ਜਲੰਧਰ (ਅਨਿਲ ਪਾਹਵਾ)– ਭਾਜਪਾ ਵਿਚ ਤਕਰੀਬਨ 16 ਸਾਲ ਕੰਮ ਕਰਨ ਤੋਂ ਬਾਅਦ ਨੌਜਵਾਨ ਨੇਤਾ ਰੌਬਿਨ ਸਾਂਪਲਾ ਨੇ ਮੰਗਲਵਾਰ ਨੂੰ ਪਾਰਟੀ ਛੱਡ ਦਿੱਤੀ ਅਤੇ ਚੰਡੀਗੜ੍ਹ ਵਿਚ ‘ਆਪ’ ਦਾ ਪੱਲਾ ਫੜ ਲਿਆ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ। ਸਾਲਾਂ ਦੀ ਮਿਹਨਤ ਤੋਂ ਬਾਅਦ ਵੀ ਕਿਉਂ ਭਾਜਪਾ ਛੱਡ ਦਿੱਤੀ, ਕਿਉਂ ਆਮ ਆਦਮੀ ਪਾਰਟੀ ਹੀ ਜੁਆਇਨ ਕੀਤੀ, ਆਖਿਰ ਭਾਜਪਾ ਵਿਚ ਕਮੀਆਂ ਕੀ ਹਨ, ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਰੌਬਿਨ ਸਾਂਪਲਾ ਨੇ ਬੇਬਾਕੀ ਨਾਲ ਸਵਾਲਾਂ ਦੇ ਜਵਾਬ ਦਿੱਤੇ। ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਮੁੱਖ ਅੰਸ਼ :
ਆਖਿਰ ਕਿਉਂ ਛੱਡੀ ਭਾਜਪਾ ?
ਮੈਂ ਭਾਜਪਾ ਵਿਚ ਇਕ ਆਮ ਵਰਕਰ ਵਾਂਗ ਕੰਮ ਕੀਤਾ। ਪਾਰਟੀ ਨੇ ਬੇਸ਼ੱਕ ਮੈਨੂੰ ਅਹੁਦਾ ਵੀ ਸੌਂਪਿਆ ਪਰ ਭਾਜਪਾ 'ਚ ਇਕ ਦਿੱਕਤ ਹੈ ਕਿ ਉਥੇ ਨਾ ਤਾਂ ਵਰਕਰ ਦੀ ਇੱਜ਼ਤ ਹੈ ਅਤੇ ਨਾ ਹੀ ਉਸ ਦੇ ਕੰਮ ਦੀ। ਕੰਮ ਕਰਨ ਵਾਲਿਆਂ ਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ ਪਰ ਚਮਚਾਗਿਰੀ ਕਰਨ ਵਾਲਿਆਂ ਦੀ ਪੂਰੀ ਕਦਰ ਕੀਤੀ ਜਾਂਦੀ ਹੈ। ਭਾਜਪਾ ਵਿਚ ਉਹੀ ਲੋਕ ਰਹਿ ਸਕਦੇ ਹਨ, ਜਿਨ੍ਹਾਂ ਦਾ ਕੋਈ ਮਾਈ-ਬਾਪ ਹੋਵੇ। ਨਾ ਤਾਂ ਵਰਕਰ ਦੀ ਸੁਣਵਾਈ ਹੁੰਦੀ ਹੈ ਅਤੇ ਨਾ ਹੀ ਵਰਕਰ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਂਦਾ ਹੈ।
16 ਸਾਲ ਦੇ ਕੰਮ ਤੋਂ ਬਾਅਦ ਅਚਾਨਕ ਫੈਸਲਾ ਕਿਉਂ ਲਿਆ ?
ਮੈਂ ਜੋ ਸਮਾਂ ਭਾਜਪਾ ਨੂੰ ਦਿੱਤਾ, ਉਹ ਹਰ ਇਨਸਾਨ ਦੀ ਜ਼ਿੰਦਗੀ ਦਾ ਗੋਲਡਨ ਪੀਰੀਅਡ ਹੁੰਦਾ ਹੈ। ਜਵਾਨ ਹੋਣ ਸਮੇਂ ਇਨਸਾਨ ਖੂਬ ਦਿਲ ਲਾ ਕੇ ਮਿਹਨਤ ਦੇ ਨਾਲ ਕੰਮ ਕਰਦਾ ਹੈ ਅਤੇ ਮੈਂ ਆਪਣਾ ਇਹ ਸਮਾਂ ਭਾਜਪਾ ਨੂੰ ਦੇ ਦਿੱਤਾ ਪਰ ਬਦਲੇ ਵਿਚ ਪਾਰਟੀ ਨੇ ਮੈਨੂੰ ਕੁਝ ਨਹੀਂ ਦਿੱਤਾ। 7-8 ਸਾਲ ਮੈਂ ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਵਿਚ ਕੰਮ ਕੀਤਾ ਅਤੇ ਹਰ ਕੰਮ ਨੂੰ ਭਾਜਪਾ ਦੀ ਝੋਲੀ ਵਿਚ ਪਾ ਦਿੱਤਾ ਪਰ ਮੇਰੀ ਇਸ ਮਿਹਨਤ ਦੀ ਭਾਜਪਾ ਦੇ ਕਿਸੇ ਵੀ ਨੇਤਾ ਨੇ ਕਦਰ ਨਹੀਂ ਕੀਤੀ, ਜਿਸ ਦਾ ਮੈਨੂੰ ਪੂਰੀ ਜ਼ਿੰਦਗੀ ਦੁੱਖ ਰਹੇਗਾ। ਹੁਣ ਜੋ ਲੋਕ ਮੇਰੇ ਨਾਲ ਸਾਲਾਂ ਤੋਂ ਚੱਲਦੇ ਆ ਰਹੇ ਹਨ, ਉਨ੍ਹਾਂ ਦੀ ਹੀ ਆਵਾਜ਼ ਸੀ ਕਿ ਮੈਂ ਭਾਜਪਾ 'ਚੋਂ ਬਾਹਰ ਆ ਜਾਵਾਂ, ਇਸ ਲਈ ਮੈਂ ਪਾਰਟੀ ਛੱਡ ਦਿੱਤੀ।
ਇਹ ਵੀ ਪੜ੍ਹੋ- ਵੱਡੀ ਖ਼ਬਰ- ਪੰਜਾਬ ਕਾਂਗਰਸ ਨੇ ਫਿਲੌਰ ਤੋਂ ਵਿਧਾਇਕ ਬਿਕਰਮਜੀਤ ਚੌਧਰੀ ਨੂੰ ਕੀਤਾ ਸਸਪੈਂਡ
ਆਮ ਆਦਮੀ ਪਾਰਟੀ ਹੀ ਕਿਉਂ ?
ਮੈਂ 15-16 ਸਾਲਾਂ ਤੋਂ ਸਿਆਸਤ ਵਿਚ ਹਾਂ। ਮੈਂ ਲੋਕ ਸਭਾ ਸੇਵਾ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਭਾਵੇਂ ਭਾਜਪਾ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਪਰ ਉਹ ਸਿਰਫ ਮੂੰਹ ਬੰਦ ਕਰਨ ਲਈ ਸੀ, ਨਹੀਂ ਤਾਂ ਉਸ ਵਿਚ ਕੋਈ ਵੀ ਕੰਮ ਕਰਨ ਦੀ ਖੁੱਲ੍ਹ ਨਹੀਂ ਸੀ। ਦੂਜੇ ਪਾਸੇ ਆਮ ਆਦਮੀ ਪਾਰਟੀ ਵਿਚ ਆਉਂਦੇ ਸਾਰ ਹੀ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ। ਜਿਸ ਤਰ੍ਹਾਂ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀ ਸੇਵਾ ਕਰ ਰਹੇ ਹਨ, ਉਹ ਕਾਬਿਲੇ ਤਾਰੀਫ ਹੈ। ਇਥੇ ਕੋਈ ਕਿਸੇ ਦੇ ਨਾਲ ਮਤਭੇਦ ਨਹੀ ਕਰਦਾ। ਸਾਈਕਲ ਮਕੈਨਿਕ, ਮੋਬਾਈਲ ਮਕੈਨਿਕ ਤੋਂ ਲੈ ਕੇ ਅਧਿਆਪਕ ਤਕ ਵਰਗੇ ਲੋਕਾਂ ਨੂੰ ਪਾਰਟੀ ਅੱਗੇ ਲੈ ਕੇ ਆਈ ਹੈ ਅਤੇ ਉਨ੍ਹਾਂ ਨੂੰ ਸਮਾਜ ਸੇਵਾ ਦਾ ਮੌਕਾ ਦਿੱਤਾ ਹੈ।
ਪਰ ਲੋਕ ਤਾਂ ਭਾਜਪਾ ਜੁਆਇਨ ਕਰ ਰਹੇ ਹਨ, ਫਿਰ ਤੁਸੀਂ ਕਿਉਂ ਛੱਡ ਦਿੱਤੀ ?
ਮੈਂ ਇਸ ਮਾਮਲੇ ਵਿਚ 100 ਫੀਸਦੀ ਕਾਨਫੀਡੈਂਟ ਹਾਂ, ਕਿ ਜੋ ਜਾ ਰਹੇ ਹਨ, ਉਹ ਲੋਕ ਸਭਾ ਚੋਣਾਂ ਤੋਂ ਬਾਅਦ ‘ਬਰੰਗ ਚਿੱਠੀ’ ਵਾਂਗ ਵਾਪਸ ਆਮ ਆਦਮੀ ਪਾਰਟੀ ਵਿਚ ਹੀ ਆਉਣਗੇ ਕਿਉਂਕਿ ਭਾਜਪਾ ਜੋ ਸਬਜ਼ਬਾਗ ਦਿਖਾ ਕੇ ਇਨ੍ਹਾਂ ਨੂੰ ਲੈ ਕੇ ਜਾ ਰਹੀ ਹੈ, ਅਜਿਹਾ ਉਥੇ ਕੁਝ ਵੀ ਨਹੀਂ ਹੈ। ਭਾਜਪਾ ਦੀ ਸਥਿਤੀ ਤਾਂ ਹਾਥੀ ਦੇ ਦੰਦਾਂ ਵਾਲੀ ਹੈ, ਜੋ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ ਹਨ। ਜੋ ਲੋਕ ਸਿਆਸਤ ਵਿਚ ਕੰਮ ਅਤੇ ਸੇਵਾ ਕਰਨ ਦੀ ਇੱਛਾ ਰੱਖਦੇ ਹਨ, ਉਨ੍ਹਾਂ ਲਈ ਉਥੇ ਕੁਝ ਨਹੀਂ ਹੈ ਅਤੇ ਉਨ੍ਹਾਂ ਨੂੰ ਵਾਪਸ ਆਉਣਾ ਹੀ ਪਵੇਗਾ ਕਿਉਂਕਿ ਉਥੇ ਉਨ੍ਹਾਂ ਦਾ ਦਮ ਘੁੱਟਣ ਲੱਗੇਗਾ।
ਇਹ ਵੀ ਪੜ੍ਹੋ- ਨਹੀਂ ਤੈਅ ਹੋ ਰਿਹਾ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਦਾ ਚਿਹਰਾ, ਕੀ ਖੰਗੂੜਾ ਵੀ ਹੋਣਗੇ ਟਿਕਟ ਦੀ ਕਤਾਰ 'ਚ ਸ਼ਾਮਲ ?
ਥੋੜ੍ਹਾ ਹੋਰ ਵੀ ਇੰਤਜ਼ਾਰ ਕੀਤਾ ਜਾ ਸਕਦਾ ਸੀ, ਆਖਿਰ ਜਲਦਬਾਜ਼ੀ ਕੀ ਸੀ ?
ਮੈਂ ਕੰਮ ਕਰਨ ਵਾਲਾ ਇਨਸਾਨ ਹਾਂ। 42-43 ਸਾਲ ਮੇਰੀ ਉਮਰ ਹੈ। ਮੈਂ ਇਨ੍ਹਾਂ ਨੂੰ ਕਦੋਂ ਤਕ ਦੇਖਦਾ ਰਹਿੰਦਾ। ਇਹੀ ਕੰਮ ਕਰਨ ਦੀ ਉਮਰ ਹੈ। ਭਾਜਪਾ ਦਾ ਕੀ ਹੈ, ਉਹ ਤਾਂ ਪਹਿਲਾਂ ਇੰਤਜ਼ਾਰ ਕਰਵਾਉਂਦੇ ਰਹਿੰਦੇ ਹਨ, ਬਾਅਦ ਵਿਚ ਮਾਰਗਦਰਸ਼ਕ ਮੰਡਲ 'ਚ ਪਾ ਕੇ ਘਰ ਬਿਠਾ ਦਿੰਦੇ ਹਨ। ਕਿੰਨੇ ਹੀ ਲੋਕਾਂ ਦੇ ਨਾਲ ਇਨ੍ਹਾਂ ਨੇ ਅਜਿਹਾ ਕੀਤਾ ਅਤੇ ਉਨ੍ਹਾਂ ਨੂੰ ਘਰ ਦਾ ਰਸਤਾ ਦਿਖਾ ਦਿੱਤਾ।
ਪਰ ਭਾਜਪਾ ਤਾਂ ‘ਆਪ’ ’ਤੇ ਦੋਸ਼ ਲਾਉਂਦੀ ਹੈ
ਦੂਸਰਿਆਂ ’ਤੇ ਉਂਗਲੀ ਉਠਾਉਣ ਵਾਲੀ ਭਾਜਪਾ ਖੁਦ ਕੀ ਕਰ ਰਹੀ ਹੈ। ਪਾਰਟੀ ਕਹਿੰਦੀ ਕੁਝ ਹੈ ਅਤੇ ਕਰਦੀ ਕੁਝ ਹੋਰ ਹੈ। ਪਾਰਟੀ ਇਕ ਪਾਸੇ ਤਾਂ ਟਿਕਟਾਂ ਦੀ ਵੰਡ ਵਿਚ ਪਰਿਵਾਰਵਾਦ ਨੂੰ ਸਿਰੇ ਤੋਂ ਨਕਾਰਦੀ ਹੈ ਪਰ ਹੁਸ਼ਿਆਰਪੁਰ ਸੀਟ ਜਿਸ ਤਰ੍ਹਾਂ ਇਕ ਪਰਿਵਾਰ ਵਿਚ ਹੀ ਦਿੱਤੀ ਗਈ, ਉਸ ਨੂੰ ਦੇਖ ਕੇ ਸਾਫ ਲੱਗ ਰਿਹਾ ਹੈ ਕਿ ਪਾਰਟੀ ਖੁਦ ਝੂਠ ’ਤੇ ਟਿਕੀ ਹੋਈ ਹੈ।
ਸੁਣਿਆ ਹੈ ਕਿ ਵੈਸਟ ਹਲਕੇ ਵਿਚ ਐਕਟਿਵ ਹੋ ਰਹੇ ਹੋ ਤੁਸੀਂ
ਅਜਿਹਾ ਕੁਝ ਨਹੀਂ ਹੈ, ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਵੀ ਜ਼ਿੰਮੇਵਾਰੀ ਸੌਂਪਣਗੇ, ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ ਕਿਉਂਕਿ ਮੈਂ ਅਜਿਹਾ ਨੇਤਾ ਹਾਂ, ਜੋ ਬੂਥ ਪੱਧਰ ਤੋਂ ਲੈ ਕੇ ਲੋਕ ਸਭਾ ਸੀਟ ਤਕ ਕੰਮ ਕਰਨ ਦਾ ਤਜਰਬਾ ਰੱਖਦਾ ਹਾਂ। ਮੈਂ ਇਸ ਪਾਰਟੀ ਦਾ ਸਭ ਤੋਂ ਛੋਟਾ ਵਰਕਰ ਹਾਂ।
ਇਹ ਵੀ ਪੜ੍ਹੋ- ਜਲੰਧਰ ਹਲਕੇ ਦੇ ਉਮੀਦਵਾਰਾਂ 'ਚੋਂ ਕੇ.ਪੀ. ਸਭ ਤੋਂ ਵੱਡੇ, ਪਰ ਤਜਰਬੇ ਦੇ ਹਿਸਾਬ ਨਾਲ ਚਰਨਜੀਤ ਚੰਨੀ ਸਭ ਤੋਂ 'ਸੀਨੀਅਰ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੂਜੇ ਪਤੀ ਨੇ ਪਹਿਲੀ ਪਤਨੀ ਤੇ ਪਰਿਵਾਰ ਨਾਲ ਮਿਲ ਕੀਤੀ ਕੁੱਟਮਾਰ, 7 ਜਾਣਿਆਂ ਨੇ ਇਕੱਲੀ ’ਤੇ ਬੋਲ ’ਤਾ ਹਮਲਾ
NEXT STORY