ਭੋਗਪੁਰ (ਸੂਰੀ) : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਲੁਟੇਰਿਆਂ ਤੇ ਚੋਰਾਂ ਦਾ ਆਤੰਕ ਰੁਕਣ ਦਾ ਨਾਂ ਨਹੀਂ ਲੈ ਰਿਹਾ। ਐਤਵਾਰ ਦੇਰ ਸ਼ਾਮ ਲੁਟੇਰੇ ਨੇ ਸੜਕ ਕਿਨਾਰੇ ਖੜ੍ਹੀ ਇਕ ਫਾਰਚੂਨਰ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿੱਚੋਂ ਇਕ ਬੈਗ ਚੋਰੀ ਕੀਤਾ ਤੇ ਫਰਾਰ ਹੋ ਗਿਆ। ਬੈਗ ਵਿੱਚ ਡੇਢ ਲੱਖ ਦੀ ਨਕਦੀ ਤੇ ਕਈ ਅਹਿਮ ਦਸਤਾਵੇਜ਼ ਸਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਗੱਡੀ ਮਾਲਕ ਪੁਸ਼ਪਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਭਟਨੂਰਾ ਲੁਬਾਣਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਲਾ ਬੱਕਰਾ ਅਤੇ ਨਿਜ਼ਾਮਦੀਨਪੁਰ ਵਿਚਾਲੇ ਇਕ ਨਵਾਂ ਪੈਟਰੋਲ ਪੰਪ ਖੋਲ੍ਹਿਆ ਜਾ ਰਿਹਾ ਹੈ, ਜਿਸ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬੀ ਨੌਜਵਾਨ ਦਾ ਮਨੀਲਾ 'ਚ ਕਤਲ, 4 ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼
ਪੰਪ 'ਤੇ ਚੱਲ ਰਹੇ ਉਸਾਰੀ ਦੇ ਕੰਮ ਨੂੰ ਦੇਖਣ ਲਈ ਉਹ ਅੱਜ ਆਪਣੀ ਸਾਈਟ 'ਤੇ ਆਏ ਸਨ। ਉਨ੍ਹਾਂ ਆਪਣੀ ਫਾਰਚੂਨਰ ਗੱਡੀ ਸੜਕ ਕਿਨਾਰੇ ਖੜ੍ਹੀ ਕਰ ਦਿੱਤੀ ਅਤੇ ਪੈਦਲ ਉਸਾਰੀ ਵਾਲੀ ਥਾਂ 'ਤੇ ਚਲੇ ਗਏ। ਕੁਝ ਸਮੇਂ ਬਾਅਦ ਅਚਾਨਕ ਗੱਡੀ ਦਾ ਸਕਿਓਰਿਟੀ ਅਲਾਰਮ ਵੱਜਣਾ ਸ਼ੁਰੂ ਹੋ ਗਿਆ। ਉਨ੍ਹਾਂ ਦੇ ਵਰਕਰ ਦੌੜ ਕੇ ਜਦੋਂ ਗੱਡੀ ਵੱਲ ਗਏ ਤਾਂ ਇਕ ਨੌਜਵਾਨ ਗੱਡੀ 'ਚੋਂ ਬੈਗ ਚੋਰੀ ਕਰਕੇ ਦੌੜਦਾ ਦਿਖਾਈ ਦਿੱਤਾ, ਜੋ ਕਿ ਅੱਗੇ ਢਾਬਿਆਂ ਕੋਲ ਜਾ ਕੇ ਅਚਾਨਕ ਗਾਇਬ ਹੋ ਗਿਆ। ਪੁਸ਼ਪਿੰਦਰ ਸਿੰਘ ਵੱਲੋਂ ਇਸ ਸਬੰਧੀ ਪੁਲਸ ਚੌਕੀ ਲਾਹਦੜਾ ਨੂੰ ਇਤਲਾਹ ਦਿੱਤੀ ਗਈ, ਜਿਸ ਤੋਂ ਬਾਅਦ ਚੌਕੀ ਇੰਚਾਰਜ ਪਰਮਜੀਤ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਜਾਂਚ ਸ਼ੁਰੂ ਕੀਤੀ। ਖ਼ਬਰ ਲਿਖੇ ਜਾਣ ਤੱਕ ਲੁਟੇਰੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਤੇ ਸ਼ੂਟਰਾਂ ਵਿਚਾਲੇ ਮੁੱਠਭੇੜ, ਚੱਲੀਆਂ ਤਾਬੜਤੋੜ ਗੋਲ਼ੀਆਂ, ਇਕ ਦਬੋਚਿਆ
ਵਰਣਨਯੋਗ ਹੈ ਕਿ ਇਸ ਹਾਈਵੇ 'ਤੇ ਅਕਸਰ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਪਰ ਪੁਲਸ ਦੇ ਹੱਥ ਖਾਲੀ ਨਜ਼ਰ ਆ ਰਹੇ ਹਨ। ਹਾਲਾਤ ਇੰਨੇ ਜ਼ਿਆਦਾ ਖਰਾਬ ਹੋ ਚੁੱਕੇ ਹਨ ਕਿ ਚੋਰਾਂ-ਲੁਟੇਰਿਆਂ ਸਬੰਧੀ ਲੋਕ ਪੁਲਸ ਨੂੰ ਇਤਲਾਹ ਵੀ ਦੇਣ ਤੋਂ ਕਤਰਾਉਣ ਲੱਗੇ ਹਨ। ਇਸ ਮਾਮਲੇ ਸਬੰਧੀ ਜਦੋਂ ਭੋਗਪੁਰ ਥਾਣਾ ਮੁਖੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੁਲਸ ਚੌਕੀ ਲਾਹਦੜਾ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਰਾਲੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੇਂਦਰ ਅੱਗੇ ਰੱਖੀ ਇਹ ਮੰਗ, ਕੈਬਨਿਟ ਮੰਤਰੀ ਨੇ ਚੁੱਕੇ ਕਈ ਮੁੱਦੇ
NEXT STORY