ਜਲੰਧਰ (ਗੁਲਸ਼ਨ) - ਵੀਰਵਾਰ ਨੂੰ ਜਲੰਧਰ-ਸੂਰਾਨੁੱਸੀ ਦਰਮਿਆਨ ਪੈਂਦਾ ਰਾਮਨਗਰ ਰੇਲ ਮਾਰਗ ਲਈ ਬਹੁਤ ਮੰਦਭਾਗਾ ਰਿਹਾ। ਜਾਣਕਾਰੀ ਮੁਤਾਬਿਕ ਵੀਰਵਾਰ ਬਾਅਦ ਦੁਪਹਿਰ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਤੇ ਅੰਮ੍ਰਿਤਸਰ ਤੋਂ ਨੰਗਲ ਡੈਮ ਜਾਣ ਵਾਲੀ ਨੰਗਲ ਡੈਮ ਐਕਸਪ੍ਰੈੱਸ ਨਾਲ ਸਾਨ੍ਹ ਟਕਰਾ ਗਿਆ, ਜਿਸ ਕਾਰਨ ਦੋਵੇਂ ਟਰੇਨਾਂ ਲਗਭਗ ਪੌਣਾ ਘੰਟਾ ਉਥੇ ਖੜ੍ਹੀਆਂ ਰਹੀਆਂ। ਹੈਰਾਨੀ ਵਾਲੀ ਗੱਲ ਹੈ ਕਿ ਦੋਵੇਂ ਹੀ ਹਾਦਸੇ ਕੁਝ ਹੀ ਮਿੰਟਾਂ ਦੇ ਵਕਫੇ ਨਾਲ ਹੋਏ। ਸ਼ਤਾਬਦੀ ਟਰੇਨ ਨਾਲ ਸਾਨ੍ਹ ਦੇ ਟਕਰਾਉਣ ਕਾਰਨ ਟਰੇਨ ਦਾ ਪਾਈਪ ਫਟ ਗਿਆ। ਟਰੇਨ ਦੇ ਗਾਰਡ ਨੇ ਇਸ ਦੀ ਸੂਚਨਾ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ। ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਫਟੀ ਹੋਈ ਪਾਈਪ ਬਦਲ ਕੇ ਟਰੇਨ ਨੂੰ ਰਵਾਨਾ ਕੀਤਾ।
ਇਸ ਘਟਨਾ ਤੋਂ 45 ਮਿੰਟ ਬਾਅਦ ਅੰਮ੍ਰਿਤਸਰ ਤੋਂ ਆ ਰਹੀ ਨੰਗਲ ਡੈਮ ਐਕਸਪ੍ਰੈੱਸ ਨਾਲ ਇਕ ਸਾਨ੍ਹ ਆ ਟਕਰਾਇਆ ਗਿਆ। ਟਰੇਨ ਨਾਲ ਟਕਰਾ ਕੇ ਸਾਨ੍ਹ ਬੁਰੀ ਤਰ੍ਹਾਂ ਕੱਟ ਕੇ ਹੇਠਾਂ ਫਸ ਗਿਆ ਤੇ ਰੇਲਵੇ ਟਰੈਕ ਜਾਮ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪਾਥਵੇ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪੁੱਜੇ ਤੇ ਬੜੀ ਮੁਸ਼ੱਕਤ ਨਾਲ ਟਰੇਨ ਹੇਠਾਂ ਫਸੇ ਸਾਨ੍ਹ ਨੂੰ ਕੱਢਿਆ। ਲਾਈਨ ਕਲੀਅਰ ਹੋਣ ਤੋਂ ਬਾਅਦ ਟਰੇਨ ਨੂੰ ਉਥੋਂ ਰਵਾਨਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਅਕਸਰ ਰੇਲਵੇ ਲਾਈਨਾਂ ਨਾਲ ਘੁੰਮਣ ਵਾਲੇ ਆਵਾਰਾ ਪਸ਼ੂ ਟਰੇਨਾਂ ਨਾਲ ਟਕਰਾ ਜਾਂਦੇ ਹਨ ਜਿਸ ਨਾਲ ਟਰੇਨਾਂ ਦਾ ਨੁਕਸਾਨ ਹੋਣ ਤੋਂ ਇਲਾਵਾ ਟਰੇਨਾਂ ਦੇ ਪੱਟੜੀ ਤੋਂ ਉਤਰਨ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਰੱਬ ਦਾ ਸ਼ੁਕਰ ਹੋਇਆ ਕਿ ਅੱਜ ਹੋਏ ਦੋਵਾਂ ਹਾਦਸਿਆਂ ਵਿਚ ਦੋਵਾਂ ਸਾਨ੍ਹਾਂ ਦੇ ਮਰਨ ਤੋਂ ਇਲਾਵਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਦੂਜੇ ਪਾਸੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ ਚੰਡੀਗੜ੍ਹ ਇੰਟਰਸਿਟੀ ਐਕਸਪ੍ਰੈੱਸ ਜਦੋਂ ਕਰਤਾਰਪੁਰ ਕੋਲ ਪਹੁੰਚੀ ਤਾਂ ਉਸਦੇ ਅੱਗੇ ਵੀ ਇਕ ਪਸ਼ੂ ਦੇ ਆਉਣ ਦੀ ਸੂਚਨਾ ਮਿਲੀ ਸੀ ਪਰ ਇਸਦੀ ਪੁਸ਼ਟੀ ਨਹੀਂ ਹੋ ਸਕੀ।
ਚੰਡੀਗੜ੍ਹ 'ਚੋਂ ਹਟਣਗੇ ਹਵਾ ਪ੍ਰਦੂਸ਼ਣ ਵਧਾਉਣ ਵਾਲੇ ਰੁੱਖ
NEXT STORY