ਮੋਗਾ (ਆਜ਼ਾਦ) - ਇੱਥੋਂ ਥੋੜ੍ਹੀ ਦੂਰ ਧਰਮਕੋਟ ਦੀ ਕੋਟ ਈਸੇ ਖਾਂ ਰੋਡ 'ਤੇ ਸ਼ਰਾਬ ਦੇ ਠੇਕੇ ਤੋਂ 4 ਅਣਪਛਾਤੇ ਲੁਟੇਰਿਆਂ ਵੱਲੋਂ ਸੇਲਜ਼ਮੈਨ ਦੀ ਕੰਨਪਟੀ 'ਤੇ ਪਿਸਤੌਲ ਲਾ ਕੇ 24 ਹਜ਼ਾਰ 500 ਰੁਪਏ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਲੁਟੇਰਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਸੇਲਜ਼ਮੈਨ ਅਨੇਕ ਸਿੰਘ ਨਿਵਾਸੀ ਯੂ. ਪੀ. ਨੇ ਦੱਸਿਆ ਕਿ ਉਹ ਗਗਨ ਵਾਈਨ ਐਂਡ ਕੰਪਨੀ ਦੇ ਜ਼ੀਰਾ ਰੋਡ ਧਰਮਕੋਟ 'ਤੇ ਸ਼ਰਾਬ ਦੇ ਠੇਕੇ 'ਚ ਕੰਮ ਕਰਦਾ ਆ ਰਿਹਾ ਹੈ। ਬੀਤੀ ਦੇਰ ਰਾਤ ਜਦੋਂ ਉਹ ਠੇਕੇ 'ਤੇ ਬੈਠਾ ਹੋਇਆ ਸੀ ਤਾਂ ਇਸ ਦੌਰਾਨ ਇਕ ਕਾਰ 'ਚ 4 ਅਣਪਛਾਤੇ ਲੜਕੇ ਆਏ, ਜਿਸ 'ਚੋਂ ਦੋ ਕਾਰ ਸਵਾਰ ਉਤਰ ਕੇ ਮੇਰੇ ਤੋਂ ਸ਼ਰਾਬ ਦੀ ਬੋਤਲ ਮੰਗਣ ਲੱਗੇ। ਜਦੋਂ ਮੈਂ ਉਸ ਨੂੰ ਰੇਟ ਦੱਸਿਆ ਤਾਂ ਇਕ ਨੌਜਵਾਨ ਨੇ ਮੇਰੀ ਕੰਨਪਟੀ 'ਤੇ ਪਿਸਤੌਲ ਲਾ ਕੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉੱਥੇ ਗੱਲੇ 'ਚ ਪਈ 24,500 ਰੁਪਏ ਨਕਦੀ ਤੋਂ ਇਲਾਵਾ ਮੋਬਾਇਲ ਖੋਹ ਕੇ ਲੈ ਗਏ। ਮੈਂ ਬਹੁਤ ਡਰ ਗਿਆ ਸੀ, ਉਨ੍ਹਾਂ ਦੇ ਜਾਣ ਤੋਂ ਬਾਅਦ ਮੈਂ ਰੌਲਾ ਪਾਇਆ ਪਰ ਉਦੋਂ ਤੱਕ ਉਹ ਭੱਜ ਚੁੱਕੇ ਸਨ। ਮੈਂ ਆਪਣੇ ਮਾਲਕਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਪੁਲਸ ਨੂੰ ਸੂਚਿਤ ਕੀਤਾ। ਉਕਤ ਲੁੱਟ ਦੀ ਘਟਨਾ ਦਾ ਪਤਾ ਲੱਗਣ 'ਤੇ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਗੁਰਜਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਜਾਂਚ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਅਤੇ ਨਾਕਾਬੰਦੀ ਕੀਤੀ ਗਈ। ਪੁਲਸ ਨੇ 4 ਅਣਪਛਾਤੇ ਕਾਰ ਸਵਾਰ ਲੁਟੇਰਿਆਂ ਖਿਲਾਫ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਖਿਡਾਰੀ ਬਣਾਉਣ 'ਚ ਪੱਛੜ ਰਿਹੈ ਪੰਜਾਬ, ਨੌਜਵਾਨਾਂ 'ਚ ਘੱਟ ਰਹੀ ਹੈ ਖੇਡਾਂ ਪ੍ਰਤੀ ਦਿਲਚਸਪੀ
NEXT STORY