ਬਟਾਲਾ/ਫਤਿਹਗੜ੍ਹ ਚੂੜੀਆਂ, (ਬੇਰੀ, ਬਿਕਰਮਜੀਤ)- ਕਸਬਾ ਫਤਿਹਗੜ੍ਹ ਚੂੜੀਆਂ ਵਿਖੇ ਬੀਤੀ ਰਾਤ ਵੱਖ-ਵੱਖ ਥਾਵਾਂ 'ਤੇ ਦੋ ਗੁੱਟਾਂ ਵਿਚਾਲੇ ਗੋਲੀਆਂ ਚੱਲਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਮਸ਼ੇਰ ਬਹਾਦਰ ਸਿੰਘ ਪੁੱਤਰ ਗੁਰਪਾਲ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਬੀਤੀ ਸ਼ਾਮ 5 ਵਜੇ ਦੇ ਕਰੀਬ ਵੱਖ-ਵੱਖ ਗੱਡੀਆਂ ਵਿਚ ਸਵਾਰ ਹੋ ਕੇ ਅਜਮੇਰ ਸਿੰਘ ਵਾਸੀ ਸੇਖਵਾਂ, ਅਰਸ਼ਦੀਪ ਸਿੰਘ ਵਾਸੀ ਝੰਜੀਆਂ ਕਲਾਂ, ਪਵਿੱਤਰ ਸਿੰਘ ਉਰਫ਼ ਪ੍ਰਿੰਸ, ਜਗਰੂਪ ਸਿੰਘ ਉਰਫ਼ ਰੂਬੀ ਵਾਸੀ ਖ਼ਾਲਸਾ ਕਾਲੋਨੀ, ਨਵਪ੍ਰੀਤ ਸਿੰਘ ਉਰਫ਼ ਭੋਲੂ, ਖੰਨਾ ਵਾਸੀ ਖ਼ਾਲਸਾ ਕਾਲੋਨੀ ਮਜੀਠਾ ਰੋਡ 'ਤੇ ਪੈਂਦੇ ਸਾਡੇ ਘਰ ਵੱਲ ਨੂੰ ਆਏ ਅਤੇ ਸਾਡੇ ਘਰ ਦੇ ਗੇਟ ਅੱਗੇ ਖੜ੍ਹੇ ਮੇਰੇ ਲੜਕੇ ਗਗਨਦੀਪ ਸਿੰਘ ਸੰਧੂ 'ਤੇ ਸਿੱਧੀ ਫਾਇਰਿੰਗ ਕਰ ਦਿੱਤੀ ਗਈ, ਜਿਸਨੇ ਘਰ ਦੀ ਛੱਤ 'ਤੇ ਚੜ੍ਹ ਕੇ ਆਪਣੀ ਜਾਨ ਬਚਾਈ। ਸ਼ਮਸ਼ੇਰ ਬਹਾਦਰ ਨੇ ਅੱਗੇ ਦੱਸਿਆ ਕਿ ਹਮਲਾਵਰਾਂ ਨੇ ਮੇਰੇ ਘਰ ਵਿਚ ਦਾਖ਼ਲ ਹੋ ਕੇ ਘਰ ਦੀ ਤੋੜ ਭੰਨ ਵੀ ਕੀਤੀ ਹੈ ਅਤੇ ਲਲਕਾਰੇ ਮਾਰਦਿਆਂ ਆਪਣੀਆਂ ਕਾਰਾਂ ਵਿਚ ਸਵਾਰ ਹੋ ਕੇ ਚਲੇ ਗਏ।ਇਸ ਸਬੰਧੀ ਦੂਜੀ ਧਿਰ ਨਾਲ ਸਬੰਧਤ ਜਗਰੂਪ ਸਿੰਘ ਦੀ ਮਾਤਾ ਪਰਮਜੀਤ ਕੌਰ ਪਤਨੀ ਬਲਦੇਵ ਸਿੰਘ ਸੰਧੂ ਵਾਸੀ ਖ਼ਾਲਸਾ ਕਾਲੋਨੀ ਫਤਿਹਗੜ੍ਹ ਚੂੜੀਆਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਗੱਡੀ 'ਚ ਸਵਾਰ 7-8 ਵਿਅਕਤੀਆਂ ਨੇ ਲਲਕਾਰੇ ਮਾਰਦੇ ਹੋਏ ਉਨ੍ਹਾਂ ਦੇ ਘਰ ਦਾ ਗੇਟ ਖ਼ੜਕਾਉਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਨੂੰ ਬਾਹਰ ਨਿਕਲਣ ਲਈ ਆਖਿਆ, ਜਦੋਂ ਅਸੀਂ ਆਪਣੇ ਘਰ ਦਾ ਗੇਟ ਨਾ ਖੋਲ੍ਹਿਆ ਤਾਂ ਉਕਤ ਵਿਅਕਤੀ ਮਾੜੀ ਸ਼ਬਦਵਾਲੀ 'ਤੇ ਉਤਰ ਆਏ, ਜਿਸ ਦੌਰਾਨ ਉਨ੍ਹਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ 2 ਗੋਲੀਆਂ ਉਨ੍ਹਾਂ ਦੇ ਮੁੱਖ ਗੇਟ ਨੂੰ ਵੱਜੀਆਂ ਹਨ। ਪਰਮਜੀਤ ਕੌਰ ਨੇ ਆਪਣੇ ਜੇਠ ਗੁਰਦੇਵ ਸਿੰਘ ਸੰਧੂ ਦੀ ਹਾਜ਼ਰੀ ਵਿਚ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਧਿਰ ਦੇ ਜੋਬਨਪ੍ਰੀਤ ਸਿੰਘ ਤੇ ਗਗਨਦੀਪ ਸਿੰਘ ਪੁੱਤਰਾਨ ਸ਼ਮਸ਼ੇਰ ਬਹਾਦਰ ਸਿੰਘ ਵਾਸੀ ਵਾਰਡ ਨੰਬਰ 4 ਫਤਿਹਗੜ੍ਹ ਚੂੜੀਆਂ ਅਤੇ ਲਵਜੀਤ ਸਿੰਘ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਹੈ। ਇਸ ਸਬੰਧੀ ਉਕਤ ਪਰਿਵਾਰ ਵੱਲੋਂ ਸਥਾਨਕ ਥਾਣੇ ਵਿਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।
ਹੈਰੋਇਨ ਸਮੇਤ ਔਰਤ ਗ੍ਰਿਫਤਾਰ
NEXT STORY