ਰਮਦਾਸ, (ਸਾਰੰਗਲ/ਡੇਜ਼ੀ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਉਸ ਵੇਲੇ ਭੜਕ ਉਠੀ, ਜਦੋਂ ਥਾਣਾ ਰਮਦਾਸ ਦੇ ਐੱਸ. ਐੱਚ. ਓ. ਵੱਲੋਂ ਯੂਨੀਅਨ ਦੇ ਮਸਲਿਆਂ ਨੂੰ ਲਟਕਾਉਂਦਿਆਂ ਉਨ੍ਹਾਂ ਦਾ ਸਥਾਈ ਹੱਲ ਨਾ ਕੱਢਦਿਆਂ ਯੂਨੀਅਨ ਆਗੂਆਂ ਨੂੰ ਧਰਨਾ ਦੇਣ ਲਈ ਮਜਬੂਰ ਕਰ ਦਿੱਤਾ ਗਿਆ। ਇਸ ਦੌਰਾਨ ਯੂਨੀਅਨ ਆਗੂਆਂ ਨੇ ਡਾ. ਕੁਲਦੀਪ ਸਿੰਘ ਮੱਤੇਨੰਗਲ ਤੇ ਜ਼ਿਲਾ ਪ੍ਰਧਾਨ ਹੀਰਾ ਸਿੰਘ ਚੱਕ ਸਿਕੰਦਰ ਦੀ ਸਾਂਝੀ ਅਗਵਾਈ ਹੇਠ ਰਮਦਾਸ-ਅਜਨਾਲਾ ਮੇਨ ਰੋਡ 'ਤੇ ਚੱਕਾ ਜਾਮ ਕਰਦਿਆਂ ਲਗਾਤਾਰ 4 ਘੰਟੇ ਆਵਾਜਾਈ ਠੱਪ ਰੱਖੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਜ਼ਿਲਾ ਅੰਮ੍ਰਿਤਸਰ ਦੇ ਪ੍ਰਧਾਨ ਹੀਰਾ ਸਿੰਘ ਚੱਕ ਸਿਕੰਦਰ ਨੇ ਪੁਲਸ ਪ੍ਰਤੀ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਜਿਥੇ ਇਕ ਪਾਸੇ ਸਰਕਾਰ ਕਿਸਾਨਾਂ-ਮਜ਼ਦੂਰਾਂ ਨਾਲ ਵੋਟਾਂ ਦੌਰਾਨ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ, ਉਥੇ ਨਾਲ ਹੀ ਦੂਜੇ ਪਾਸੇ ਥਾਣਾ ਰਮਦਾਸ ਦੀ ਪੁਲਸ ਵੱਲੋਂ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਧੱਕੇਸ਼ਾਹੀ ਕਰਦਿਆਂ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਨਹੀਂ ਕੀਤਾ ਜਾ ਰਿਹਾ, ਜਿਸ ਕਰ ਕੇ ਉਸ ਵਿਚ ਪੁਲਸ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਥਾਣਾ ਰਮਦਾਸ ਦੇ ਐੱਸ. ਐੱਚ. ਓ. 'ਤੇ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਜਥੇਬੰਦੀ ਨੇ ਪਿੰਡ ਮੱਤੇਨੰਗਲ ਦੀਆਂ ਦਰਖਾਸਤਾਂ ਥਾਣਾ ਰਮਦਾਸ ਵਿਚ ਦਿੱਤੀਆਂ ਸਨ, ਜਿਸ ਸਬੰਧੀ ਐੱਸ. ਐੱਚ. ਓ. ਰਮਦਾਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਅਤੇ ਵਾਰ-ਵਾਰ ਯੂਨੀਅਨ ਆਗੂਆਂ ਨੂੰ ਟਾਲਮਟੋਲ ਕੀਤਾ ਗਿਆ, ਜਿਸ ਕਾਰਨ ਉਹ ਅੱਜ ਧਰਨਾ ਦੇਣ ਲਈ ਮਜਬੂਰ ਹੋਏ ਹਨ। ਹੋਰ ਤਾਂ ਹੋਰ ਪੁਲਸ ਵੱਲੋਂ ਯੂਨੀਅਨ ਦੇ 4 ਆਗੂਆਂ ਨੂੰ ਨਾਜਾਇਜ਼ ਤੌਰ 'ਤੇ ਭਗੌੜਾ ਕਰਾਰ ਦਿੱਤਾ ਗਿਆ ਸੀ, ਜਿਸ ਦਾ ਮਸਲਾ ਵੀ ਅਜੇ ਪੈਂਡਿੰਗ ਹੈ ਤੇ ਪੁਲਸ ਵੱਲੋਂ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਇਸ ਮੌਕੇ ਕਿਸਾਨ ਆਗੂਆਂ ਨੇ ਚੱਕਾ ਜਾਮ ਕਰਦਿਆਂ ਲਗਾਤਾਰ 4 ਘੰਟੇ ਤੱਕ ਆਵਾਜਾਈ ਠੱਪ ਰੱਖ ਕੇ ਐੱਸ. ਐੱਚ. ਓ. ਰਮਦਾਸ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰ ਕੇ ਆਪਣਾ ਗੁੱਸਾ ਕੱਢਿਆ।
ਇਸ ਮੌਕੇ ਧਰਨਾ ਚੁਕਾਉਣ ਲਈ ਪਹੁੰਚੇ ਡੀ. ਐੱਸ. ਪੀ. ਅਜਨਾਲਾ ਰਵਿੰਦਰਪਾਲ ਸਿੰਘ ਢਿੱਲੋਂ ਨੂੰ ਵੀ ਧਰਨਕਾਰੀ ਕਿਸਾਨ ਆਗੂਆਂ ਨੇ ਲਗਾਤਾਰ ਡੇਢ ਘੰਟੇ ਤੱਕ ਖੜ੍ਹਾ ਰੱਖਿਆ ਅਤੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਯੂਨੀਅਨ ਆਗੂ ਮੰਗ ਕਰ ਰਹੇ ਸਨ ਕਿ ਥਾਣਾ ਰਮਦਾਸ ਵਿਚ ਪੈਂਡਿੰਗ ਪਏ ਸਾਡੇ ਮਸਲਿਆਂ ਦਾ ਤੁਰੰਤ ਹੱਲ ਕੀਤਾ ਜਾਵੇ।
ਡੇਢ ਘੰਟਾ ਬੀਤਣ ਉਪਰੰਤ ਡੀ. ਐੱਸ. ਪੀ. ਨੇ ਕਿਸਾਨ ਯੂਨੀਅਨ ਆਗੂਆਂ ਨੂੰ ਉਨ੍ਹਾਂ ਦੇ ਮਸਲੇ ਇਕ ਹਫਤੇ ਦੇ ਅੰਦਰ-ਅੰਦਰ ਹੱਲ ਕਰਨ ਦਾ ਭਰੋਸਾ ਦਿੱਤਾ। ਭਰੋਸਾ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਦੇ ਉਕਤ ਆਗੂਆਂ ਨੇ ਕਿਹਾ ਕਿ ਜੇਕਰ 7 ਦਿਨਾਂ 'ਚ ਸਾਡੇ ਮਸਲੇ ਹੱਲ ਨਾ ਹੋਏ ਤਾਂ ਉਹ ਡੀ. ਐੱਸ. ਪੀ. ਅਜਨਾਲਾ ਦੇ ਦਫਤਰ ਮੂਹਰੇ ਵਿਸ਼ਾਲ ਧਰਨਾ ਲਾਉਣਗੇ।
ਇਸ ਮੌਕੇ ਹਰਚਰਨ ਸਿੰਘ ਮਹੱਦੀਪੁਰ, ਰਸ਼ਪਾਲ ਸਿੰਘ ਟਰਪਈ, ਕਸ਼ਮੀਰੀ ਸਿੰਘ ਧੰਗਾਈ ਬਲਾਕ ਪ੍ਰਧਾਨ ਅਜਨਾਲਾ, ਜਸਪਾਲ ਸਿੰਘ ਧੰਗਾਈ, ਮੋਹਨ ਸਿੰਘ ਪੈੜੇਵਾਲ, ਅਨੋਖ ਸਿੰਘ ਕਰਵਾਲੀਆ, ਸੁਖਦੇਵ ਸਿੰਘ ਥੋਬਾ, ਸਤਿੰਦਰ ਸਿੰਘ ਰੂੜੇਵਾਲ, ਸਰਦੂਲ ਸਿੰਘ ਰਮਦਾਸ, ਲਖਵਿੰਦਰ ਸਿੰਘ ਮੱਤੇਨੰਗਲ, ਓਂਕਾਰ ਸਿੰਘ, ਬੀਰ ਸਿੰਘ, ਦਾਰਾ ਸਿੰਘ, ਗੁਰਿੰਦਰਬੀਰ ਸਿੰਘ, ਅਮਨਦੀਪ ਸਿੰਘ, ਜੋਧ ਸਿੰਘ, ਹਰਭਾਲ ਸਿੰਘ, ਅਜੀਤ ਸਿੰਘ, ਬਲਕਾਰ ਸਿੰਘ, ਬੀਬੀ ਨਰਿੰਦਰ ਕੌਰ, ਸੁਖਵਿੰਦਰ ਕੌਰ, ਜਸਵੰਤ ਕੌਰ, ਅਮਰਜੀਤ ਕੌਰ ਥੋਬਾ, ਜਗੀਰ ਕੌਰ, ਸਵਿੰਦਰ ਕੌਰ ਆਦਿ ਹਾਜ਼ਰ ਸਨ।
ਕਾਰ 'ਤੇ ਜਾਅਲੀ ਨੰਬਰ-ਪਲੇਟ ਲਾ ਕੇ ਸ਼ਰਾਬ ਦੀ ਸਮੱਗਲਿੰਗ ਕਰਦੇ 2 ਕਾਬੂ
NEXT STORY