ਬੁਢਲਾਡਾ (ਬਾਂਸਲ, ਮਨਚੰਦਾ)-ਰੇਤ ਮਾਫੀਆ ਦੀ ਧੱੱਕੇਸ਼ਾਹੀ ਦੇ ਖਿਲਾਫ ਸਥਾਨਕ ਰੇਤ-ਬਜਰੀ ਵਿਕਰੇਤਾਵਾਂ ਵੱਲੋਂ ਸ਼ੁਰੂ ਕੀਤਾ ਗਿਆ ਸੰੰਘਰਸ਼ ਮੁੱਖ ਮਤਰੀ ਦੀ ਮਾਨਸਾ ਫੇਰੀ ਤੋਂ ਪਹਿਲਾਂ ਅੱਜ ਸਥਾਨਕ ਪ੍ਰਸ਼ਾਸਨ ਦੀ ਦਖਲ-ਅੰਦਾਜ਼ੀ ਕਰਨ ਤੋਂ ਬਾਅਦ ਸਥਾਨਕ ਦੁਕਾਨਦਾਰਾਂ ਨੇ ਸੁੱਖ ਦਾ ਸਾਹ ਲਿਆ। ਇਸ ਸਬੰਧੀ ਸਥਾਨਕ ਸਬ ਡਵੀਜ਼ਨ ਪੱਧਰ 'ਤੇ ਐੱਸ. ਡੀ. ਐੱਮ. ਦਫਤਰ ਦੇ ਅੰਦਰ ਸਾਂਝੀ ਬੈਠਕ ਬੁਲਾਈ ਗਈ। ਇਸ ਬੈਠਕ 'ਚ ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿੱਲੋਂ ਨੇ ਕਿਹਾ ਕਿ ਰੇਤ-ਬਜਰੀ ਖਰੀਦਣ ਅਤੇ ਬਾਹਰੋਂ ਲਿਆਉਣ ਲਈ ਟਰੱਕ ਯੂਨੀਅਨ ਦੀ ਦਖਲ-ਅੰਦਾਜ਼ੀ ਬੰਦ ਕਰ ਦਿੱਤੀ ਗਈ ਹੈ। ਇਸ ਸਬੰਧੀ ਯੂਨੀਅਨ ਵੱਲੋਂ ਲਿਖਤੀ ਤੌਰ 'ਤੇ ਵੀ ਪ੍ਰਸ਼ਾਸਨ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਟਰੱਕ ਯੂਨੀਅਨ ਦਾ ਨੁਮਾਇੰਦਾ ਦੁਕਾਨਦਾਰਾਂ ਨਾਲ ਧੱਕੇਸ਼ਾਹੀ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ, ਕਾਰਵਾਈ ਹੋਵੇਗੀ।
ਇਸ ਮੌਕੇ ਡੀ. ਐੱਸ. ਪੀ. ਰਛਪਾਲ ਸਿੰਘ, ਤਹਿਸੀਲਦਾਰ ਸੁਰਿੰਦਰ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਦੋਦੜਾ, ਕੇਸੀ ਬਾਵਾ, ਰੇਤ-ਬਜਰੀ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੋਰਾ ਲਾਲ, ਐੱਸ. ਐੱਚ. ਓ. ਸਿਟੀ ਬੁਢਲਾਡਾ ਸਣੇ ਵੱਡੀ ਗਿਣਤੀ 'ਚ ਦੁਕਾਨਦਾਰ ਅਤੇ ਟਰੱਕ ਯੂਨੀਅਨ ਦੇ ਨੁਮਾਇੰਦੇ ਹਾਜ਼ਰ ਸਨ।
ਕੀ ਕਹਿਣਾ ਹੈ ਪੁਲਸ ਦਾ
ਡੀ. ਐੱਸ. ਪੀ. ਰਛਪਾਲ ਸਿੰਘ ਦਾ ਕਹਿਣਾ ਹੈ ਕਿ ਕਿਸੇ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦੁਕਾਨਦਾਰ ਪੁਲਸ ਨੂੰ ਸ਼ਿਕਾਇਤ ਕਰਨ ਤੁਰੰਤ ਕਾਰਵਾਈ ਹੋਵੇਗੀ।
ਕੀ ਕਹਿਣਾ ਹੈ ਰੇਤ-ਬਜਰੀ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਦਾ
ਪ੍ਰਧਾਨ ਗੋਰਾ ਲਾਲ ਨੇ ਕਿਹਾ ਕਿ ਅੱਜ ਪ੍ਰਸ਼ਾਸਨ ਦੇ ਭਰੋਸੇ 'ਤੇ ਅਸੀਂ ਇਸ ਫੈਸਲੇ ਤੋਂ ਸੰਤੁਸ਼ਟ ਹਾਂ। ਉਨ੍ਹਾਂ ਕਿਹਾ ਕਿ ਇਸ ਫੈਸਲੇ ਕਾਰਨ ਖਾਸ ਕਰ ਕੇ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਅੱਜ ਮਾਰਕੀਟ 'ਚ ਰੋਜ਼ਾਨਾ ਰੇਟਾਂ ਅਨੁਸਾਰ ਰੇਤ ਦਾ ਭਾਅ ਅਨੁਕੂਲ ਹੈ।
ਵਰਨਣਯੋਗ ਹੈ ਕਿ ਰੇਤ ਮਾਫੀਆ ਦੀ ਧੱਕੇਸ਼ਾਹੀ ਖਿਲਾਫ ਕਾਰੋਬਾਰ ਬੰਦ ਕਰ ਕੇ ਰੇਤ-ਬਜਰੀ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਚਾਬੀਆਂ ਮੁੱਖ ਮੰਤਰੀ ਨੂੰ ਦੇਣ ਦਾ ਫੈਸਲਾ ਕੀਤਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਤ-ਬਜਰੀ ਵਿਕਰੇਤਾ ਯੂਨੀਅਨ ਦੇ ਪ੍ਰਧਾਨ ਗੋਰਾ ਲਾਲ ਭੱਠਲ ਨੇ ਕਿਹਾ ਸੀ ਕਿ ਬੁਢਲਾਡਾ 'ਚ ਪੈਦਾ ਹੋਏ ਨਵੇਂ ਰੇਤ ਮਾਫੀਆ ਕਾਰਨ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸਥਾਨਕ ਸ਼ਹਿਰ ਦੇ ਰੇਤ-ਬਜਰੀ ਦੁਕਾਨਦਾਰਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੇ ਕੁਝ ਆਪੇ ਬਣੇ ਰੇਤ ਮਾਫੀਆ ਠੇਕੇਦਾਰਾਂ ਦੇ ਖਿਲਾਫ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ।
ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਨਵੇਂ ਰੇਤ ਮਾਫੀਆ ਦੇ ਠੇਕੇਦਾਰ ਪਿਛਲੇ ਕੁਝ ਦਿਨਾਂ ਤੋਂ ਦੁਕਾਨਾਂ 'ਤੇ ਉਤਰਨ ਵਾਲੀਆਂ ਬਜਰੀ ਜਾਂ ਰੇਤ ਦੀਆਂ ਗੱਡੀਆਂ ਨੂੰ ਜਬਰੀ ਰੋਕ ਕੇ ਸਰਕਾਰ ਦੇ ਨਾਂ 'ਤੇ ਡਰਾਵੇ ਦਿੰਦੇ ਹਨ ਕਿ ਗੱਡੀਆਂ ਸਿੱਧੀਆਂ ਲੁਹਾਉਣ ਦੀ ਬਜਾਏ ਉਨ੍ਹਾਂ ਪਾਸੋਂ ਮਾਲ ਖਰੀਦਿਆ ਜਾਵੇ, ਜਿਸ ਕਾਰਨ ਸਮੂਹ ਦੁਕਾਨਦਾਰਾਂ 'ਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ 'ਤੇ ਲੋਕਾਂ ਨੂੰ ਆਸ ਬੱਝੀ ਸੀ ਕਿ ਰੇਤ ਮਾਫੀਏ 'ਤੇ ਸ਼ਿਕੰਜਾ ਕੱਸਿਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਪਰ ਹੁਣ ਨਵੇਂ ਉਠੇ ਮਾਫੀਏ ਕਾਰਨ ਦੁਕਾਨਦਾਰਾਂ ਤੋਂ ਪ੍ਰਤੀ ਗੱਡੀ 5000 ਤੋਂ 7500 ਰੁਪਏ ਤੱਕ ਦੇ ਮਾਫੀਆ ਟੈਕਸ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨਾਲ ਰੇਤ-ਬਜਰੀ ਦਾ ਭਾਅ ਵਧਣਾ ਸੁਭਾਵਿਕ ਹੈ।
ਦੁਕਾਨਦਾਰਾਂ ਨੇ ਮੰਗ ਕੀਤੀ ਕਿ ਸਰਕਾਰ ਜਾਂ ਪ੍ਰਸ਼ਾਸਨ ਇਸ ਸਬੰਧੀ ਨੀਤੀ ਸਪੱਸ਼ਟ ਕਰੇ ਤਾਂ ਜੋ ਦੁਕਾਨਦਾਰਾਂ ਅਤੇ ਲੋਕਾਂ ਨੂੰ ਰਾਹਤ ਮਿਲ ਸਕੇ। ਬੁਲਾਰਿਆਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਸਬੰਧੀ ਮਸਲਾ ਹੱਲ ਨਾ ਹੋਇਆ ਤਾਂ ਦੁਕਾਨਦਾਰ ਮਜਬੂਰਨ ਸੰਘਰਸ਼ ਕਰਨਗੇ।
ਸ਼ਤਾਬਦੀ ਤੇ ਨੰਗਲ ਡੈਮ ਐਕਸਪ੍ਰੈੱਸ ਨਾਲ ਟਕਰਾਇਆ ਸਾਨ੍ਹ
NEXT STORY