ਚੰਡੀਗੜ੍ਹ (ਕਮਲ) : ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਜੰਗਲਾਤ ਪ੍ਰਿੰਟਿੰਗ ਸਟੇਸ਼ਨਰੀ ਐੱਸ. ਸੀ./ਬੀ. ਸੀ. ਵੈੱਲਫੇਅਰ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਦਿੱਲੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਦਿਵਾਉਣ ਲਈ ਬਤੌਰ ਆਬਜ਼ਰਵਰ ਜ਼ਿੰਮੇਵਾਰੀ ਸੌਂਪੀ ਹੈ। ਇਥੇ ਜ਼ਿਕਰਯੋਗ ਹੈ ਕਿ ਧਰਮਸੌਤ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਪਹਿਲਾਂ ਵੀ ਕਈ ਸਟੇਟਾਂ 'ਚ ਹੋਈਆਂ ਚੋਣਾਂ ਦੌਰਾਨ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਧਰਮਸੌਤ ਨੇ ਕਿਹਾ ਕਿ ਪੂਰੇ ਦੇਸ਼ 'ਚ ਕਾਂਗਰਸ ਪਾਰਟੀ ਦੇ ਹੱਕ 'ਚ ਹਵਾ ਚੱਲ ਰਹੀ ਹੈ। ਕਾਂਗਰਸ ਪਾਰਟੀ ਇਕ ਤੋਂ ਬਾਅਦ ਇਕ ਸਟੇਟ 'ਚ ਵੱਡੀ ਜਿੱਤ ਦਰਜ ਕਰ ਕੇ ਭਾਜਪਾ ਦਾ ਸਫ਼ਾਇਆ ਕਰ ਰਹੀ ਹੈ। ਉਨ੍ਹਾਂ ਕਿਹਾ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਕਰ ਕੇ ਅੱਜ ਪੂਰਾ ਦੇਸ਼ ਤਰਾਹ-ਤਰਾਹ ਕਰ ਰਿਹਾ ਹੈ। ਮਹਿੰਗਾਈ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਥੇ ਹੀ ਬੱਸ ਨਹੀਂ ਸੀ. ਈ. ਏ. ਅਤੇ ਐੱਨ. ਆਰ. ਸੀ. ਵਰਗੇ ਕਾਨੂੰਨ ਲਾਗੂ ਕਰ ਕੇ ਦੇਸ਼ 'ਚ ਵੰਡੀਆਂ ਪਾ ਦਿੱਤੀਆਂ ਹਨ।
ਉਨ੍ਹਾਂ ਆਮ ਆਦਮੀ ਪਾਰਟੀ 'ਤੇ ਵਰ੍ਹਦਿਆਂ ਕਿਹਾ ਕਿ ਦਿੱਲੀ 'ਚ ਕੇਜਰੀਵਾਲ ਨੇ ਲੋਕਾਂ ਨੂੰ ਸਬਸਿਡੀਆਂ ਦੇ ਨਾਮ 'ਤੇ ਲਾਰੇ ਹੀ ਲਾਏ ਹਨ ਅਤੇ ਵਿਕਾਸ ਦੀ ਪੂਰੇ 5 ਸਾਲਾਂ ਦੌਰਾਨ ਇਕ ਇੱਟ ਵੀ ਨਹੀਂ ਲਾਈ, ਜਦੋਂ ਕਿ ਕਾਂਗਰਸ ਸਰਕਾਰ ਦੇ 15 ਸਾਲਾਂ ਦੇ ਕਾਰਜਕਾਲ ਦੌਰਾਨ ਪਾਰਟੀ ਵੱਲੋਂ ਦਿੱਲੀ ਵਿਚ ਰਿਕਾਰਡਤੋੜ ਵਿਕਾਸ ਕਾਰਜ ਕੀਤੇ ਗਏ ਸਨ, ਜਿਸ ਕਰ ਕੇ ਹੁਣ ਦਿੱਲੀ ਦੇ ਲੋਕ ਕੇਜਰੀਵਾਲ ਦੀ ਸਰਕਾਰ ਨੂੰ ਚੱਲਦਾ ਕਰਨ ਲਈ ਉਤਾਵਲੇ ਹਨ, ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਿੱਚ ਹੁਣ ਕਾਂਗਰਸ ਪਾਰਟੀ ਦੀ ਭਾਰੀ ਬਹੁਮਤ ਨਾਲ ਸਰਕਾਰ ਬਣਨ ਜਾ ਰਹੀ ਹੈ।
ਖੰਨਾ ਪੁਲਸ ਵਲੋਂ ਅਸਲੇ ਸਮੇਤ ਇਕ ਵਿਅਕਤੀ ਕਾਬੂ
NEXT STORY