ ਅਤੇ ਦਸੌਂਧਾ ਸਿੰਘ ਨੇ ਕਿਹਾ ਕਿ ਸਰਕਾਰ ਦੀ ਮੁਲਾਜ਼ਮ ਅਤੇ ਰੋਡਵੇਜ਼ ਵਿਰੋਧੀ ਨੀਤੀਆਂ ਨੂੰ ਜਗ ਜ਼ਾਹਿਰ ਕਰਨ ਲਈ 6 ਫਰਵਰੀ ਨੂੰ ਜਲੰਧਰ ਵਿਚ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। ਸੰਘਰਸ਼ ਤਹਿਤ 19 ਫਰਵਰੀ ਨੂੰ ਪੰਜਾਬ ਦੇ ਸਮੂਹ ਜ਼ਿਲਾ ਹੈੱਡ ਕੁਆਰਟਰਾਂ ਦੇ ਬੱਸ ਅੱਡਿਆਂ 'ਤੇ ਗੇਟ ਰੈਲੀਆਂ ਦਾ ਆਯੋਜਨ ਕੀਤਾ ਜਾਵੇਗਾ ਅਤੇ 21 ਫਰਵਰੀ ਨੂੰ ਸਮੂਹ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਹੜਤਾਲ ਰੱਖ ਕੇ ਬੱਸਾਂ ਦਾ ਚੱਕਾ ਜਾਮ ਕਰਨਗੇ।

ਰੂਪਨਗਰ, (ਵਿਜੇ)-ਪੰਜਾਬ ਰੋਡਵੇਜ਼ ਰੂਪਨਗਰ ਡਿਪੂ ਦੇ ਗੇਟ 'ਤੇ ਪੰਜਾਬ ਰੋਡਵੇਜ਼ ਦੇ ਸਮੂਹ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕੀਤੀ ਗਈ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਸਮੂਹ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਚੁੱਪੀ ਧਾਰੀ ਬੈਠੀ ਹੈ ਅਤੇ ਅੱਜ ਪੰਜਾਬ ਦੇ ਮੁਲਾਜ਼ਮਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਦਾ ਰਾਹ ਚੁਣਨਾ ਪੈ ਰਿਹਾ ਹੈ। ਸਮੂਹ ਬੁਲਾਰਿਆਂ ਨੇ ਮੰਗਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਮੰਗਾਂ 'ਤੇ ਜਲਦ ਵਿਚਾਰ ਨਾ ਕੀਤਾ ਗਿਆ ਤਾਂ ਪੰਜਾਬ ਭਰ ਦੇ ਕਾਮੇ 19 ਫਰਵਰੀ ਨੂੰ ਸਾਰੇ ਡਿਪੂਆਂ 'ਤੇ ਗੇਟ ਰੈਲੀਆਂ ਕਰਨਗੇ। ਜਦੋਂਕਿ 21 ਫਰਵਰੀ ਨੂੰ ਹੜਤਾਲ ਕਰਨਗੇ।
ਇਸ ਮੌਕੇ ਗੁਰਦੇਵ ਸਿੰਘ ਸੂਬਾਈ ਆਗੂ, ਤਰਲੋਚਨ ਸਿੰਘ, ਬਲਵਿੰਦਰ ਸਿੰਘ ਪ੍ਰਧਾਨ, ਰਜਿੰਦਰ ਸਿੰਘ, ਸੁਖਜਿੰਦਰ ਸਿੰਘ ਪ੍ਰਧਾਨ, ਹਰਪ੍ਰੀਤ ਸਿੰਘ, ਜਗਜੀਤ ਸਿੰਘ ਇੰਟਕ, ਸਰਬਜੀਤ ਸਿੰਘ, ਬਲਦੇਵ ਸਿੰਘ, ਸਰਬਜੀਤ ਸਿੰਘ ਪ੍ਰਧਾਨ ਕੰਡਕਟਰ ਯੂਨੀਅਨ, ਪਾਲ ਸਿੰਘ ਆਦਿ ਨੇ ਸੰਬੋਧਨ ਕੀਤਾ।
ਇਹ ਹਨ ਮੁਲਾਜ਼ਮਾਂ ਦੀਆਂ ਮੰਗਾਂ
-ਪੰਜਾਬ ਰੋਡਵੇਜ਼ ਦੇ ਬੇੜੇ ਵਿਚ 350 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣ।
-ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ।
-ਪਿਛਲੇ 22 ਮਹੀਨਿਆ ਦਾਂ ਲਟਕਿਆ ਡੀ.ਏ. ਜਲਦ ਦਿੱਤਾ ਜਾਵੇ।
-ਖਜ਼ਾਨਾ ਦਫਤਰਾਂ 'ਤੇ ਲੱਗੀ ਰੋਕ ਹਟਾਈ ਜਾਵੇ।
-ਕਿਲੋਮੀਟਰ ਸਕੀਮ ਅਧੀਨ ਚੱਲਦੀਆਂ ਬੱਸਾਂ ਨੂੰ ਬੰਦ ਕਰ ਕੇ ਰੋਡਵੇਜ਼ ਦੇ ਬੇੜੇ 'ਚ ਪਾਇਆ ਜਾਵੇ।
-ਪੰਜਾਬ 'ਚ ਚੱਲ ਰਹੇ 12,210 ਨਾਜਾਇਜ਼ ਰੂਟਾਂ ਨੂੰ ਬੰਦ ਕਰ ਕੇ ਰੋਡਵੇਜ਼ ਦੀਆਂ ਬੱਸਾਂ ਨੂੰ ਅਲਾਟ ਕੀਤਾ ਜਾਵੇ।
ਦਾਜ ਦੀ ਭੇਟ ਚੜ੍ਹੀ ਵਿਆਹੁਤਾ
NEXT STORY