ਸਮਰਾਲਾ, (ਗਰਗ, ਬੰਗੜ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਦੀ ਅਦਾਲਤ ਵਿਚ ਪੇਸ਼ੀ ਨੂੰ ਲੈ ਕੇ ਪੰਜਾਬ ਅੰਦਰ ਹਾਲਾਤ ਵਿਗੜਨ ਦੇ ਖਦਸ਼ੇ ਸਬੰਧੀ ਪੰਜਾਬ ਪੁਲਸ ਵੱਲੋਂ ਆਪਣੀਆਂ ਗਤੀਵਿਧੀਆਂ ਵਿਚ ਵੱਡੇ ਪੱਧਰ 'ਤੇ ਤੇਜ਼ੀ ਲਿਆਂਦੀ ਗਈ ਹੈ।
ਇਸੇ ਲੜੀ ਵਿਚ ਸਮਰਾਲਾ ਪੁਲਸ ਵੱਲੋਂ ਅੱਜ ਫਲੈਗ ਮਾਰਚ ਕੱਢ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਹ ਮਾਰਚ ਆਈ. ਟੀ. ਆਈ. ਸਮਰਾਲਾ ਤੋਂ ਆਰੰਭ ਹੋ ਕੇ ਮੁੱਖ ਚੌਕ ਸਮਰਾਲਾ ਅਤੇ ਸ਼ਹਿਰ ਵਿਚੋਂ ਹੁੰਦਾ ਹੋਇਆ ਮਾਛੀਵਾੜਾ ਸਾਹਿਬ ਨੂੰ ਰਵਾਨਾ ਹੋ ਗਿਆ। ਮਾਰਚ ਦੀ ਅਗਵਾਈ ਕਰਦਿਆਂ ਡੀ. ਐੱਸ. ਪੀ. ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸੁਚੇਤ ਹੋਈ ਪੁਲਸ ਨੇ ਗੜਬੜੀ ਤੇ ਭੰਨ-ਤੋੜ ਦੀਆਂ ਕਾਰਵਾਈਆਂ ਨੂੰ ਰੋਕਣ ਅਤੇ 'ਅਮਨ-ਕਾਨੂੰਨ' ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸ਼ਹਿਰ 'ਚ ਵਿਸ਼ੇਸ਼ 'ਸਰਚ ਆਪ੍ਰੇਸ਼ਨ' ਆਰੰਭ ਕਰ ਦਿੱਤਾ ਹੈ ਅਤੇ ਭੀੜ ਵਾਲੀਆਂ ਮੁੱਖ ਥਾਵਾਂ ਸਮੇਤ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਦੀਆਂ ਵੱਖ-ਵੱਖ ਟੁਕੜੀਆਂ ਵੱਲੋਂ ਸ਼ਹਿਰ ਦੇ ਅਹਿਮ ਪੁਆਇੰਟਾਂ ਉੱਪਰ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੇ ਜਵਾਨਾਂ ਵੱਲੋਂ ਦਿਨ-ਰਾਤ ਲਗਾਤਾਰ ਪੁਲਸ ਨਾਕੇ ਅਤੇ ਗਸ਼ਤ ਰਾਹੀਂ ਮਾਹੌਲ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਥਾਣਾ ਮੁਖੀ ਸੰਜੇ ਕੁਮਾਰ ਨੇ ਦੱਸਿਆ ਕਿ ਐੱਸ. ਐੱਸ. ਪੀ. ਖੰਨਾ ਨਵਜੋਤ ਸਿੰਘ ਮਾਹਲ ਦੀਆਂ ਹਦਾਇਤਾਂ ਤੋਂ ਬਾਅਦ ਥਾਣਾ ਸਮਰਾਲਾ ਵੱਲੋਂ ਨਾਲ ਲਗਦੇ ਸ਼ਹਿਰ ਖਮਾਣੋਂ, ਸਾਹਨੇਵਾਲ, ਪਾਇਲ, ਖੰਨਾ ਅਤੇ ਨਵਾਂਸ਼ਹਿਰ ਦੇ ਥਾਣਾ ਮੁਖੀਆਂ ਨਾਲ ਲਗਾਤਾਰ ਰਾਬਤਾ ਬਣਾ ਕੇ ਰੱਖਿਆ ਗਿਆ ਹੈ, ਤਾਂ ਜੋ ਇਕ-ਦੂਜੇ ਦੇ ਖੇਤਰਾਂ ਵਿਚ ਕੋਈ ਵੀ ਸ਼ਰਾਰਤੀ ਅਨਸਰ ਘੁਸਪੈਠ ਨਾ ਕਰ ਸਕੇ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਿਪਟਣ ਲਈ ਵਿਸ਼ੇਸ਼ ਟਾਸਕ ਫੋਰਸ ਦੀਆਂ ਟੁਕੜੀਆਂ ਪੰਜਾਬ ਪੁਲਸ ਦੀ ਮਦਦ ਲਈ ਸਮਰਾਲਾ ਪਹੁੰਚ ਚੁੱਕੀਆਂ ਹਨ।
ਅੱਜ ਵਿਸ਼ੇਸ਼ ਟਾਸਕ ਫੋਰਸ ਅਤੇ ਸਮਰਾਲਾ ਪੁਲਸ ਵੱਲੋਂ ਸਾਂਝੇ ਰੂਪ ਵਿਚ ਇਹ ਫਲੈਗ ਮਾਰਚ ਕੱਢਿਆ ਗਿਆ। ਪੁਲਸ ਫੋਰਸ ਨੂੰ ਮੁੱਖ ਚੌਕ 'ਚ ਇਕੱਠਾ ਕਰਨ ਮਗਰੋਂ ਨਾਕਾਬੰਦੀ ਕਰਵਾ ਕੇ ਸਮਰਾਲਾ ਵਿਚ ਦੀ ਹੋ ਕੇ ਵੱਖ-ਵੱਖ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਨੂੰ ਰੋਕ ਕੇ ਉਨ੍ਹਾਂ 'ਚ ਪਏ ਸਾਮਾਨ ਨੂੰ ਬਾਰੀਕੀ ਨਾਲ ਚੈੱਕ ਕੀਤਾ ਗਿਆ। ਦੇਰ ਰਾਤ ਤਕ ਜਾਰੀ ਰਹੀ ਪੁਲਸ ਦੀ ਇਸ ਵਿਸ਼ੇਸ਼ ਸਰਚ ਦੌਰਾਨ ਪੁਲਸ ਨੇ ਸ਼ਹਿਰ ਦੇ ਪੈਟਰੋਲ ਪੰਪਾਂ, ਢਾਬੇ ਅਤੇ ਰੈਸਟੋਰੈਂਟਾਂ 'ਤੇ ਜਾ ਕੇ ਉਨ੍ਹਾਂ ਨੂੰ ਸੀ. ਸੀ. ਟੀ. ਵੀ. ਕੈਮਰੇ ਲਾਉਣ ਸਮੇਤ ਵਿਜ਼ਟਰ ਰਜਿਸਟਰ ਰੱਖਣ ਦੀ ਹਦਾਇਤ ਕੀਤੀ, ਤਾਂ ਜੋ ਸ਼ਹਿਰ 'ਚ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਮੌਕੇ ਸ਼ਰਾਰਤੀ ਅਨਸਰਾਂ ਦੀ ਪਹਿਚਾਣ ਆਸਾਨ ਹੋ ਸਕੇ। ਇਸ ਮੌਕੇ ਸਬੰਧਿਤ ਪੁਲਸ ਚੌਕੀਆਂ ਦੇ ਇੰਚਾਰਜ ਤੋਂ ਇਲਾਵਾ ਥਾਣਾ ਮਾਛੀਵਾੜਾ ਸਾਹਿਬ ਦੇ ਮੁਖੀ ਭੁਪਿੰਦਰ ਸਿੰਘ, ਟ੍ਰੈਫਿਕ ਇੰਚਾਰਜ ਤਰਲੋਚਨ ਸਿੰਘ, ਏ. ਐੱਸ. ਆਈ. ਲਖਵਿੰਦਰ ਕੌਰ ਆਦਿ ਵੀ ਹਾਜ਼ਰ ਸਨ।
'ਸ਼ਾਂਤੀ ਕਮੇਟੀ' ਦਾ ਕੀਤਾ ਗਠਨ : ਸਥਾਨਕ ਡੀ. ਐੱਸ. ਪੀ. ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਤਾਜ਼ਾ ਹਾਲਾਤ ਦੇ ਮੱਦੇਨਜ਼ਰ ਸਬ-ਡਵੀਜ਼ਨ ਸਮਰਾਲਾ ਵਿਚੋਂ ਧਾਰਮਿਕ ਅਤੇ ਸਮਾਜਿਕ ਨੁਮਾਇੰਦਿਆਂ ਦੀ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿਚ ਸਭ ਧਰਮਾਂ ਦੇ ਨੁਮਾਇੰਦੇ, ਬੁੱਧੀਜੀਵੀ ਅਤੇ ਸਮਾਜਸੇਵੀ ਜਥੇਬੰਦੀਆਂ ਦੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਕਿਸੇ ਵੀ ਧਾਰਮਿਕ ਜਾਂ ਗੈਰ-ਧਾਰਮਿਕ ਵਿਵਾਦ ਨੂੰ ਨਿਪਟਾਉਣ ਲਈ ਇਨ੍ਹਾਂ ਦੀ ਮਦਦ ਲਈ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਾਂਤੀ ਕਮੇਟੀ ਕਿਸੇ ਵੀ ਧਰਮ ਦੇ ਵਿਵਾਦ ਨੂੰ ਸ਼ਾਂਤੀ ਨਾਲ ਨਿਪਟਾਉਣ ਦੇ ਸਮਰੱਥ ਹੋਵੇਗੀ।
ਇੰਟੈਲੀਜੈਂਸੀ ਲਗਾਤਾਰ ਪੁਲਸ ਦੇ ਸੰਪਰਕ 'ਚ : ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਦੀ ਅਦਾਲਤ ਵਿਚ ਪੇਸ਼ੀ ਨੂੰ ਲੈ ਕੇ ਇਲਾਕੇ ਦੇ ਮਾਹੌਲ ਨੂੰ ਸ਼ਾਂਤਮਈ ਬਣਾਈ ਰੱਖਣ ਲਈ ਸਮਰਾਲਾ ਪੁਲਸ ਵੱਲੋਂ ਇੰਟੈਲੀਜੈਂਸੀ ਨਾਲ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇੰਟੈਲੀਜੈਂਸੀ ਦੇ ਅਧਿਕਾਰੀ ਤੇ ਕਰਮਚਾਰੀ ਸਮਰਾਲਾ ਦੇ ਡੀ. ਐੱਸ. ਪੀ. ਅਤੇ ਥਾਣਾ ਮੁਖੀ ਨਾਲ ਸਵੇਰ-ਸ਼ਾਮ ਮੀਟਿੰਗ ਕਰਕੇ ਇਲਾਕੇ ਦੀਆਂ ਸਰਗਰਮੀਆਂ ਬਾਰੇ ਵਿਚਾਰ-ਚਰਚਾ ਕਰਦੇ ਹਨ। ਇੰਟੈਲੀਜੈਂਸੀ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਆਪਣਾ ਨੈੱਟਵਰਕ ਬਣਾ ਕੇ ਰੱਖਿਆ ਹੋਇਆ ਹੈ ਅਤੇ ਪਲ-ਪਲ ਦੀ ਰਿਪੋਰਟ ਥਾਣਾ ਸਮਰਾਲਾ ਨੂੰ ਮੁਹੱਈਆ ਕੀਤੀ ਜਾ ਰਹੀ ਹੈ।
ਵਿਦਿਆਰਥਣ ਨਾਲ ਛੇੜਛਾੜ ਕਰਨ ਦਾ ਮਾਮਲਾ ਪੁੱਜਾ ਕਮਿਸ਼ਨਰ ਦਰਬਾਰ
NEXT STORY