ਰੂਪਨਗਰ (ਵਿਜੇ) - ਰੂਪਨਗਰ ਹੈੱਡ ਵਰਕਸ ਤੋਂ ਅਚਾਨਕ ਰਾਤ ਢਾਈ ਵਜੇ ਦਰਿਆ ਸਤਲੁਜ 'ਚ ਪਾਣੀ ਛੱਡਣ ਕਾਰਨ ਸਤਲੁਜ ਦੇ ਕੰਢੇ 'ਤੇ ਬਣੀਆਂ ਕਰੀਬ 300 ਝੁੱਗੀਆਂ ਤਬਾਹ ਹੋ ਗਈਆਂ। ਲੋਕਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਅਤੇ ਬੱਚਿਆਂ ਦੀ ਭੱਜ ਕੇ ਜਾਨ ਬਚਾਈ ਜਦਕਿ ਝੁੱਗੀਆਂ 'ਚ ਰੱਖਿਆ ਉਨ੍ਹਾਂ ਦਾ ਸਾਰਾ ਸਾਮਾਨ ਖਰਾਬ ਹੋ ਗਿਆ। ਕਰੀਬ 200 ਏਕੜ ਰਕਬੇ 'ਚ ਲੱਗੀਆਂ ਸਬਜ਼ੀਆਂ ਆਦਿ ਬਰਬਾਦ ਹੋ ਗਈਆਂ। ਰੂਪਨਗਰ ਹੈੱਡ ਵਰਕਸ ਤੋਂ 2 ਲੱਖ 40 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਕਾਰਨ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ 'ਚ ਪਾਣੀ ਭਰ ਗਿਆ, ਜਦਕਿ ਰੂਪਨਗਰ ਹੈੱਡ ਵਰਕਸ ਨਾਲ ਦਰਿਆ ਸਤਲੁਜ ਦੇ ਕੰਢਿਆਂ 'ਤੇ ਬਣੀਆਂ ਕਰੀਬ 300 ਝੁੱਗੀਆਂ 'ਚ ਰਾਤ ਢਾਈ ਵਜੇ ਅਚਾਨਕ ਪਾਣੀ ਆ ਗਿਆ। ਤਸਲੀਮ ਅਤੇ ਮਹਿਬੂਬ ਨੇ ਦੱਸਿਆ ਕਿ ਸਾਰੇ ਲੋਕ ਆਪਣੀਆਂ ਝੁੱਗੀਆਂ 'ਚ ਸੌਂ ਰਹੇ ਸਨ ਅਤੇ ਅਚਾਨਕ ਪਾਣੀ ਝੁੱਗੀਆਂ 'ਚ ਆ ਗਿਆ ਅਤੇ ਲੋਕਾਂ ਨੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਧੁੱਸੀ ਬੰਨ੍ਹ 'ਤੇ ਜਾ ਕੇ ਆਪਣੀ ਜਾਨ ਬਚਾਈ। ਉਨ੍ਹਾਂ ਕਿਹਾ ਕਿ ਝੁੱਗੀਆਂ ਦੇ ਨਾਲ ਲਗਭਗ 200 ਏਕੜ ਰਕਬੇ 'ਚ ਗੋਭੀ, ਘੀਆ, ਮੂਲੀ, ਪਾਲਕ, ਖੀਰਾ, ਕਰੇਲਾ ਆਦਿ ਸਬਜ਼ੀਆਂ ਬੀਜੀਆਂ ਹੋਈਆਂ ਸਨ ਜੋ ਕਿ ਪੂਰੀ ਤਰ੍ਹਾਂ ਤਬਾਹ ਹੋ ਗਈਆਂ।
ਵਰਖਾ ਕਾਰਣ ਬਾਰਾਤੀ ਹੋਏ ਪ੍ਰਭਾਵਿਤ
ਇਸੇ ਤਰ੍ਹਾਂ ਇਕ ਲੜਕੀ ਗੁਲਸੇ ਦੀ ਸ਼ਾਦੀ ਸੀ ਅਤੇ ਸ਼ਾਦੀ ਦਾ ਸਾਰਾ ਸਾਮਾਨ ਉਨ੍ਹਾਂ ਦੀ ਝੁੱਗੀ ਵਿਚ ਪਿਆ ਸੀ ਜੋ ਕਿ ਰੁੜ੍ਹ ਗਿਆ ਜਦਕਿ ਅੱਜ ਦਿੱਲੀ ਤੋਂ ਬਾਰਾਤ ਪਹੁੰਚੀ ਤਾਂ ਉਨ੍ਹਾਂ ਦੇ ਖਾਣ ਲਈ ਕੁਝ ਨਹੀਂ ਬਚਿਆ ਬਲਕਿ ਬਾਰਾਤੀ ਵੀ ਹੜ੍ਹ ਦੀ ਸਥਿਤੀ ਨੂੰ ਦੇਖ ਕੇ ਕਾਫੀ ਚਿੰਤਤ ਨਜ਼ਰ ਆ ਰਹੇ ਸਨ। ਇਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਸਮਾਂ ਰਹਿੰਦੇ ਉਨ੍ਹਾਂ ਨੂੰ ਅਲਰਟ ਨਹੀਂ ਕੀਤਾ, ਜਿਸ ਕਾਰਣ ਸਾਰਾ ਸਾਮਾਨ ਵਹਿ ਗਿਆ। ਉਨ੍ਹਾਂ ਕਿਹਾ ਕਿ ਜੇਕਰ ਉਹ ਰਾਤ ਇਕਦਮ ਨਾ ਨਿਕਲਦੇ ਤਾਂ ਸੁੱਤੇ ਹੋਏ ਲੋਕਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਹੜ੍ਹ ਤੋਂ ਬਾਅਦ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕੀਤੀ ਜਦਕਿ ਸਮਾਜਸੇਵੀ ਸੰਸਥਾਵਾਂ ਅਤੇ ਕੁਝ ਸਮਾਜ ਸੇਵਕਾਂ ਨੇ ਉਥੇ ਪਹੁੰਚ ਕੇ ਉਨ੍ਹਾਂ ਦੀ ਸਹਾਇਤਾ ਕੀਤੀ ਅਤੇ ਉਨ੍ਹਾਂ ਲਈ ਭੋਜਨ ਦਾ ਪ੍ਰਬੰਧ ਕੀਤਾ। ਰੂਪਨਗਰ ਆਈ. ਆਈ. ਟੀ. ਕੰਪਲੈਕਸ ਵਿਚ ਹੜ੍ਹ ਦਾ ਪਾਣੀ ਚਲਾ ਗਿਆ। ਇਸੇ ਤਰ੍ਹਾਂ ਰੂਪਨਗਰ ਦੇ ਨਜ਼ਦੀਕ ਬਸੰਤ ਨਗਰ, ਹਵੇਲੀ, ਬੜਾ ਫੂਲ, ਛੋਟਾ ਫੂਲ ਤੋਂ ਇਲਾਵਾ ਗਿਆਨੀ ਜੈਲ ਸਿੰਘ ਨਗਰ ਦੇ ਕੁਝ ਹਿੱਸੇ, ਮਲਹੋਤਰਾ ਕਾਲੋਨੀ ਦੇ ਹੇਠਲੇ ਇਲਾਕੇ ਵਿਚ ਪਾਣੀ ਆ ਗਿਆ।
ਜਲੰਧਰ: ਲੋਹੀਆਂ ਖਾਸ 'ਚ ਇਕ ਹੋਰ ਪਿੰਡ 'ਚ ਟੁੱਟਾ ਬੰਨ੍ਹ
NEXT STORY