ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਕੈਂਸਰ ਵਰਗੀ ਭਿਆਨਕ ਬੀਮਾਰੀ ਦੀ ਗੰਭੀਰਤਾ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਸਦੇ ਮਰੀਜ਼ਾਂ ਦੀ ਵਿੱਤੀ ਸਹਾਇਤਾ ਲਈ ਮੁੱਖ ਮੰਤਰੀ ਰਾਹਤ ਕੋਸ਼ ਸਕੀਮ ਚਲਾਈ ਜਾ ਰਹੀ ਹੈ, ਜਿਸ ਤਹਿਤ ਮਰੀਜ਼ਾਂ ਨੂੰ ਕੈਂਸਰ ਦੇ ਇਲਾਜ ਲਈ 1.5 ਲੱਖ ਰੁਪਏ ਤੱਕ ਦੀ ਮਾਲੀ ਮਦਦ ਦਿੱਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਨੇ ਦੱਸਿਆ ਕਿ ਜ਼ਿਲਾ ਬਰਨਾਲਾ ’ਚ ਮੁੱਖ ਮੰਤਰੀ ਰਾਹਤ ਕੋਸ਼ ਸਕੀਮ ਤਹਿਤ ਸਾਲ 2012 ਤੋਂ ਲੈ ਕੇ ਦਸੰਬਰ 2018 ਤੱਕ ਜ਼ਿਲੇ ਦੇ 1388 ਮਰੀਜ਼ਾਂ ਨੂੰ ਲਗਭਗ 17 ਕਰੋਡ਼ 63 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਗੁਪਤਾ ਨੇ ਦੱਸਿਆ ਕਿ ਸਾਲ 2012 ’ਚ 194 ਮਰੀਜ਼ਾਂ ਨੂੰ 1 ਕਰੋਡ਼ 85 ਲੱਖ 97 ਹਜ਼ਾਰ 349 ਰੁਪਏ, ਸਾਲ 2013 ’ਚ 154 ਮਰੀਜ਼ਾਂ ਨੂੰ ਇਸ ਸਕੀਮ ਤਹਿਤ 1 ਕਰੋਡ਼ 60 ਲੱਖ 88 ਹਜ਼ਾਰ 325 ਰੁਪਏ, ਸਾਲ 2014 ਵਿਚ 192 ਮਰੀਜ਼ਾਂ ਦੀ 2 ਕਰੋਡ਼ 60 ਲੱਖ 23 ਹਜ਼ਾਰ 900 ਰੁਪਏ, ਸਾਲ 2015 ’ਚ 192 ਮਰੀਜ਼ਾਂ ਨੂੰ 2 ਕਰੋਡ਼ 66 ਲੱਖ 3 ਹਜ਼ਾਰ 500, ਸਾਲ 2016 ’ਚ 229 ਮਰੀਜ਼ਾਂ ਨੂੰ 2 ਕਰੋਡ਼ 89 ਲੱਖ 12 ਹਜ਼ਾਰ ਰੁਪਏ, ਸਾਲ 2017 ’ਚ 238 ਮਰੀਜ਼ਾਂ ਨੂੰ 3 ਕਰੋਡ਼ 22 ਲੱਖ 99 ਹਜ਼ਾਰ 543 ਰੁਪਏ ਅਤੇ ਸਾਲ 2018 ’ਚ 189 ਮਰੀਜ਼ਾਂ ਨੂੰ ਲਗਭਗ 2 ਕਰੋਡ਼ 79 ਲੱਖ 29 ਹਜ਼ਾਰ 500 ਰੁਪਏ ਦੀ ਮਾਲੀ ਸਹਾਇਤਾ ਦੇ ਕੇ ਕੈਂਸਰ ਦੀ ਬੀਮਾਰੀ ਦਾ ਇਲਾਜ ਕਰਵਾਉਣ ’ਚ ਮਦਦ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਨਾਲ ਆਮ ਲੋਕਾਂ ਨੂੰ ਆਰਥਿਕ ਸਹਾਇਤਾ ਦਿੰਦਿਆਂ ਇਸ ਨਾਮੁਰਾਦ ਬੀਮਾਰੀ ਨਾਲ ਲਡ਼ਨ ਲਈ ਹੌਸਲਾ ਅਫ਼ਜ਼ਾਈ ਕੀਤੀ ਜਾ ਰਹੀ ਹੈ। ਗੁਪਤਾ ਨੇ ਕਿਹਾ ਕਿ ਕੈਂਸਰ ਰਾਹਤ ਸਕੀਮ ਦਾ ਲਾਭ ਲੈਣ ਲਈ ਸਿਵਲ ਸਰਜਨ ਦਫ਼ਤਰ ਬਰਨਾਲਾ ਵਿਖੇ ਲਿਖਤੀ ਪ੍ਰੋਫਾਰਮਾ ਭਰ ਕੇ ਦੇਣਾ ਹੁੰਦਾ ਹੈ ਅਤੇ ਇਹ ਪ੍ਰੋਫਾਰਮਾ ਸਿਵਲ ਸਰਜਨ ਦਫ਼ਤਰ ਤੋਂ ਲਿਆ ਜਾ ਸਕਦਾ ਹੈ ਅਤੇ pbhealth.gov.in ਵੈੱਬਸਾਈਟ ’ਤੇ ਵੀ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਫਾਰਮੇ ਦੇ ਤਿੰਨ ਪੰਨੇ ਹੁੰਦੇ ਹਨ, ਪਹਿਲਾ ਫਾਰਮ ਰੋਗੀ ਦੀ ਮੁੱਢਲੀ ਜਾਣਕਾਰੀ ਸਬੰਧੀ ਅਤੇ ਦੂਜਾ ਫਾਰਮ ਖਰਚੇ ਦੇ ਅਨੁਮਾਨ ਸਬੰਧੀ ਇਲਾਜ ਕਰ ਰਹੇ ਡਾਕਟਰ ਵੱਲੋਂ ਭਰਿਆ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਤੀਜਾ ਫਾਰਮ ਮਰੀਜ਼ ਵੱਲੋਂ ਸਵੈ ਘੋਸ਼ਣਾ ਸਬੰਧੀ ਭਰਿਆ ਜਾਂਦਾ ਹੈ। ਗੁਪਤਾ ਨੇ ਦੱਸਿਆ ਕਿ ਸਰਕਾਰੀ ਮੁਲਾਜ਼ਮ ਅਤੇ ਪੈਨਸ਼ਨਰ ਇਸ ਸਕੀਮ ਦਾ ਲਾਭ ਪ੍ਰਾਪਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਕੈਂਸਰ ਪੀਡ਼ਤ ਮਰੀਜ਼ ਜਾਂ ਉਸਦਾ ਸਰਪ੍ਰਸਤ ਅਰਜ਼ੀ ਦੇ ਨਾਲ ਰਿਹਾਰਿਸ਼ ਦੇ ਸਬੂਤ ਵਜੋਂ ਰਾਸ਼ਨ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ ਖੁਦ ਤਸਦੀਕ ਕਰ ਕੇ ਸਿਵਲ ਸਰਜਨ ਦਫ਼ਤਰ ਵਿਖੇ ਦੇ ਸਕਦੇ ਹਨ। ਡਿਪਟੀ ਕਮਿਸ਼ਨਰ ਸ਼੍ਰੀ ਗੁਪਤਾ ਨੇ ਜ਼ਿਲਾ ਬਰਨਾਲਾ ਦੇ ਕੈਂਸਰ ਪੀਡ਼ਤ ਮਰੀਜ਼ਾਂ ਨੂੰ ਪੰਜਾਬ ਸਰਕਾਰ ਵੱਲੋਂ ਮਨੁੱਖਤਾ ਦੇ ਭਲੇ ਲਈ ਚਲਾਈ ਜਾ ਰਹੀ ਮੁੱਖ ਮੰਤਰੀ ਰਾਹਤ ਕੋਸ਼ ਸਕੀਮ ਤਹਿਤ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਪੂਰੀ ਲਗਨ ਅਤੇ ਈਮਾਨਦਾਰੀ ਨਾਲ ਆਪਣਾ ਅਤੇ ਦੇਸ਼ ਦਾ ਭਵਿੱਖ ਬਣਾਉਣ ਲਈ ਸਦਾ ਯਤਨਸ਼ੀਲ ਰਹੀਏ : ਡਾ. ਗਿੱਲ, ਪ੍ਰੋ. ਲਾਲ ਸਿੰਘ
NEXT STORY