ਜਗਰਾਓਂ(ਜਸਬੀਰ ਸ਼ੇਤਰਾ)–ਇਥੇ ਕੱਚਾ ਮਲਕ ਰੋਡ 'ਤੇ ਸਥਿਤ ਕੋਠੀ 'ਚ 2 ਬੱਚੀਆਂ ਨੂੰ ਪਿਸਤੌਲ ਦੀ ਨੋਕ 'ਤੇ ਬੰਧਕ ਬਣਾ ਕੇ 5 ਜੂਨ ਨੂੰ ਦਿਨ ਦਿਹਾੜੇ ਲੱਖਾਂ ਰੁਪਏ ਦੀ ਡਕੈਤੀ ਦੇ ਮਾਮਲੇ 'ਚ ਅੱਜ ਅਹਿਮ ਖੁਲਾਸਾ ਹੋਇਆ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਚੱਲ ਰਹੀ ਪੜਤਾਲ ਦੌਰਾਨ ਉਦੋਂ ਹੈਰਾਨੀ ਦੀ ਹੱਦ ਨਾ ਰਹੀ, ਜਦੋਂ 2 ਜੂਨ ਵਾਲੇ ਦਿਨ ਦੀ ਫੁਟੇਜ 'ਚ ਵੀ ਲੁਟੇਰੇ ਉਸੇ ਤਰ੍ਹਾਂ ਮੂੰਹ ਬੰਨ੍ਹ ਕੇ ਕੋਠੀ ਦੁਆਲੇ ਮੰਡਰਾਉਂਦੇ ਨਜ਼ਰ ਆਏ। ਇਸ ਤੋਂ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਡਕੈਤੀ ਦੀ ਘਟਨਾ ਨੂੰ ਤਿੰਨ ਦਿਨ ਪਹਿਲਾਂ ਵੀ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਸ ਦਿਨ ਵੀ ਮੁਲਜ਼ਮ ਕੰਧ ਟੱਪ ਕੇ ਅੰਦਰ ਜਾਣ ਦੀ ਕੋਸ਼ਿਸ਼ 'ਚ ਸਨ ਪਰ ਆਵਾਜਾਈ ਵਧੇਰੇ ਹੋਣ ਕਰਕੇ ਉਨ੍ਹਾਂ ਨੂੰ ਕੋਠੀ ਅੰਦਰ ਟੱਪਣ ਦਾ ਮੌਕਾ ਹੀ ਨਹੀਂ ਸੀ ਮਿਲ ਸਕਿਆ।
ਓਧਰ ਪੁਲਸ ਜ਼ਿਲੇ ਦੇ ਐੱਸ. ਐੱਸ. ਪੀ. ਸੁਰਜੀਤ ਸਿੰਘ ਨੇ ਡਕੈਤੀ ਦੀ ਇਸ ਬਹੁਚਰਚਿਤ ਘਟਨਾ ਦੇ ਹੱਲ ਲਈ 5 ਮੈਂਬਰੀ ਜਾਂਚ ਟੀਮ ਦਾ ਗਠਨ ਕਰਕੇ ਇਸ 'ਚ ਸ਼ਾਮਲ ਵੱਖ-ਵੱਖ ਪੁਲਸ ਅਧਿਕਾਰੀਆਂ ਨੂੰ ਕੰਮ ਵੰਡਣ ਤੋਂ ਜ਼ਿੰਮੇਵਾਰੀ ਤੈਅ ਕਰ ਦਿੱਤੀ ਹੈ। ਇਹ ਟੀਮ ਐੱਸ. ਪੀ. (ਐੱਚ) ਮਨਦੀਪ ਸਿੰਘ ਗਿੱਲ ਦੀ ਅਗਵਾਈ 'ਚ ਕੰਮ ਕਰੇਗੀ। ਅੱਜ ਸਾਹਮਣੇ ਆਈ 3 ਜੂਨ ਸ਼ੁੱਕਰਵਾਰ ਵਾਲੀ ਨਵੀਂ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਉਸ ਦਿਨ ਮੁਲਜ਼ਮਾਂ ਨੇ ਉਹੋ ਕੱਪੜੇ ਪਾਏ ਹੋਏ ਹਨ ਜੋ ਘਟਨਾ ਨੂੰ ਅੰਜਾਮ ਦੇਣ ਵਾਲੇ ਦਿਨ ਸੋਮਵਾਰ ਨੂੰ ਪਾਏ ਹੋਏ ਸਨ। ਘਟਨਾ ਨੂੰ ਅੰਜ਼ਾਮ ਪੌਣੇ 2 ਵਜੇ ਦਿੱਤਾ ਗਿਆ ਸੀ, ਜਦਕਿ ਇਸ ਤੋਂ ਤਿੰਨ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਮੁਲਜ਼ਮ ਡੇਢ ਤੋਂ ਸਵਾ 2 ਵਜੇ ਤਕ ਕੋਠੀ ਦੇ ਆਲੇ-ਦੁਆਲੇ ਘੁੰਮਦੇ ਹੋਏ ਨਜ਼ਰ ਆ ਰਹੇ ਸਨ। ਉਹ 3 ਜੂਨ ਨੂੰ ਹੀ ਘਟਨਾ ਨੂੰ ਅੰਜਾਮ ਦੇਣ ਦੀ ਪੂਰੀ ਤਿਆਰੀ ਨਾਲ ਆਏ ਸਨ ਪਰ ਸਹੀ ਮੌਕਾ ਨਾ ਮਿਲਣ ਕਰਕੇ ਨਾਕਾਮ ਰਹੇ। ਇਨ੍ਹਾਂ ਦੀ ਗਿਣਤੀ ਵੀ 6 ਹੀ ਨਜ਼ਰ ਆਉਂਦੀ ਹੈ ਤੇ ਮੋਟਰਸਾਈਕਲ ਵੀ ਦੋ ਹਨ। ਥਾਣਾ ਸਿਟੀ ਇੰਚਾਰਜ ਇੰਦਰਜੀਤ ਸਿੰਘ ਨੇ ਇਹ ਫੁਟੇਜ ਮਿਲਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੁਲਸ ਇਸ ਮਾਮਲੇ 'ਚ ਦਿਨ ਰਾਤ ਕੰਮ ਕਰ ਰਹੀ ਹੈ ਤੇ ਇਸ ਮਿਹਨਤ ਨੂੰ ਬੂਰ ਪੈਂਦਾ ਨਜ਼ਰ ਆਉਣ ਲੱਗਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ 'ਚ ਇਸ ਡਕੈਤੀ ਦੀ ਗੁੱਥੀ ਸੁਲਝ ਜਾਵੇਗੀ। ਜਾਂਚ ਟੀਮ 'ਚ ਐੱਸ. ਪੀ. (ਐੱਚ) ਮਨਦੀਪ ਸਿੰਘ ਗਿੱਲ ਤੋਂ ਇਲਾਵਾ ਡੀ. ਐੱਸ. ਪੀ. (ਡੀ) ਸਤਨਾਮ ਸਿੰਘ, ਡੀ. ਐੱਸ. ਪੀ. ਸਿਟੀ ਕੰਵਰਪਾਲ ਸਿੰਘ, ਸੀ. ਆਈ. ਏ. ਇੰਚਾਰਜ ਲਖਵੀਰ ਸਿੰਘ ਤੇ ਸਿਟੀ ਇੰਚਾਰਜ ਇੰਦਰਜੀਤ ਸਿੰਘ ਬੋਪਾਰਾਏ ਸ਼ਾਮਲ ਹਨ।
ਸੜਕ ਹਾਦਸੇ 'ਚ ਇਕ ਦੀ ਮੌਤ, 2 ਜ਼ਖਮੀ
NEXT STORY