ਪਟਿਆਲਾ (ਰਾਣਾ) : ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਜੰਗਲਾਂ ਹੇਠ ਰਕਬਾ ਵਧਾਉਣ ਦੇ ਮੰਤਵ ਨਾਲ ਇਸ ਬਰਸਾਤ ਦੇ ਮੌਸਮ ਦੌਰਾਨ ਪਿਛਲੇ ਸਾਰੇ ਰਿਕਾਰਡ ਤੋੜਦਿਆਂ 1 ਕਰੋੜ ਬੂਟੇ ਲਗਾਏ ਜਾਣਗੇ। ਧਰਮਸੋਤ ਬੀਤੇ ਦਿਨ ਜ਼ਿਲ੍ਹੇ ਦੇ ਪਿੰਡ ਦੋਦੜਾ ਵਿਖੇ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਜੰਗਲਾਤ ਮੰਤਰੀ ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਸ ਵਾਰ ਛੋਟੇ ਬੂਟਿਆਂ ਦੀ ਥਾਂ 7-8 ਫੁੱਟ ਦੇ ਵੱਡੇ ਬੂਟੇ ਲਗਾਏ ਜਾਣਗੇ ਅਤੇ ਇਨ੍ਹਾਂ ਦੀ ਰਾਖੀ ਲਈ ਬੂਟੇ ਦੁਆਲੇ ਜੰਗਲੇ ਵੀ ਲਾਏ ਜਾਣਗੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿਛਲੇ ਬਰਸਾਤ ਦੇ ਸੀਜ਼ਨ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲਾਈ ਗਈ ਬੂਟੇ ਲਾਉਣ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਸੂਬੇ ਅੰਦਰ 64 ਲੱਖ ਤੋਂ ਵਧੇਰੇ ਬੂਟੇ ਲਗਾਏ ਗਏ ਸਨ। ਇਸ ਤੋਂ ਬਿਨ੍ਹਾਂ ਗੁਰੂ ਨਾਨਕ ਬਗੀਚੀਆਂ ਵੀ ਪਿੰਡ-ਪਿੰਡ ਲੱਗੀਆਂ, ਜਿਨ੍ਹਾਂ ਦੀ ਸਾਂਭ-ਸੰਭਾਲ ਵੀ ਕੀਤੀ ਜਾ ਰਹੀ ਹੈ।
ਧਰਮਸੋਤ ਨੇ ਦੱਸਿਆ ਕਿ ਲੋਕਾਂ ’ਚ ਆਈ ਜਾਗਰੂਕਤਾ ਕਰਕੇ ਇਹ ਵੀ ਪਹਿਲੀ ਵਾਰ ਹੋਇਆ ਕਿ ਜੰਗਲਾਤ ਮਹਿਕਮੇ ਨੇ ਇੱਕ ਮੋਬਾਇਲ ਐਪ ਆਈ ਹਰਿਆਲੀ ਰਾਹੀਂ ਘਰ-ਘਰ ਹਰਿਆਲੀ ਲਿਆਉਣ ਲਈ ਲੋਕਾਂ ਨੂੰ ਮੁਫ਼ਤ ਬੂਟੇ ਵੰਡੇ, ਜਿਸ ਨੂੰ ਸਮਾਜਿਕ, ਧਾਰਮਿਕ ਤੇ ਹੋਰ ਸੰਸਥਾਵਾਂ ਸਮੇਤ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਸ. ਸਤਨਾਮ ਸਿੰਘ, ਸ. ਧਰਮਸੋਤ ਦੇ ਨਿਜੀ ਸਕੱਤਰ ਸ. ਕਾਬਲ ਸਿੰਘ ਅਤੇ ਜ਼ਿਲ੍ਹਾ ਜੰਗਲਾਤ ਅਫ਼ਸਰ ਸ. ਹਰਭਜਨ ਸਿੰਘ ਵੀ ਮੌਜੂਦ ਸਨ।
14 ਸਾਲਾ ਲੜਕੀ ਨਾਲ ਹਵਸ ਦੀ ਭੁੱਖ ਮਿਟਾਉਣ ਵਾਲਾ ਸਾਬਕਾ ਮੈਂਬਰ ਪੰਚਾਇਤ ਚੜ੍ਹਿਆ ਪੁਲਸ ਅੜਿੱਕੇ
NEXT STORY