ਲੁਧਿਆਣਾ (ਰਾਜ/ਤਰੁਣ): ਫਿਰੋਜ਼ਪੁਰ ਰੋਡ ਐਲੀਵੇਟਿਡ ਪੁਲ਼ 'ਤੇ 2 ਨਕਾਬਪੋਸ਼ ਲੁਟੇਰਿਆਂ ਨੇ ਇਕ ਕਾਰੋਬਾਰੀ ਤੋਂ ਰਿਵਾਲਵਰ ਦੀ ਨੋਕ 'ਤੇ ਲਾਕੇਟ ਸਮੇਤ ਸੋਨੇ ਦੀ ਚੇਨ ਤੇ ਹਜ਼ਾਰਾਂ ਰੁਪਏ ਖੋਹ ਲਏ। ਲੁਟੇਰੇ 4-5 ਮਿੰਟ ਤਕ ਕਾਰੋਬਾਰੀ ਨੂੰ ਧਮਕਾਉਂਦੇ ਰਹੇ। ਪੀੜਤ ਨੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ।
ਪੀੜਤ ਰੌਸ਼ਨ ਲਾਲ ਨੇ ਦੱਸਿਆ ਕਿ ਉਹ ਵੀਰਵਾਰ ਸ਼ਾਮ ਐਕਟਿਵਾ 'ਤੇ ਸਵਾਰ ਹੋ ਕੇ ਇਕ ਡਾਕਟਰ ਤੋਂ ਦਵਾਈ ਲੈਣ ਲਈ ਮਾਡਲ ਟਾਊਨ ਗਿਆ ਸੀ। ਦਵਾਈ ਲੈ ਕੇ ਪਰਤਦਿਆਂ ਜਦੋਂ ਉਹ ਫਿਰੋਜ਼ਪੁਰ ਰੋਡ, ਐਲੀਵੇਟਿਡ ਪੁਲ਼, ਨਾਨਕਸਰ ਗੁਰਦੁਆਰੇ ਨੇੜੇ ਪਹੁੰਚਿਆਂ ਤਾਂ 2 ਨਕਾਬਪੋਸ਼ ਲੁਟੇਰਿਆਂ ਨੇ ਉਸ ਦੀ ਐਕਟਿਵਾ ਦੇ ਅੱਗੇ ਮੋਟਰਸਾਈਕਲ ਲਗਾ ਕੇ ਰਾਹ ਰੋਕ ਲਿਆ ਤੇ ਉਸ ਨੂੰ ਧਮਕਾਉਣ ਲੱਗ ਪਏ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਦੀ ਕਮਰ ਦੇ ਪਿੱਛੇ ਰਿਵਾਲਵਰ ਲਗਾ ਦਿੱਤੀ, ਜਿਸ ਨਾਲ ਉਹ ਸਹਿਮ ਗਿਆ। ਲੁਟੇਰਿਆਂ ਨੇ ਉਸ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਤੇ ਲਾਕਟ ਤੋਂ ਇਲਾਵਾ ਜੇਬ ਵਿਚ ਪਈ 7 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਤੇ ਧਮਕਾਉਂਦੇ ਹੋਏ ਫ਼ਰਾਰ ਹੋ ਗਏ।
ਪੀੜਤ ਰੌਸ਼ਨ ਨੇ ਦੱਸਿਆ ਕਿ ਉਸ ਦਾ ਘਰ ਜਨਕਪੁਰੀ ਸਲੇਮ ਟਾਬਰੀ ਇਲਾਕੇ ਵਿਚ ਹੈ, ਜਦਕਿ ਦੂਜਾ ਘਰ ਸਾਊਥ ਸਿਟੀ ਵਿਚ ਹੈ। ਉਹ ਰੈਡੀਮੇਡ ਕਪੜਿਆਂ ਦਾ ਕਾਰੋਬਾਰ ਕਰਦਾ ਹੈ। ਜਦੋਂ ਉਸ ਨਾਲ ਵਾਰਦਾਤ ਹੋਈ ਤਾਂ ਉਹ ਸਾਊਥ ਸਿਟੀ ਸਥਿਤ ਘਰ ਵੱਲ ਜਾ ਰਿਹਾ ਸੀ। ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਪੀੜਤ ਰੌਸ਼ਨ ਲਾਲ ਦੇ ਬਿਆਨਾਂ 'ਤੇ 2 ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਟੀਮ ਫਿਰੋਜ਼ਪੁਰ ਰੋਡ, ਐਲੀਵੇਟਿਡ ਪੁਲ਼ 'ਤੇ ਐਂਟਰੀ ਤੇ ਐਗਜ਼ਿਟ ਪੁਆਇੰਟਾਂ 'ਤੇ ਲੱਗੇ ਸੀ. ਸੀ. ਟੀ.ਵੀ. ਫੁਟੇਜ ਖੰਗਾਲ ਰਹੀ ਹੈ। ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਬੀਮਾ ਕੰਪਨੀ ਨੂੰ 1.93 ਕਰੋੜ ਰੁਪਏ ਦਾ ਦਾਅਵਾ ਚੁਕਾਉਣ ਦੇ ਹੁਕਮ
NEXT STORY