ਲੁਧਿਆਣਾ (ਰਾਜ) : ਪਹਿਲਾਂ ਘੁਮਾਰ ਮੰਡੀ ਜਿਊਲਰ ਸ਼ਾਪ 'ਤੇ ਅਤੇ ਫਿਰ ਗਿੱਲ ਰੋਡ 'ਤੇ ਸਥਿਤ ਗੋਲਡ ਕੰਪਨੀ ਵਿਚ ਹੋਈ ਲੁੱਟ ਦੀ ਵੱਡੀ ਵਾਰਦਾਤ ਤੋਂ ਬਾਅਦ ਵੀ ਮੁਲਜ਼ਮ ਖੁੱਲ੍ਹੇਆਮ ਪੁਲਸ ਨੂੰ ਚੈਲੇਂਜ ਕਰ ਰਹੇ ਹਨ। ਦਿਨ ਵਿਚ ਪੁਲਸ ਨੇ ਮੁਲਜ਼ਮਾਂ ਵਿਚ ਖੌਫ ਪੈਦਾ ਕਰਨ ਲਈ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਪੈਟਰੋਲਿੰਗ ਕਰਵਾਈ ਪਰ ਰਾਤ ਨੂੰ ਲੁਟੇਰਿਆਂ ਨੇ ਸਰੇਬਾਜ਼ਾਰ ਇਕ ਕਾਰੋਬਾਰੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ, ਜਦੋਂ ਉਹ ਨਾਕਾਮ ਰਹੇ ਤਾਂ ਕਾਰੋਬਾਰੀ ਉੱਤੇ ਗੋਲੀਆਂ ਚਲਾ ਦਿੱਤੀਆਂ। ਪੀੜਤ ਨੂੰ 2 ਗੋਲੀਆਂ ਲੱਗੀਆਂ, ਉਹ ਕਿਸੇ ਤਰ੍ਹਾਂ ਜ਼ਖ਼ਮੀ ਹਾਲਤ ਵਿਚ ਆਪਣੇ ਘਰ ਅੱਪੜਿਆ। ਇਸ ਉਪਰੰਤ ਪਰਿਵਾਰ ਵਾਲਿਆਂ ਨੇ ਉਸ ਨੂੰ ਗੰਭੀਰ ਹਾਲਤ ਵਿਚ ਸੀ. ਐੱਮ. ਸੀ. ਵਿਚ ਭਰਤੀ ਕਰਵਾਇਆ।
ਦੂਜੇ ਪਾਸੇ ਸੂਚਨਾ ਮਿਲਣ ਤੋਂ ਬਾਅਦ ਏ. ਡੀ. ਸੀ. ਪੀ. ਗੁਰਪ੍ਰੀਤ ਸਿੰਘ ਸਿਕੰਦ, ਏ. ਸੀ. ਪੀ. ਵਰਿਆਮ ਸਿੰਘ, ਏ. ਸੀ. ਪੀ. ਅਨਿਲ ਕੋਹਲੀ ਅਤੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਮੌਕੇ ਉੱਤੇ ਪਹੁੰਚੀ। ਘਟਨਾ ਕਰੀਬ 10 ਵਜੇ ਦੀ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਚਾਚਾ ਮਹਿੰਦਰ ਸਿੰਘ ਕਾਲੜਾ (52) ਦੀ ਨਿੰਮ ਵਾਲਾ ਚੌਕ 'ਤੇ ਸਾਹਿਬਾ ਕੁਲੈਕਸ਼ਨ ਦੇ ਨਾਂ 'ਤੇ ਸ਼ਾਪ ਹੈ। ਉਹ ਰਾਤ ਨੂੰ ਦੁਕਾਨ ਬੰਦ ਕਰਣ ਤੋਂ ਬਾਅਦ ਕਿਸੇ ਪਾਰਟੀ ਤੋਂ ਪੇਮੈਂਟ ਲੈਣ ਗਏ ਸਨ। ਜਦੋਂ ਉਹ ਐਕਟਿਵਾ 'ਤੇ ਮੋਹਰ ਸਿੰਘ ਨਗਰ ਸਥਿਤ ਘਰ ਵਾਪਸ ਜਾ ਰਹੇ ਸਨ ਤਾਂ ਚੀਮਾ ਚੌਕ ਕੋਲ ਉਨ੍ਹਾਂ ਦੇ ਪਿੱਛੇ ਬੁਲੇਟ ਸਵਾਰ ਨੌਜਵਾਨ ਲੱਗ ਗਏ। ਸੂਫੀਆ ਚੌਕ ਕੋਲ ਉਨ੍ਹਾਂ ਨੇ ਉਨ੍ਹਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਵਾਰਦਾਤ ਵਿਚ ਕਾਮਯਾਬ ਨਹੀਂ ਹੋ ਸਕੇ। ਉਸ ਦਾ ਕਹਿਣਾ ਹੈ ਕਿ ਚਾਚੇ ਦੇ ਵਿਰੋਧ ਕਰਨ 'ਤੇ ਲੁਟੇਰਿਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।
ਇਸ ਸਬੰਧੀ ਏ. ਡੀ. ਸੀ. ਪੀ. ਗੁਰਪ੍ਰੀਤ ਸਿੰਘ ਸਿਕੰਦ ਦਾ ਕਹਿਣਾ ਹੈ ਕਿ ਮਹਿੰਦਰ ਦੀ ਹਾਲਤ ਅਜੇ ਠੀਕ ਨਹੀਂ ਹੈ। ਉਸ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਪੂਰਾ ਮਾਮਲਾ ਸਪੱਸ਼ਟ ਹੋਵੇਗਾ। ਫਿਲਹਾਲ ਅਣਪਛਾਤੇ ਲੋਕਾਂ ਉੱਤੇ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਮਹਾਨਗਰ ਵਿਚ ਲੁੱਟ ਖੋਹ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਬਾਵਜੂਦ ਇਸ ਪੁਲਸ ਲੁਟੇਰਿਆਂ 'ਤੇ ਨੱਥ ਪਾਉਣ ਵਿਚ ਨਾਕਾਮ ਸਾਬਤ ਹੋ ਰਹੀ ਹੈ। ਅਜਿਹੀਆਂ ਘਟਨਾਵਾਂ ਕਾਰਨ ਜਿੱਥੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ, ਉਥੇ ਹੀ ਪੁਲਸ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿਚ ਨਜ਼ਰ ਆ ਰਹੀ ਹੈ।
ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਪਤੀ ਨੇ ਕੁਹਾੜੀ ਮਾਰ ਕੀਤਾ ਪਤਨੀ ਦਾ ਕਤਲ
NEXT STORY