ਨਵੀਂ ਦਿੱਲੀ : ਪੰਜਾਬ ਦੇ ਸਿੱਖਿਆ ਮਾਡਲ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ਸਰਕਾਰ 'ਤੇ ਕਈ ਦੋਸ਼ ਲਗਾਏ ਹਨ। ਆਰ. ਪੀ. ਸਿੰਘ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ ਦੇ ਅੰਕੜੇ ਸਾਂਝੇ ਕਰਦਿਆਂ ਕਿਹਾ ਕਿ ਕਰੋੜਾਂ ਰੁਪਏ ਖਰਚ ਕੇ ਇਸ਼ਤਿਹਾਰਾਂ ਵਿੱਚ ਦਿਖਾਈ ਜਾ ਰਹੀ "ਸਿੱਖਿਆ ਕ੍ਰਾਂਤੀ" ਨਕਲੀ ਹੈ ਅਤੇ ਦਿੱਲੀ ਤੋਂ ਇੰਪੋਰਟ ਕੀਤਾ ਗਿਆ 'ਮਨੀਸ਼ ਸਿਸੋਦੀਆ ਮਾਡਲ' ਪੰਜਾਬ ਦੀ ਜ਼ਮੀਨੀ ਹਕੀਕਤ ਅੱਗੇ ਦਮ ਤੋੜ ਰਿਹਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ (ਡੱਬਾ) ਵਿੱਚ 1,000 ਤੋਂ ਵੱਧ ਵਿਦਿਆਰਥੀ ਅਜਿਹੀ ਇਮਾਰਤ ਵਿੱਚ ਪੜ੍ਹ ਰਹੇ ਹਨ, ਜਿਸ ਦੀਆਂ ਛੱਤਾਂ ਵਿੱਚ ਤਰੇੜਾਂ ਆ ਚੁੱਕੀਆਂ ਹਨ। ਕੰਧਾਂ ਵਿੱਚ ਸੇਮ ਹੈ ਅਤੇ ਪਲਸਤਰ ਡਿੱਗ ਰਿਹਾ ਹੈ। ਇਸ ਦੇ ਨਾਲ ਹੀ ਪਾਤੜਾਂ (ਪਟਿਆਲਾ) ਦੇ ਨੇੜਲੇ ਪਿੰਡ ਢੱਗਾ ਵਿੱਚ ਸਕੂਲ ਦੀ ਇਮਾਰਤ ਅਸੁਰੱਖਿਅਤ ਐਲਾਨੇ ਜਾਣ ਤੋਂ ਬਾਅਦ ਬੱਚਿਆਂ ਨੂੰ ਧਾਰਮਿਕ ਅਸਥਾਨਾਂ ਅਤੇ ਆਰਜ਼ੀ ਥਾਵਾਂ 'ਤੇ ਪੜ੍ਹਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪ੍ਰਸ਼ਾਸਨ ਦੇ ਇਸ ਵਤੀਰੇ ਤੋਂ ਤੰਗ ਆ ਕੇ ਮਾਪਿਆਂ ਨੂੰ ਪਟਿਆਲਾ-ਪਾਤੜਾਂ ਹਾਈਵੇਅ ਜਾਮ ਕਰਕੇ ਪ੍ਰਦਰਸ਼ਨ ਕਰਨਾ ਪਿਆ।
ਇਸ ਤੋਂ ਇਲਾਵਾ ਜਲੰਧਰ ਦੇ ਬਸਤੀ ਪੀਰ ਦਾਦ ਵਿੱਚ ਸਥਿਤ ਸਕੂਲ ਦੀ ਹਾਲਤ ਹੋਰ ਵੀ ਚਿੰਤਾਜਨਕ ਹੈ। ਇੱਥੇ 12 ਕਲਾਸਾਂ ਲਈ ਸਿਰਫ਼ 5 ਕਮਰੇ ਹਨ, ਜਿਸ ਕਾਰਨ ਪਹਿਲੀ ਤੋਂ ਪੰਜਵੀਂ ਜਮਾਤ ਦੇ ਕਰੀਬ 300 ਛੋਟੇ ਬੱਚੇ 42 ਡਿਗਰੀ ਦੀ ਅੱਤ ਦੀ ਗਰਮੀ ਵਿੱਚ ਟੀਨ ਦੇ ਸ਼ੈੱਡਾਂ ਹੇਠਾਂ ਪੜ੍ਹਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋਏ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਪੰਜਾਬ ਦੇ ਕਈ ਸਕੂਲਾਂ ਵਿੱਚ ਅਜੇ ਤੱਕ ਬੇਸਿਕ ਪਾਠ-ਪੁਸਤਕਾਂ ਹੀ ਨਹੀਂ ਪਹੁੰਚੀਆਂ। ਖ਼ਾਸ ਕਰਕੇ 8ਵੀਂ, 9ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਕਿਤਾਬਾਂ ਕਈ ਸਕੂਲਾਂ ਵਿੱਚ ਗਾਇਬ ਹਨ।
ਇਸ ਤੋਂ ਇਲਾਵਾ, ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਕਮੀ ਹੈ ਅਤੇ 6,400 ਤੋਂ ਵੱਧ ਪੋਸਟਾਂ ਖਾਲੀ ਪਈਆਂ ਹਨ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਆਰ. ਪੀ. ਸਿੰਘ ਨੇ ਕਿਹਾ ਕਿ ਸਕੂਲਾਂ ਅਤੇ ਡਿਸਪੈਂਸਰੀਆਂ ਵਿੱਚੋਂ ਲਏ ਗਏ ਪੀਣ ਵਾਲੇ ਪਾਣੀ ਦੇ ਕਈ ਸੈਂਪਲ ਫੇਲ੍ਹ ਪਾਏ ਗਏ ਹਨ, ਜੋ ਬੱਚਿਆਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੈ।
ਨਵੀਂ ਮੁੰਬਈ ਹਵਾਈ ਅੱਡੇ ਦਾ ਨਾਂ ਬਦਲਣ ਦੀ ਪਟੀਸ਼ਨ 'ਤੇ ਅਦਾਲਤ ਨੇ ਸੁਣਵਾਈ ਕਰਨ ਤੋਂ ਕੀਤੀ ਨਾਂਹ
NEXT STORY