ਸੰਗਰੂਰ (ਸਿੰਗਲਾ)- ਪੱਕਾ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਅੱਗੇ ਪ੍ਰਦਰਸ਼ਨ ਕਰ ਰਹੇ ਰੂਰਲ ਹੈਲਥ ਦਰਜਾ ਚਾਰ ਕਰਮਚਾਰੀਆਂ ਤੇ ਪੁਲਸ ਵਿਚਾਲੇ ਬੀਤੇ ਦਿਨੀਂ ਧੱਕਾ-ਮੁੱਕੀ ਹੋ ਗਈ। ਦਰਅਸਲ ਰੂਰਲ ਹੈਲਥ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਦਿੱਤੀ, ਜਿਸ ਦੌਰਾਨ ਸੁਰੱਖਿਆ ਤਾਇਨਾਤ ਪੁਲਸ ਮੁਲਾਜ਼ਮਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾ-ਮੁੱਕੀ ਹੋ ਗਈ।

ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਰੂਰਲ ਹੈਲਥ ਦਰਜਾ ਚਾਰ ਕਰਮਚਾਰੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਪੇਂਡੂ ਡਿਸਪੈਂਸਰੀਆਂ ’ਚ ਪਿਛਲੇ ਜੂਨ 2006 ਤੇ ਬਤੌਰ ਅਟੈਂਡੈਂਟ-ਕਮ-ਦਰਜਾ ਚਾਰ ਕਰਮਚਾਰੀ ਦੇ ਤੌਰ ’ਤੇ ਡਿਊਟੀਆਂ ਨਿਭਾਅ ਰਹੇ ਹਨ ਤੇ ਪਿਛਲੇ 16 ਸਾਲਾਂ ਤੋਂ ਸਿਰਫ 6000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਭੜਕੇ ਸਿੱਧੂ ਖੇਮੇ ਨੇ 'ਆਪ'-ਭਾਜਪਾ ਸਣੇ ਕਾਂਗਰਸੀਆਂ 'ਤੇ ਵੀ ਵਿੰਨ੍ਹੇ ਨਿਸ਼ਾਨੇ, "ਇਨ੍ਹਾਂ ਨੂੰ ਸਿੱਧੂ ਫੋਬੀਆ"

ਸਰਕਾਰ ਸਾਡੇ ਤੋਂ ਹਰ ਵਾਰ ਜਦੋਂ ਵੀ ਸੂਬੇ ’ਚ ਐਮਰਜੈਂਸੀ ਹਾਲਾਤ ਬਣਦੇ ਹਨ, ਹੜ ਹੋਣ ਜਾਂ ਕੋਰੋਨਾ ਵਧ-ਚੜ੍ਹ ਕੇ ਕੰਮ ਲੈਂਦੀ ਹੈ। ਬੁਲਾਰਿਆਂ ਨੇ ਦੱਸਿਆ ਕਿ ਅਸੀਂ ਸ਼ੁਰੂ ਤੋਂ ਹੀ ਔਖੇ ਹਾਲਾਤ ’ਚ ਆਪਣੀ ਡਿਊਟੀ ਕਰਦੇ ਆਏ ਹਾਂ। ਅਸੀਂ ਪਿਛਲੀਆਂ ਸਰਕਾਰਾਂ ਦੌਰਾਨ ਅਤੇ ਹੁਣ ਵੀ ਵਿਭਾਗ ਦੇ ਮੰਤਰੀ ਅਤੇ ਉੱਚ ਅਧਿਕਾਰੀਆਂ ਨੂੰ ਆਪਣੀ ਤਰਸਯੋਗ ਵਿੱਤੀ ਹਾਲਤ ਬਾਰੇ ਲਗਾਤਾਰ ਦੱਸਦੇ ਰਹੇ ਹਾਂ ਪਰ ਵਾਰ-ਵਾਰ ਆਪਣੀਆਂ ਮੰਗਾਂ ਦੱਸਣ ਦੇ ਬਾਵਜੂਦ ਸਾਡੀਆਂ ਮੰਗਾਂ ਨੂੰ ਅਣਦੇਖਾ ਕਰ ਦਿੱਤਾ ਜਾਂਦਾ ਹੈ ਪਰ ਹੁਣ ਜਦੋਂ ਸਰਕਾਰ ਸਾਡੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਅਣਦੇਖਾ ਕਰ ਕੇ ਸਾਨੂੰ ਆਮ ਆਦਮੀ ਮੁਹੱਲਾ ਕਲੀਨਿਕ ’ਚ ਭੇਜਣ ਦਾ ਮਨ ਬਣਾ ਰਹੀ ਹੈ ਅਤੇ ਹੁਕਮ ਜਾਰੀ ਕਰ ਰਹੀ ਹੈ।

ਇਕ ਪਾਸੇ 16 ਸਾਲਾਂ ਤੋਂ ਹੋ ਰਿਹਾ ਮਾਨਸਿਕ ਸ਼ੋਸ਼ਣ ਅਤੇ ਦੂਜੇ ਪਾਸੇ ਆਮ ਪਬਲਿਕ ਲਈ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ’ਚ ਦਿਲੋਂ ਯੋਗਦਾਨ ਪਾਉਣਾ ਸੰਭਵ ਨਹੀਂ ਹੈ, ਇਸ ਲਈ ਸਰਕਾਰਾਂ ਦੇ ਇਨ੍ਹਾਂ ਹੁਕਮਾਂ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ। ਸਾਡੀ ਸਿਰਫ ਇਕੋ ਮੰਗ ਹੈ ਕਿ ਪਹਿਲਾਂ ਸਾਨੂੰ ਫੁੱਲ ਗਰੇਡ ਪੇਅ ਦੇ ਕੇ ਰੈਗੂਲਰ ਕੀਤਾ ਜਾਵੇ ਤਾਂ ਹੀ ਅਸੀਂ ਇਨ੍ਹਾਂ ਕਲੀਨਿਕਾਂ ’ਚ ਤਨਦੇਹੀ ਨਾਲ ਸੇਵਾਵਾਂ ਦੇ ਸਕਾਂਗੇ। ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਇਨ੍ਹਾਂ ਜਾਇਜ਼ ਮੰਗਾਂ ’ਤੇ ਹਾਂਪੱਖੀ ਫੈਸਲਾ ਨਹੀਂ ਕਰਦੀ, ਉਦੋਂ ਤੱਕ ਅਸੀਂ ਆਮ ਆਦਮੀ ਕਲੀਨਿਕ ਦੀ ਡਿਊਟੀ ਜੁਆਇਨ ਨਹੀਂ ਕਰਾਂਗੇ ਬਲਕਿ ਆਪਣੀ ਅਸਲ ਪੋਸਟਿੰਗ ਵਾਲੀ ਡਿਸਪੈਂਸਰੀ ’ਚ ਹੀ ਡਿਊਟੀ ਕਰਾਂਗੇ। ਇਸ ਮੌਕੇ ਨਵੇਤਜ ਸਿੰਘ, ਗੁਰਮੀਤ ਸਿੰਘ, ਰਛਪਾਲ ਸਿੰਘ ਆਦਿ ਨੇ ਸੰਬੋਧਨ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਲੰਧਰ ਜ਼ਿਮਨੀ ਚੋਣ ਲਈ ਤਿਆਰ ਹੋਣ ਲੱਗਾ ਖਾਕਾ, ਨਵੇਂ ਚਿਹਰਿਆਂ 'ਤੇ ਦਾਅ ਖੇਡਣ ਦੇ ਮੂਡ 'ਚ ਸਿਆਸੀ ਧਿਰਾਂ
NEXT STORY