ਭਵਾਨੀਗੜ੍ਹ, (ਵਿਕਾਸ/ਕਾਂਸਲ)- ਪਿੰਡ ਮੱਟਰਾਂ ਨੇੜੇ ਕਾਰ ਸਵਾਰ ਅਣਪਛਾਤੇ ਲੁਟੇਰੇ ਦਾਤਨੁਮਾ ਚੀਜ਼ ਦੇ ਬਲ ’ਤੇ ਦਿਨ-ਦਿਹਾੜੇ ਐੱਲ.ਪੀ.ਜੀ. ਸਿਲੰਡਰ ਡਲਿਵਰ ਕਰਨ ਵਾਲੇ ਗੈਸ ਏਜੰਸੀ ਦੇ ਕਰਿੰਦੇ ਕੋਲੋਂ ਕਰੀਬ 20 ਹਜ਼ਾਰ ਰੁਪਏ ਨਕਦ ਤੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਭਵਾਨੀਗੜ੍ਹ ਗੈਸ ਏਜੰਸੀ ਦੇ ਮਾਲਕ ਚਰਨਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦਾ ਕਰਮਚਾਰੀ ਕੁਲਦੀਪ ਸਿੰਘ ਵਾਸੀ ਕਾਕੜਾ ਸ਼ਨੀਵਾਰ ਨੂੰ ਟਾਟਾ ਐੱਸ (ਟੈਂਪੂ) ਰਾਹੀਂ ਸਿਲੰਡਰ ਡਲਿਵਰੀ ਕਰਨ ਲਈ ਪਿੰਡ ਮਟਰਾਂ ਗਿਆ ਸੀ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਕਤ ਡਲਿਵਰੀ ਮੈਨ ਮਟਰਾਂ ਲਿੰਕ ਰੋਡ ਤੋਂ ਪਿੰਡ ਨਦਾਮਪੁਰ ਲਈ ਰਵਾਨਾ ਹੋਇਆ ਤਾਂ ਰਸਤੇ ’ਚ ਕਾਰ ’ਚ ਸਵਾਰ ਤਿੰਨ ਲੁਟੇਰਿਆਂ ਨੇ ਕੁਲਦੀਪ ਨੂੰ ਘੇਰ ਲਿਆ। ਜਿਸ ਮਗਰੋਂ ਕਾਰ ’ਚੋਂ ਉਤਰੇ ਦੋ ਲੁਟੇਰਿਆਂ ਨੇ ਕੁਲਦੀਪ ਨੂੰ ਗਲਾਮੇ ਤੋਂ ਫੜ ਕੇ ਡਰਾਉਂਦੇ-ਧਮਕਾਉਂਦੇ ਸ਼ੁਰੂ ਕਰ ਦਿੱਤਾ ਤੇ ਪੁੱਠੇ ਦਾਤ ਉਸ ਦੇ ਪੱਟ ’ਤੇ ਮਾਰ ਕੇ ਪੈਸਿਆਂ ਦੀ ਮੰਗ ਕੀਤੀ ਤਾਂ ਇਸ ਦੌਰਾਨ ਲੁਟੇਰੇ ਟੈਂਪੂ ’ਚ ਪਏ 20 ਹਜ਼ਾਰ ਰੁਪਏ ਅਤੇ ਜਾਂਦੇ ਹੋਏ ਕੁਲਦੀਪ ਦਾ ਮੋਬਾਈਲ ਫੋਨ ਖੋਹ ਕੇ ਮੌਕੇ ਤੋਂ ਭੱਜ ਨਿਕਲੇ।
ਏਜੰਸੀ ਦੇ ਮਾਲਕ ਸਿੱਧੂ ਨੇ ਦੱਸਿਆ ਕਿ ਪੁਲਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੁਲਸ ਨੇ ਮੌਕੇ ਦਾ ਮੁਆਇਨਾ ਕੀਤਾ। ਸਿੱਧੂ ਅਨੁਸਾਰ ਸੀ.ਸੀ.ਟੀ.ਵੀ. ਫੁਟੇਜ਼ ਤੋਂ ਪਤਾ ਚੱਲਿਆ ਕਿ ਲੁਟੇਰੇ ਇਕ ਮਾਰੂਤੀ ਸੇਲੇਰੀਓ ਕਾਰ ’ਚ ਆਏ ਸਨ ਜਿਸ ’ਤੇ ਨੰਬਰ ਪਲੇਟ ਜਾਅਲੀ ਲੱਗੀ ਸੀ। ਕਿਉਂਕਿ ਪੁਲਸ ਦੀ ਮੌਜੂਦਗੀ ’ਚ ਜਦੋਂ ਕਾਰ ਦਾ ਨੰਬਰ ਚੈੱਕ ਕੀਤਾ ਗਿਆ ਤਾਂ ਉਹ ਇਕ ਮੋਟਰਸਾਈਕਲ ਦਾ ਨੰਬਰ ਰਜਿਸਟਰਡ ਪਾਇਆ ਗਿਆ। ਉੱਧਰ ਪੁਲਸ ਮਾਮਲੇ ’ਚ ਸੁਰਾਗ ਇਕੱਤਰ ਕਰਨ ’ਚ ਜੁੱਟ ਗਈ।
ਬੇਅਦਬੀ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ! ਮਾਨ ਸਰਕਾਰ ਨੇ ਕਰ'ਤਾ ਵੱਡਾ ਐਲਾਨ
NEXT STORY