ਜਲੰਧਰ(ਰਵਿੰਦਰ ਸ਼ਰਮਾ)— ਬਜਟ ਸੈਸ਼ਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਜਲਦ ਹੀ ਮੰਤਰੀ ਮੰਡਲ ਦਾ ਵਿਸਥਾਰ ਕਰ ਸਕਦੀ ਹੈ। ਵਿਸਥਾਰ ਲਈ ਸੀ. ਐੱਮ. ਦਰਬਾਰ 'ਚ ਲਿਸਟਾਂ ਵੀ ਬਣਨ ਲੱਗੀਆਂ ਹਨ। ਖੁਦ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਨ ਲਈ ਸਾਰੇ ਵਿਧਾਇਕਾਂ ਦੀ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਦੌੜ ਲੱਗ ਰਹੀ ਹੈ। ਸਾਰੇ ਵਿਧਾਇਕ ਆਪਣੇ-ਆਪਣੇ ਆਕਾਵਾਂ ਵੱਲੋਂ ਖੁਦ ਦੇ ਨੰਬਰ ਬਣਾਉਣ 'ਚ ਲੱਗ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਕਿਸ ਦੀ ਕਿਸਮਤ ਦਾ ਤਾਲਾ ਖੁੱਲ੍ਹਦਾ ਹੈ ਅਤੇ ਕੌਣ ਕੈਪਟਨ ਸਰਕਾਰ ਦੇ ਮੰਤਰੀ ਮੰਡਲ ਦੀ ਸ਼ਾਨ ਬਣਦਾ ਹੈ?
ਜਲੰਧਰ ਜ਼ਿਲੇ ਦੇ ਪੰਜੇ ਵਿਧਾਇਕ ਇਸ ਗੱਲ 'ਤੇ ਜ਼ੋਰ ਲਗਾ ਰਹੇ ਹਨ ਕਿ ਉਹ ਕੈਪਟਨ ਸਰਕਾਰ ਦਾ ਹਿੱਸਾ ਬਣ ਸਕਣ। ਇਸ ਦੇ ਲਈ ਵਿਧਾਇਕ ਪਰਗਟ ਸਿੰਘ, ਸੁਸ਼ੀਲ ਰਿੰਕੂ, ਚੌਧਰੀ ਸੁਰਿੰਦਰ, ਬਾਵਾ ਹੈਨਰੀ ਅਤੇ ਰਾਜਿੰਦਰ ਬੇਰੀ ਆਪਣੇ ਪੱਧਰ 'ਤੇ ਫਿਟ ਹੋਣ 'ਚ ਲੱਗੇ ਹੋਏ ਹਨ। ਇਨ੍ਹਾਂ ਸਾਰੇ ਵਿਧਾਇਕਾਂ 'ਚ ਸਿਰਫ ਪਰਗਟ ਸਿੰਘ ਹੀ ਅਜਿਹੇ ਹਨ ਜੋ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਨ। ਇਸ ਲਈ ਪਰਗਟ ਸਿੰਘ ਖੁਦ ਨੂੰ ਇਸ ਦੌੜ 'ਚ ਸਭ ਤੋਂ ਅੱਗੇ ਮੰਨ ਰਹੇ ਹਨ। ਪਰਗਟ ਸਿੰਘ 'ਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵੀ ਪੂਰਾ ਹੱਥ ਹੈ ਅਤੇ ਸਿੱਧੂ ਖੇਮੇ ਵੱਲੋਂ ਪਰਗਟ ਸਿੰਘ ਦੇ ਮੰਤਰੀ ਮੰਡਲ ਵਿਚ ਸ਼ਾਮਲ ਹੋਣ ਦੇ ਆਸਾਰ ਬਣਾ ਰਹੇ ਹਨ। ਇਸ ਤੋਂ ਇਲਾਵਾ ਸੁਸ਼ੀਲ ਰਿੰਕੂ, ਰਾਜਿੰਦਰ ਬੇਰੀ, ਚੌਧਰੀ ਸੁਰਿੰਦਰ ਅਤੇ ਬਾਵਾ ਹੈਨਰੀ ਪਹਿਲੀ ਵਾਰ ਵਿਧਾਇਕ ਬਣੇ ਹਨ ਅਤੇ ਉਹ ਵੀ ਆਪਣੇ-ਆਪਣੇ ਪੱਧਰ 'ਤੇ ਕੈਪਟਨ ਸਰਕਾਰ ਦਾ ਹਿੱਸਾ ਬਣਨ ਲਈ ਕੋਸ਼ਿਸ਼ ਕਰ ਰਹੇ ਹਨ। ਬਾਵਾ ਹੈਨਰੀ ਦੇ ਪਿਤਾ ਅਵਤਾਰ ਹੈਨਰੀ ਲੰਮੇ ਸਮੇਂ ਤੱਕ ਕਾਂਗਰਸ ਸਰਕਾਰ ਦਾ ਬੀਤੇ ਸਮੇਂ ਵਿਚ ਹਿੱਸਾ ਰਹੇ ਹਨ ਅਤੇ ਉਹ ਵੀ ਚਾਹੁਣਗੇ ਕਿ ਉਨ੍ਹਾਂ ਦਾ ਬੇਟਾ ਕੈਪਟਨ ਸਰਕਾਰ ਦੀ ਸ਼ਾਨ ਬਣੇ। ਇਸ ਤੋਂ ਇਲਾਵਾ ਸੁਸ਼ੀਲ ਰਿੰਕੂ ਦਾ ਦਲਿਤ ਕੋਟੇ ਤੋਂ ਮੰਤਰੀ ਮੰਡਲ 'ਚ ਸ਼ਾਮਲ ਹੋਣ ਦਾ ਦਾਅਵਾ ਮਜ਼ਬੂਤ ਦਿਖਾਈ ਦੇ ਰਿਹਾ ਹੈ ਜਦੋਂਕਿ ਚੌਧਰੀ ਸੁਰਿੰਦਰ ਦੇ ਪਿਤਾ ਸਵ. ਚੌਧਰੀ ਜਗਜੀਤ ਸਿੰਘ ਵੀ ਬੀਤੇ ਸਮੇਂ 'ਚ ਕੈਪਟਨ ਸਰਕਾਰ ਵਿਚ ਮਜ਼ਬੂਤ ਮੰਤਰੀ ਰਹਿ ਚੁੱਕੇ ਹਨ ਤਾਂ ਚੌਧਰੀ ਸੁਰਿੰਦਰ ਵੀ ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚੱਲਣ ਲਈ ਪੂਰਾ ਜ਼ੋਰ ਲਗਾ ਰਹੇ ਹਨ।
ਇਸ ਤੋਂ ਇਲਾਵਾ ਰਾਜਿੰਦਰ ਬੇਰੀ ਵੀ ਮੰਤਰੀ ਮੰਡਲ 'ਚ ਜਗ੍ਹਾ ਹਾਸਲ ਕਰਨ ਲਈ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਅਜੇ ਸੂਬੇ ਦੇ ਕਈ ਸੀਨੀਅਰ ਨੇਤਾ ਦਰਕਿਨਾਰ ਵੀ ਕੀਤੇ ਹੋਏ ਹਨ ਅਤੇ ਉਹ ਵੀ ਲੰਮੇ ਸਮੇਂ ਤੋਂ ਕਤਾਰ 'ਚ ਹਨ ਤਾਂ ਅਜਿਹੀ ਸਥਿਤੀ 'ਚ ਜਲੰਧਰ ਦੇ ਹੱਥ ਇਕ ਵਾਰ ਫਿਰ ਖਾਲੀ ਰਹਿ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਵਿਧਾਇਕਾਂ ਦੇ ਨਾਲ-ਨਾਲ ਵਰਕਰਾਂ 'ਚ ਵੀ ਗੁੱਸਾ ਪੈਦਾ ਹੋ ਸਕਦਾ ਹੈ। ਵਰਕਰਾਂ ਅਤੇ ਵਿਧਾਇਕਾਂ ਦੇ ਇਸ ਗੁੱਸੇ ਦਾ ਨੁਕਸਾਨ ਪਾਰਟੀ ਨੂੰ ਆਉਣ ਵਾਲੀਆਂ ਨਗਰ ਨਿਗਮਾਂ ਦੀਆਂ ਚੋਣਾਂ 'ਚ ਉਠਾਉਣਾ ਪੈ ਸਕਦਾ ਹੈ। ਉਂਝ ਵੀ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਜਿਸ ਜਲੰਧਰ ਨੇ ਕਦੇ ਸਰਕਾਰ ਨੂੰ ਕਈ ਮਜ਼ਬੂਤ ਮੰਤਰੀ ਦਿੱਤੇ, ਉਹੀ ਜਲੰਧਰ ਹੁਣ ਕੈਪਟਨ ਸਰਕਾਰ ਦੇ ਮੰਤਰੀ ਮੰਡਲ ਤੋਂ ਦੂਰ ਹੋ ਸਕਦਾ ਹੈ। ਜਦੋਂਕਿ 2002 ਵਿਚ ਬਣੀ ਕੈਪਟਨ ਸਰਕਾਰ 'ਚ ਜਲੰਧਰ ਤੋਂ ਚੌਧਰੀ ਜਗਜੀਤ ਸਿੰਘ, ਚੌਧਰੀ ਸੰਤੋਖ ਸਿੰਘ, ਗੁਰਕੰਵਲ ਕੌਰ, ਅਮਰਜੀਤ ਸਿੰਘ ਸਮਰਾ, ਅਵਤਾਰ ਹੈਨਰੀ, ਮਹਿੰਦਰ ਸਿੰਘ ਕੇ. ਪੀ. ਮਜ਼ਬੂਤ ਮੰਤਰੀ ਰਹਿ ਚੁੱਕੇ ਹਨ ਅਤੇ ਸਰਕਾਰ ਦਾ ਪੂਰਾ ਮੰਤਰੀ ਮੰਡਲ ਜਲੰਧਰ 'ਤੇ ਹੀ ਨਿਰਭਰ ਕਰਦਾ ਸੀ। ਜਲੰਧਰ ਕਾਂਗਰਸ ਦੇ ਲਈ ਹਮੇਸ਼ਾ ਮਜ਼ਬੂਤ ਅਤੇ ਕਮਜ਼ੋਰ ਕੜੀ ਰਿਹਾ ਹੈ। ਜਦੋਂ-ਜਦੋਂ ਪਾਰਟੀ ਨੇ ਜਲੰਧਰ 'ਚ ਚੰਗਾ ਪਰਫਾਰਮ ਕੀਤਾ ਤਾਂ ਪ੍ਰਦੇਸ਼ 'ਚ ਕਾਂਗਰਸ ਦੀ ਸਰਕਾਰ ਬਣੀ ਅਤੇ ਜਦੋਂ-ਜਦੋਂ ਜਲੰਧਰ ਨੇ ਦਮ ਨਹੀਂ ਦਿਖਾਇਆ ਤਾਂ ਪ੍ਰਦੇਸ਼ 'ਚ ਕਾਂਗਰਸ ਦੀ ਸਰਕਾਰ ਨਹੀਂ ਬਣ ਸਕੀ। ਇਸ ਵਾਰ ਜ਼ਿਲੇ ਦੀਆਂ 9 'ਚੋਂ 5 ਸੀਟਾਂ 'ਤੇ ਕਾਂਗਰਸ ਦੇ ਵਿਧਾਇਕ ਜਿੱਤੇ ਅਤੇ ਪ੍ਰਦੇਸ਼ ਵਿਚ ਕਾਂਗਰਸ ਸਰਕਾਰ ਬਣਾਉਣ 'ਚ ਮਦਦਗਾਰ ਸਾਬਤ ਹੋਏ।
ਚੇਅਰਮੈਨੀ ਲਈ ਵੀ ਫਿੱਟ ਹੋਣ ਲੱਗੀਆਂ ਗੋਟੀਆਂ :
ਕੈਬਨਿਟ 'ਚ ਜਗ੍ਹਾ ਪਾਉਣ ਦੇ ਨਾਲ-ਨਾਲ ਉਹ ਨੇਤਾ ਦੀ ਚੇਅਰਮੈਨੀ ਦੀ ਦੌੜ ਲਈ ਸਰਗਰਮ ਹੋ ਗਏ ਹਨ, ਜਿਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿਚ ਟਿਕਟ ਨਹੀਂ ਮਿਲੀ ਸੀ। ਇਨ੍ਹਾਂ ਨੇਤਾਵਾਂ ਨੇ ਸਰਕਾਰ ਬਣਨ 'ਤੇ ਚੇਅਰਮੈਨੀ ਜਿਹੇ ਅਹੁਦੇ ਦੇਣ ਦਾ ਵਾਅਦਾ ਕੀਤਾ ਗਿਆ ਸੀ। ਕੈਪਟਨ ਦਰਬਾਰ 'ਚ ਅਜਿਹੇ ਮਜ਼ਬੂਤ ਨੇਤਾਵਾਂ ਦੀ ਸੂਚੀ ਵੀ ਤਿਆਰ ਹੋਣ ਲੱਗੀ ਹੈ ਅਤੇ ਚੇਅਰਮੈਨੀ ਪਾਉਣ ਲਈ ਨੇਤਾਵਾਂ ਨੇ ਵੀ ਆਪਣੀਆਂ ਗੋਟੀਆਂ ਫਿੱਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਤੱਕ ਕੈਪਟਨ ਖੇਮੇ ਦੇ ਖਾਸ-ਮ-ਖਾਸ ਲਾਲ ਸਿੰਘ ਅਤੇ ਅਮਰਜੀਤ ਸਮਰਾ ਹੀ ਇਸ ਮਾਮਲੇ 'ਚ ਖੁਸ਼ਕਿਸਮਤ ਰਹੇ ਹਨ।
ਸਰਕਾਰ ਬਨਣ ਦੇ ਕੁਝ ਮਹੀਨਿਆਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਦੂਜੀ ਵਾਰ ਦਿੱਤਾ ਨਵਜੋਤ ਸਿੱਧੂ ਨੂੰ ਝਟਕਾ
NEXT STORY