ਮਾਛੀਵਾੜਾ ਸਾਹਿਬ (ਟੱਕਰ) : ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਮਾਮਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਰਬਾਰ ਪੁੱਜ ਚੁੱਕਾ ਹੈ ਕਿਉਂਕਿ ਇੱਥੋਂ 2017 ’ਚ ਪਾਰਟੀ ਵੱਲੋਂ ਚੋਣ ਲੜ ਚੁੱਕੇ ਜਥੇ. ਸੰਤਾ ਸਿੰਘ ਉਮੈਦਪੁਰ ਮੈਦਾਨ ’ਚੋਂ ਹਟ ਗਏ ਹਨ। ਇਸ ਮਗਰੋਂ ਹਲਕੇ ਦੀ ਸਿਆਸਤ ’ਚ ਕਾਫ਼ੀ ਘਮਾਸਾਨ ਛਿੜਿਆ ਹੋਇਆ ਹੈ। ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਜੱਥੇ. ਸੰਤਾ ਸਿੰਘ ਉਮੈਦਪੁਰ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਇਸ ਵਾਰ ਸਾਲ 2022 ਦੀ ਵਿਧਾਨ ਸਭਾ ਚੋਣ ਲੜਨ ਤੋਂ ਇਨਕਾਰ ਕਰਦਿਆਂ ਇੱਥੋਂ ਕੋਈ ਯੋਗ ਉਮੀਦਵਾਰ ਨੂੰ ਚੋਣ ਮੈਦਾਨ ’ਚ ਲਿਆਉਣ ਦੀ ਪੇਸ਼ਕਸ ਕੀਤੀ ਗਈ ਹੈ। ਹਲਕਾ ਸਮਰਾਲਾ ਤੋਂ ਚੋਣ ਨਾ ਲੜਨ ਦੀ ਪੁਸ਼ਟੀ ਆਪ ਜੱਥੇ. ਸੰਤਾ ਸਿੰਘ ਉਮੈਦਪੁਰ ਨੇ ‘ਜਗਬਾਣੀ’ ਨਾਲ ਗੱਲਬਾਤ ਕਰਦਿਆਂ ਕੀਤੀ ਅਤੇ ਇਹ ਵੀ ਕਿਹਾ ਕਿ ਉਹ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਪਾਰਟੀ ਜੋ ਵੀ ਨਵੀਂ ਜ਼ਿੰਮੇਵਾਰੀ ਸੌਂਪੇਗੀ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ Twitter ਨੂੰ ਹਥਿਆਰ ਬਣਾ ਕੀਤਾ ਵੱਡਾ ਧਮਾਕਾ, ਕਾਂਗਰਸ 'ਤੇ ਵਿੰਨ੍ਹਿਆ ਨਿਸ਼ਾਨਾ
ਇਹ ਵੀ ਪਤਾ ਲੱਗਾ ਹੈ ਕਿ ਜੱਥੇ. ਸੰਤਾ ਸਿੰਘ ਉਮੈਦਪੁਰ ਨੇ ਹਲਕਾ ਸਾਹਨੇਵਾਲ ਤੋਂ ਚੋਣ ਲੜਨ ਦੀ ਇੱਛਾ ਪਾਰਟੀ ਹਾਈਕਮਾਂਡ ਅੱਗੇ ਪ੍ਰਗਟਾਈ ਸੀ ਪਰ ਉੱਥੇ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਸੀਨੀਅਰ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੂੰ ਅੱਖੋਂ-ਪਰੋਖੇ ਕਰਨਾ ਬਹੁਤ ਮੁਸ਼ਕਿਲ ਹੈ। ਜੱਥੇ. ਉਮੈਦਪੁਰ ਦੇ ਹਲਕਾ ਸਮਰਾਲਾ ’ਚ ਚੋਣ ਮੈਦਾਨ ’ਚੋਂ ਹਟਣ ਤੋਂ ਬਾਅਦ ਅਕਾਲੀ ਦਲ ਦੇ ਸਭ ਤੋਂ ਮਜ਼ਬੂਤ ਉਮੀਦਵਾਰ ਮੰਨੇ ਜਾਂਦੇ ਜਗਜੀਵਨ ਸਿੰਘ ਖੀਰਨੀਆਂ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਦੂਸਰੇ ਪਾਸੇ ਨੌਜਵਾਨ ਆਗੂ ਤੇ ਯੂਥ ਵਿੰਗ ਕੋਰ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਢਿੱਲੋਂ ਤੋਂ ਇਲਾਵਾ ਯੂਥ ਵਿੰਗ ਦਿਹਾਤੀ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ ਵੀ ਪ੍ਰਮੁੱਖ ਦਾਅਵੇਦਾਰ ਵੱਜੋਂ ਉੱਭਰ ਕੇ ਸਾਹਮਣੇ ਆ ਰਹੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਸਮਰਾਲਾ ਤੋਂ ਅਕਾਲੀ ਦਲ ਦੇ ਨਵੇਂ ਇੰਚਾਰਜ ਤੇ ਪਾਰਟੀ ਉਮੀਦਵਾਰ ਦਾ ਮਾਮਲਾ ਸੁਖਬੀਰ ਸਿੰਘ ਬਾਦਲ ਦੇ ਦਰਬਾਰ ਪੁੱਜਾ ਅਤੇ ਜੱਥੇ. ਸੰਤਾ ਸਿੰਘ ਉਮੈਦਪੁਰ ਸਮਰਾਲਾ ਦੇ ਸਾਰੇ ਸਰਕਲ ਜੱਥੇਦਾਰਾਂ ਤੋਂ ਇਲਾਵਾ ਕੁੱਝ ਕੁ ਪ੍ਰਮੁੱਖ ਆਗੂਆਂ ਨੂੰ ਨਾਲ ਲੈ ਕੇ ਲੰਬੀ ਵਿਖੇ ਵੀ ਪੁੱਜੇ, ਜਿੱਥੇ ਉਨ੍ਹਾਂ ਬਾਦਲ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : ਪੰਜਾਬੀ ਫ਼ਿਲਮ ਇੰਡਸਟਰੀ ਲਈ ਬੁਰੀ ਖ਼ਬਰ, ਮਸ਼ਹੂਰ ਅਦਾਕਾਰ ਤੇ ਡਾਇਰੈਕਟਰ 'ਸੁਖਜਿੰਦਰ ਸ਼ੇਰਾ' ਦੀ ਮੌਤ
ਇਹ ਵੀ ਜਾਣਕਾਰੀ ਮਿਲੀ ਹੈ ਕਿ ਉੱਥੇ ਜੱਥੇ. ਉਮੈਦਪੁਰ ਤੋਂ ਇਲਾਵਾ ਸਰਕਲ ਜੱਥੇਦਾਰ ਤੇ ਅਕਾਲੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਸਿਫ਼ਾਰਸ਼ ਕੀਤੀ ਕਿ ਇੱਥੋਂ ਕਾਂਗਰਸ ਪਾਰਟੀ ਦੇ ਮਜ਼ਬੂਤ ਤੇ ਸਰਮਾਏਦਾਰ ਉਮੀਦਵਾਰ ਦਾ ਮੁਕਾਬਲਾ ਕਰਨ ਲਈ ਪਾਰਟੀ ਵੀ ਅਜਿਹੇ ਕੱਦ ਵਾਲਾ ਉਮੀਦਵਾਰ ਮੈਦਾਨ ’ਚ ਉਤਾਰੇ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਮੀਟਿੰਗ ’ਚ ਜੱਥੇ. ਉਮੈਦਪੁਰ ਤੇ ਅਕਾਲੀ ਆਗੂਆਂ ਨੇ ਨੌਜਵਾਨ ਆਗੂ ਪਰਮਜੀਤ ਸਿੰਘ ਢਿੱਲੋਂ ਦੇ ਨਾਮ ਦੀ ਪੇਸ਼ਕਸ ਕੀਤੀ, ਜਿਸ ਤੋਂ ਬਾਅਦ ਹਲਕਾ ਸਮਰਾਲਾ ਦੀ ਸਿਆਸਤ ’ਚ ਉਮੀਦਵਾਰਾਂ ਨੂੰ ਲੈ ਕੇ ਜਿੱਥੇ ਠੰਡੀ ਜੰਗ ਛਿੜ ਪਈ ਹੈ, ਉੱਥੇ ਢਿੱਲੋਂ ਨੇ ਵੀ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਨੌਜਵਾਨ ਅਕਾਲੀ ਆਗੂ ਪਰਮਜੀਤ ਸਿੰਘ ਢਿੱਲੋਂ ਹਲਕਾ ਸਮਰਾਲਾ ਤੋਂ 4 ਵਾਰ ਵਿਧਾਇਕ ਰਹਿ ਚੁੱਕੇ ਅਮਰੀਕ ਸਿੰਘ ਢਿੱਲੋਂ ਦੇ ਰਿਸ਼ਤੇ ’ਚ ਪੋਤੇ ਲੱਗਦੇ ਹਨ। ਸੁਖਬੀਰ ਸਿੰਘ ਬਾਦਲ ਦੇ ਦਰਬਾਰ ’ਚ ਪਰਮਜੀਤ ਸਿੰਘ ਢਿੱਲੋਂ ਦੇ ਨਾਮ ਦੀ ਪੇਸ਼ਕਸ ਹੋਣ ਤੋਂ ਬਾਅਦ ਇੱਥੋਂ ਪਾਰਟੀ ਦੇ ਪ੍ਰਮੁੱਖ ਦਾਅਵੇਦਾਰ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵੀ ਆਪਣੀ ਹੀ ਪਾਰਟੀ ਦੇ ਜੱਥੇ. ਉਮੈਦਪੁਰ ਤੋਂ ਕਾਫ਼ੀ ਖਫ਼ਾ ਦਿਖਾਈ ਦਿੱਤੇ ਪਰ ਉਨ੍ਹਾਂ ਆਪਣੀ ਨਾਰਾਜ਼ਗੀ ਖੁੱਲ੍ਹ ਕੇ ਪ੍ਰਗਟ ਕਰਨ ਦੀ ਬਜਾਏ ਅਕਾਲੀ ਹਾਈਕਮਾਂਡ ਤੱਕ ਪਹੁੰਚ ਕੀਤੀ ਕਿ ਉਨ੍ਹਾਂ ਦੇ ਪਿਤਾ ਸਵ. ਜੱਥੇਦਾਰ ਕ੍ਰਿਪਾਲ ਸਿੰਘ ਖੀਰਨੀਆਂ ਨੇ ਜਿੱਥੇ ਪਾਰਟੀ ਲਈ ਕਈ ਕੁਰਬਾਨੀਆਂ ਕੀਤੀਆਂ, ਉੱਥੇ ਹਮੇਸ਼ਾ ਔਖੇ ਸਮੇਂ ’ਚ ਵਫ਼ਾਦਾਰੀ ਦਿਖਾਈ। ਇਸ ਲਈ ਹਲਕਾ ਸਮਰਾਲਾ ਤੋਂ ਪਾਰਟੀ ਖੀਰਨੀਆਂ ਪਰਿਵਾਰ ਨੂੰ ਹੀ ਟਿਕਟ ਦੇ ਕੇ ਨਿਵਾਜ਼ੇ। ਅਕਾਲੀ ਹਾਈਕਮਾਂਡ ਤੱਕ ਆਪਣਾ ਪੱਖ ਰੱਖਣ ਤੋਂ ਬਾਅਦ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਹਲਕਾ ਸਮਰਾਲਾ ਦੇ ਪਿੰਡਾਂ ’ਚ ਇਕਦਮ ਸਰਗਰਮੀਆਂ ਤੇਜ਼ ਕਰ ਦਿੱਤੀਆਂ ਅਤੇ ਲੋਕਾਂ ਤੋਂ ਇਲਾਵਾ ਅਕਾਲੀ ਵਰਕਰਾਂ ਨਾਲ ਰਾਬਤਾ ਕਾਇਮ ਕਰ ਆਪਣਾ ਆਧਾਰ ਹੋਰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ 'ਪੰਜਾਬ ਕੈਬਨਿਟ' ਦੀ ਅਹਿਮ ਬੈਠਕ ਅੱਜ, Lockdown ਬਾਰੇ ਹੋ ਸਕਦੀ ਹੈ ਚਰਚਾ
ਹਲਕਾ ਸਮਰਾਲਾ ਦੇ ਲੋਕਾਂ ’ਚ ਇਹ ਵੀ ਚਰਚਾ ਹੈ ਕਿ ਇੱਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਦਾ ਜੇਕਰ ਕੋਈ ਜ਼ਬਰਦਸਤ ਮੁਕਾਬਲਾ ਕਰ ਸਕਦਾ ਹੈ ਤਾਂ ਉਹ ਖੀਰਨੀਆਂ ਪਰਿਵਾਰ ਹੈ ਕਿਉਂਕਿ ਸਾਬਕਾ ਵਿਧਾਇਕ ਖੀਰਨੀਆਂ 2017 ਦੀਆਂ ਚੋਣਾਂ ਸਮੇਂ ਟਿਕਟ ਨਾ ਮਿਲਣ ਦੇ ਬਾਵਜੂਦ ਵੀ ਪਿਛਲੇ ਸਾਢੇ 4 ਸਾਲਾਂ ਤੋਂ ਲੋਕ ਸੇਵਾ ਤੇ ਉਨ੍ਹਾਂ ਦੇ ਦੁੱਖ-ਸੁੱਖ ’ਚ ਸ਼ਾਮਲ ਹੁੰਦਾ ਆ ਰਿਹਾ ਹੈ ਅਤੇ ਇਸ ਪਰਿਵਾਰ ਦਾ ਆਪਣਾ ਵੀ ਮਜ਼ਬੂਤ ਆਧਾਰ ਹੈ। ਦੂਸਰੇ ਪਾਸੇ ਸਿਆਸੀ ਗਲਆਰਿਆਂ ’ਚ ਇਹ ਵੀ ਚਰਚਾ ਹੈ ਕਿ ਸੁਖਬੀਰ ਬਾਦਲ ਦੇ ਦਰਬਾਰ ’ਚ ਅਕਾਲੀ ਦਲ ਦੇ ਨੌਜਵਾਨ ਆਗੂ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਸਮਰਾਲਾ ਤੋਂ ਟਿਕਟ ਲਈ ਹਾਂ-ਪੱਖੀ ਹੁੰਗਾਰਾ ਭਰਿਆ ਗਿਆ ਹੈ ਅਤੇ ਆਪਣੀਆਂ ਸਰਗਰਮੀਆਂ ਤੇਜ਼ ਕਰ ਪਾਰਟੀ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਕਾਲੀ ਦਲ ’ਚ ਖੀਰਨੀਆਂ ਤੇ ਪਰਮਜੀਤ ਸਿੰਘ ਢਿੱਲੋਂ ਤੋਂ ਇਲਾਵਾ ਤੀਜੇ ਪ੍ਰਮੁੱਖ ਦਾਅਵੇਦਾਰ ਯੂਥ ਵਿੰਗ ਦਿਹਾਤੀ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ ਵੱਲੋਂ ਵੀ ਇਸ ਟਿਕਟ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਇਨ੍ਹਾਂ ਤਿੰਨਾਂ ’ਚੋਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕੌਣ ਉਮੀਦਵਾਰ ਹੋਵੇਗਾ, ਇਸ ਦਾ ਫ਼ੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਵਿਚ ਹੈ।
ਖੀਰਨੀਆਂ ਸਮਰਥਕ ਇਸ ਵਾਰ ਆਰ-ਪਾਰ ਦੀ ਲੜਾਈ ਲੜਨ ਦੇ ਰੋਅ ’ਚ
ਹਲਕਾ ਸਮਰਾਲਾ ਤੋਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੂੰ ਜਿੱਥੇ ਪੂਰੀ ਆਸ ਹੈ ਕਿ ਅਕਾਲੀ ਹਾਈਕਮਾਂਡ ਉਨ੍ਹਾਂ ਦੇ ਪਰਿਵਾਰ ’ਚੋਂ ਕਿਸੇ ਨੂੰ ਵੀ ਟਿਕਟ ਦੇ ਕੇ ਮੈਦਾਨ ’ਚ ਉਤਾਰੇਗੀ ਪਰ ਦੂਸਰੇ ਪਾਸੇ ਉਨ੍ਹਾਂ ਦੇ ਸਮਰਥਕ ਨਵੇਂ ਉਮੀਦਵਾਰਾਂ ਦੇ ਚੋਣ ਮੈਦਾਨ ’ਚ ਆਉਣ ਤੋਂ ਬਾਅਦ ਇਸ ਵਾਰ ਆਰ-ਪਾਰ ਦੀ ਲੜਾਈ ਲੜਨ ਦੇ ਰੋਅ ’ਚ ਦਿਖਾਈ ਦੇ ਰਹੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਜਦੋਂ ਖੀਰਨੀਆਂ ਪਰਿਵਾਰ ਨੂੰ ਟਿਕਟ ਨਾ ਮਿਲੀ ਤਾਂ ਨਾਲ ਲੱਗਦੇ ਹਲਕੇ ਸਾਹਨੇਵਾਲ ਤੋਂ ਆਗੂ ਜੱਥੇ. ਸੰਤਾ ਸਿੰਘ ਉਮੈਦਪੁਰ ਨੂੰ ਮੈਦਾਨ ’ਚ ਉਤਾਰ ਦਿੱਤਾ ਗਿਆ ਸੀ ਅਤੇ ਉਸ ਸਮੇਂ ਵੀ ਖੀਰਨੀਆਂ ਪਰਿਵਾਰ ਦੇ ਸਮਰਥਕਾਂ ਵੱਲੋਂ ਪਾਰਟੀ ਪ੍ਰਤੀ ਬਗਾਵਤੀ ਤੇਵਰ ਦਿਖਾਉਣੇ ਸ਼ੁਰੂ ਕੀਤੇ ਗਏ ਸਨ। ਉਸ ਸਮੇਂ ਅਕਾਲੀ ਦਲ ਦੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਸਵ. ਜੱਥੇ. ਕ੍ਰਿਪਾਲ ਸਿੰਘ ਖੀਰਨੀਆਂ ਨੇ ਪਾਰਟੀ ਨਾਲ ਵਫ਼ਾਦਾਰੀ ਦਿਖਾਉਂਦਿਆਂ ਆਪਣੇ ਸਮਰਥਕਾਂ ਨੂੰ ਅਕਾਲੀ ਦਲ ਦਾ ਸਾਥ ਦੇਣ ਲਈ ਰਜ਼ਾਮੰਦ ਕੀਤਾ ਸੀ। ਇਸ ਵਾਰ ਹਾਲਾਤ ਕੁੱਝ ਬਦਲਦੇ ਦਿਖਾਈ ਦੇ ਰਹੇ ਹਨ ਅਤੇ ਜੇਕਰ ਖੀਰਨੀਆਂ ਪਰਿਵਾਰ ਨੂੰ ਟਿਕਟ ਨਾ ਮਿਲੀ ਤਾਂ ਉਨ੍ਹਾਂ ਦੇ ਸਮਰਥਕਾਂ ਵੱਲੋਂ ਇਸ ਗੱਲ ’ਤੇ ਪੂਰਾ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਸ ਵਾਰ ਆਜ਼ਾਦ ਜਾਂ ਕਿਸੇ ਹੋਰ ਪਾਰਟੀ ਨਾਲ ਗਠਜੋੜ ਕਰ 2022 ਦੀ ਚੋਣ ਜ਼ਰੂਰ ਲੜੀ ਜਾਵੇ। ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵੱਲੋਂ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਵਫ਼ਾਦਾਰੀ ਦਿਖਾਉਂਦਿਆਂ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਉਹ ਭਵਿੱਖ ’ਚ ਉਨ੍ਹਾਂ ਦੀ ਸਿਆਸੀ ਰਣਨੀਤੀ ਹਲਕਾ ਸਮਰਾਲਾ ’ਚ 2022 ਦੀ ਚੋਣ ’ਚ ਅਹਿਮ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਵਟਸਐਪ 'ਤੇ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਹੁਣ ਘਰ 'ਤੇ ਹੋਈ ਫਾਇਰਿੰਗ ਨੇ ਪਰਿਵਾਰ ਦੇ ਸਾਹ ਸੂਤੇ
NEXT STORY